ਟੀ-20 ਕ੍ਰਿਕਟ 'ਚ ਵੱਡਾ ਫੇਰਬਦਲ: ਸੂਰਿਯਕੁਮਾਰ ਯਾਦਵ ਦੇ ਹੱਥੋਂ ਨਿਕਲੀ ਕਪਤਾਨੀ, ਹੁਣ ਇਸ ਖਿਡਾਰੀ ਨੂੰ ਸੌਂਪੀ ਜਾ ਸਕਦੀ ਟੀਮ ਇੰਡੀਆ ਦੀ ਕਮਾਨ, ਜਾਣੋ ਕੌਣ ਹੋਏਗਾ ਉਪ-ਕਪਤਾਨ

By:  Lajwinder Kaur June 4th 2026 12:21 PM -- Updated: June 4th 2026 01:15 PM

ਭਾਰਤੀ ਟੀ-20 ਟੀਮ ਦੇ ਕਪਤਾਨ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਹੁਣ ਖ਼ਤਮ ਹੋ ਗਿਆ ਹੈ। 26 ਜੂਨ ਤੋਂ ਆਇਰਲੈਂਡ ਅਤੇ 1 ਜੁਲਾਈ ਤੋਂ ਇੰਗਲੈਂਡ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਲਈ ਸ਼੍ਰੇਅਸ ਅਈਅਰ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਕਸ਼ਰ ਪਟੇਲ ਦੀ ਜਗ੍ਹਾ ਤਿਲਕ ਵਰਮਾ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਸੂਰਿਯਕੁਮਾਰ ਯਾਦਵ ਤੋਂ ਕਪਤਾਨੀ ਵਾਪਸ ਲੈ ਲਈ ਗਈ ਹੈ, ਜਿਸ ਬਾਰੇ ਉਨ੍ਹਾਂ ਨੂੰ ਅੱਜ ਸੂਚਿਤ ਕਰ ਦਿੱਤਾ ਜਾਵੇਗਾ। ਵੀਰਵਾਰ ਨੂੰ ਹੋਣ ਵਾਲੀ ਬੀਸੀਸੀਆਈ ਦੀ ਆਨਲਾਈਨ ਮੀਟਿੰਗ ਵਿੱਚ ਇਸ ਫੈਸਲੇ ਅਤੇ ਟੀਮ ਦੀ ਅਗਵਾਈ ਬਾਰੇ ਰਸਮੀ ਚਰਚਾ ਕੀਤੀ ਜਾਵੇਗੀ।

ਫੈਸਲੇ ‘ਤੇ ਲੱਗੀ ਰਸਮੀ ਮੋਹਰ

ਸੂਰਿਯਕੁਮਾਰ ਯਾਦਵ ਨੂੰ ਹਟਾ ਕੇ ਸ਼੍ਰੇਅਸ ਅਈਅਰ ਨੂੰ ਨਵਾਂ ਕਪਤਾਨ ਬਣਾਉਣ 'ਤੇ ਸਹਿਮਤੀ ਬਣ ਗਈ ਹੈ। ਬੈਠਕ ਵਿੱਚ ਸਿਰਫ਼ ਇਸ ਫੈਸਲੇ 'ਤੇ ਰਸਮੀ ਮੋਹਰ ਲੱਗਣੀ ਬਾਕੀ ਹੈ, ਜਿਸ ਤੋਂ ਬਾਅਦ ਮੁੱਖ ਚੋਣਕਾਰ ਬਾਕੀ ਚੋਣਕਾਰਾਂ ਨਾਲ ਗੱਲਬਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਕੋਚ ਗੌਤਮ ਗੰਭੀਰ ਸੰਜੂ ਸੈਮਸਨ ਨੂੰ ਕਪਤਾਨ ਬਣਾਉਣਾ ਚਾਹੁੰਦੇ ਸਨ, ਪਰ ਬੀਸੀਸੀਆਈ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਇਸ ਨਾਲ ਸਹਿਮਤ ਨਹੀਂ ਸਨ। ਜ਼ਿਕਰਯੋਗ ਹੈ ਕਿ ਅਈਅਰ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਕਿੰਗਜ਼ ਨੂੰ ਫਾਈਨਲ ਤੱਕ ਪਹੁੰਚਾਇਆ ਸੀ, ਪਰ ਇਸ ਵਾਰ ਲਗਾਤਾਰ ਛੇ ਮੈਚ ਹਾਰਨ ਕਾਰਨ ਉਨ੍ਹਾਂ ਦੀ ਟੀਮ ਪਲੇਅ ਆਫ ਵਿੱਚ ਜਗ੍ਹਾ ਨਹੀਂ ਬਣਾ ਸਕੀ ਸੀ।

ਇਸ ਖਿਡਾਰੀ ਦੇ ਹੱਥ ਲੱਗ ਸਕਦੀ ਉਪ ਕਪਤਾਨੀ

ਖਾਸ ਗੱਲ ਇਹ ਹੈ ਕਿ ਆਰਸੀਬੀ (RCB) ਨੂੰ ਲਗਾਤਾਰ ਦੋ ਵਾਰ ਚੈਂਪੀਅਨ ਬਣਾਉਣ ਵਾਲੇ ਰਜਤ ਪਾਟੀਦਾਰ ਨੂੰ ਕਪਤਾਨ ਬਣਾਉਣ ਬਾਰੇ ਕੋਈ ਚਰਚਾ ਨਹੀਂ ਹੋਈ। ਤਿਲਕ ਵਰਮਾ ਨੂੰ ਉਪ-ਕਪਤਾਨ ਬਣਾ ਕੇ ਇੱਕ ਤਰ੍ਹਾਂ ਨਾਲ ਉਨ੍ਹਾਂ ਦੇ ਭਵਿੱਖ ਦਾ ਰਸਤਾ ਵੀ ਰੋਕ ਦਿੱਤਾ ਗਿਆ ਹੈ। ਸੂਰਯਕੁਮਾਰ ਯਾਦਵ ਦੀ ਕਪਤਾਨੀ ਵਿੱਚ ਭਾਰਤ ਨੇ ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ, ਪਰ ਉਨ੍ਹਾਂ ਦਾ ਨਿੱਜੀ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਰਿਹਾ ਹੈ। ਆਈਪੀਐਲ 2026 ਵਿੱਚ ਉਨ੍ਹਾਂ ਨੇ 13 ਮੈਚਾਂ ਵਿੱਚ ਸਿਰਫ਼ 270 ਦੌੜਾਂ ਬਣਾਈਆਂ ਅਤੇ ਉਨ੍ਹਾਂ ਦੀ ਔਸਤ 20.76 ਰਹੀ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ, ਚੋਣਕਾਰਾਂ ਨੇ ਮੌਜੂਦਾ ਫਾਰਮ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਨਵਾਂ ਫੈਸਲਾ ਲਿਆ ਹੈ।

ਦੂਜੇ ਪਾਸੇ, ਸ਼੍ਰੇਅਸ ਅਈਅਰ ਨੇ ਆਈਪੀਐਲ ਵਿੱਚ ਆਪਣੇ ਬੱਲੇ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਭਾਵੇਂ ਪੰਜਾਬ ਕਿੰਗਜ਼ ਪਲੇਅ ਆਫ ਵਿੱਚ ਜਗ੍ਹਾ ਨਹੀਂ ਬਣਾ ਸਕੀ, ਪਰ ਅਈਅਰ ਨੇ 14 ਮੈਚਾਂ ਵਿੱਚ 498 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 168.81 ਰਿਹਾ ਅਤੇ ਉਨ੍ਹਾਂ ਨੇ ਇੱਕ ਸੈਂਕੜਾ ਤੇ ਪੰਜ ਅਰਧ ਸੈਂਕੜੇ ਵੀ ਲਗਾਏ, ਜੋ ਕਿ ਸ਼੍ਰੇਅਸ ਦੇ ਹੱਕ ਵਿੱਚ ਗਏ। ਹੁਣ ਅਈਅਰ ਬੱਲੇਬਾਜ਼ੀ ਵਿੱਚ ਸਿੱਧੇ ਸੂਰਿਯਕੁਮਾਰ ਯਾਦਵ ਦੀ ਜਗ੍ਹਾ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨਗੇ।

ਭਾਵੇਂ ਮੁੱਖ ਕੋਚ ਗੌਤਮ ਗੰਭੀਰ ਸੰਜੂ ਸੈਮਸਨ ਨੂੰ ਕਪਤਾਨ ਬਣਾਉਣ ਦੇ ਹੱਕ ਵਿੱਚ ਸਨ, ਪਰ ਚੋਣ ਕਮੇਟੀ ਦੇ ਕੁਝ ਮੈਂਬਰ ਇਸ ਬਾਰੇ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸੰਜੂ ਦੇ ਪ੍ਰਦਰਸ਼ਨ ਵਿੱਚ ਨਿਰੰਤਰਤਾ ਦੀ ਕਮੀ ਹੈ, ਜੋ ਕਿ ਕਪਤਾਨੀ ਵਰਗੇ ਅਹਿਮ ਅਹੁਦੇ ਲਈ ਬਹੁਤ ਜ਼ਰੂਰੀ ਹੈ। ਸੂਤਰਾਂ ਅਨੁਸਾਰ, ਭਾਵੇਂ ਸੰਜੂ ਸੈਮਸਨ ਨੇ ਹਾਲੀਆ ਟੀ-20 ਵਿਸ਼ਵ ਕੱਪ ਦੇ ਆਖਰੀ ਤਿੰਨ ਮੈਚਾਂ ਵਿੱਚ ਵਧੀਆ ਪਾਰੀਆਂ ਖੇਡੀਆਂ ਸਨ, ਪਰ ਚੋਣਕਾਰਾਂ ਦਾ ਇੱਕ ਵਰਗ ਉਨ੍ਹਾਂ ਨੂੰ ਲੰਬੇ ਸਮੇਂ ਦੇ ਕਪਤਾਨ ਵਜੋਂ ਨਹੀਂ ਦੇਖਦਾ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਚੰਗੀਆਂ ਪਾਰੀਆਂ ਦੇ ਆਧਾਰ 'ਤੇ ਕਪਤਾਨੀ ਦਾ ਫੈਸਲਾ ਲੈਣਾ ਜਲਦਬਾਜ਼ੀ ਹੋਵੇਗੀ।

 


Related Post

ਕ੍ਰਿਕਟ ਜਗਤ ਤੋਂ ਆਈ ਦੁਖਦਾਇਕ ਖਬਰ! ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; ਫੈਨਜ਼ ਨੂੰ ਅੱਜ ਵੀ ਯਾਦ ਨੇ 6 ਗੇਂਦਾਂ 'ਤੇ 6 ਛੱਕੇ ਤੇ ਤੀਹਰਾ ਸੈਂਕੜਾ...
ਪੰਜਾਬੀ ਰੈਸਲਰ ਅਮਨਪ੍ਰੀਤ ਦਾ ਜਲਵਾ, ਇੱਕ ਜ਼ੋਰਦਾਰ ਥੱਪੜ ਦੇ ਨਾਲ WWE ਦਾ ਚੈਂਪੀਅਨ ਬੇਹੋਸ਼; ਜ਼ਮੀਨ 'ਤੇ ਡਿੱਗਿਆ, ਮੁੜ ਕੇ ਉੱਠ ਨਾ ਸਕਿਆ, ਦੇਖੋ ਜਿੱਤ ਦੀ ਵੀਡੀਓ
ਕੌਣ ਬਣੇਗਾ ਇੰਗਲੈਂਡ ਦਾ ਨਵਾਂ ਹੈੱਡ ਕੋਚ? ਰੇਸ ‘ਚ ਸ਼ਾਮਲ ਹਨ ਇਹ 2 ਭਾਰਤੀ ਦਿੱਗਜ
ਟੀ20 ਸੀਰੀਜ਼ ਦੇ ਵਿਚਾਲੇ ਕ੍ਰਿਕਟ ਜਗਤ ਨੂੰ ਵੱਡਾ ਘਾਟਾ: ਮਹਾਨ ਤੇਜ਼ ਗੇਂਦਬਾਜ਼ ਨੇ ਜਨਮਦਿਨ ਵਾਲੇ ਦਿਨ ਹੀ ਤੋੜਿਆ ਦਮ, ਖੇਡ ਜਗਤ ‘ਚ ਪਸਰਿਆ ਮਾਤਮ
ਭਾਰਤੀ ਖੇਡ ਜਗਤ ਨੂੰ ਵੱਡਾ ਘਾਟਾ: 9 ਗੋਲਡ ਮੈਡਲ ਜੇਤੂ ਜਸਪਾਲ ਰਾਣਾ ਦਾ ਦਿਹਾਂਤ, ਦੇਸ਼ ਭਰ 'ਚ ਸੋਗ ਦੀ ਲਹਿਰ
ਭਾਰਤ-ਅਫਗਾਨਿਸਤਾਨ ਕ੍ਰਿਕਟ ਸੀਰੀਜ਼ ਇਸ ਦਿਨ ਤੋਂ ਹੋਏਗੀ ਸ਼ੁਰੂ, ਸ਼ਡਿਊਲ ਸਣੇ ਜਾਣੋ ਕਿਵੇਂ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ

© Copyright Galactic Television & Communications Pvt. Ltd. 2026. All rights reserved.