ਮੈਚ ਖ਼ਤਮ ਹੋਣ ਤੋਂ 15 ਸਕਿੰਟ ਪਹਿਲਾਂ ਭਿਆਨਕ ਹਾਦਸਾ: ਮੈਦਾਨ 'ਤੇ ਲਹੂ-ਲੁਹਾਣ ਭਾਰਤੀ ਖਿਡਾਰੀ…ਤਾਂ ਵੀ ਜਿੱਤ ਕੀਤੀ ਹਾਸਿਲ

ਭਾਰਤੀ ਮਹਿਲਾ ਹਾਕੀ ਟੀਮ ਨੇ ਵਰਲਡ ਕੱਪ ਵਿੱਚ ਦੱਖਣੀ ਅਫਰੀਕਾ ਨੂੰ 6-1 ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਦੀ ਨਾਕਆਊਟ ਪੜਾਅ ਵਿੱਚ ਪਹੁੰਚਣ ਦੀਆਂ ਉਮੀਦਾਂ ਵਧ ਗਈਆਂ ਹਨ। ਹਾਲਾਂਕਿ, ਮੈਚ ਦੇ ਆਖਰੀ ਪਲਾਂ ਵਿੱਚ ਇਸ਼ਿਕਾ ਚੌਧਰੀ ਦੇ ਮੱਥੇ ’ਤੇ ਹਾਕੀ ਸਟਿਕ ਲੱਗਣ ਕਾਰਨ ਉਹ ਜ਼ਖਮੀ ਹੋ ਗਈ ਅਤੇ ਮੈਦਾਨ ਤੋਂ ਬਾਹਰ ਜਾਣਾ ਪਿਆ।

By:  Lajwinder Kaur August 19th 2026 04:34 PM -- Updated: August 19th 2026 04:40 PM

ਮੰਗਲਵਾਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੇ ਇੱਕ ਇਤਿਹਾਸਕ ਜਿੱਤ ਦਰਜ ਕੀਤੀ। ਨੀਦਰਲੈਂਡ ਦੇ ਐਮਸਟੇਲਵੀਨ ਵਿੱਚ ਖੇਡੇ ਗਏ ਮੈਚ ਵਿੱਚ ਟੀਮ ਨੇ ਦੱਖਣੀ ਅਫਰੀਕਾ ਨੂੰ 6-1 ਨਾਲ ਹਰਾਇਆ - ਇਹ ਵਰਲਡ ਕੱਪ ਵਿੱਚ ਭਾਰਤੀ ਮਹਿਲਾ ਟੀਮ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ।

ਮੈਚ ਵਿਚਾਲੇ ਖਿਡਾਰਣ ਹੋਈ ਜ਼ਖਮੀ

ਇਸ ਜਿੱਤ ਨਾਲ ਭਾਰਤ ਦੀ ਨਾਕਆਊਟ ਪੜਾਅ ਵਿੱਚ ਪਹੁੰਚਣ ਦੀਆਂ ਉਮੀਦਾਂ ਹੋਰ ਮਜ਼ਬੂਤ ਹੋ ਗਈਆਂ ਹਨ। ਹਾਲਾਂਕਿ, ਮੈਚ ਖ਼ਤਮ ਹੋਣ ਤੋਂ ਕੁਝ ਸਕਿੰਟ ਪਹਿਲਾਂ ਖਿਡਾਰਣ ਇਸ਼ਿਕਾ ਚੌਧਰੀ ਨੂੰ ਲੱਗੀ ਗੰਭੀਰ ਸੱਟ ਨੇ ਭਾਰਤੀ ਟੀਮ ਦੀ ਚਿੰਤਾ ਵਧਾ ਦਿੱਤੀ ਹੈ।

ਦੱਖਣੀ ਅਫਰੀਕਾ ਨੇ 56ਵੇਂ ਮਿੰਟ ਵਿੱਚ ਆਪਣਾ ਪਹਿਲਾ ਗੋਲ ਕੀਤਾ, ਉਸ ਸਮੇਂ ਤੱਕ ਭਾਰਤ 6 ਗੋਲਾਂ ਦੀ ਬੜ੍ਹਤ ਬਣਾ ਚੁੱਕਾ ਸੀ। ਮੈਚ ਖ਼ਤਮ ਹੋਣ ਵਿੱਚ ਇੱਕ ਮਿੰਟ ਤੋਂ ਵੀ ਘੱਟ ਸਮਾਂ ਬਾਕੀ ਸੀ, ਜਦੋਂ ਡਿਫੈਂਸ ਕਰਦਿਆਂ ਇਸ਼ਿਕਾ ਚੌਧਰੀ ਗੇਂਦ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਦੱਖਣੀ ਅਫਰੀਕੀ ਖਿਡਾਰਨ ਦੀ ਹਾਕੀ ਸਟਿਕ ਦਾ ਪਿਛਲਾ ਹਿੱਸਾ ਇਸ਼ਿਕਾ ਦੇ ਮੱਥੇ ’ਤੇ ਜ਼ੋਰ ਨਾਲ ਲੱਗਿਆ। ਸੱਟ ਇੰਨੀ ਗੰਭੀਰ ਸੀ ਕਿ ਉਨ੍ਹਾਂ ਦੇ ਮੱਥੇ ਤੋਂ ਖੂਨ ਵਹਿਣ ਲੱਗ ਪਿਆ।

ਇੰਝ ਵਾਪਰਿਆ ਹਾਦਸਾ

ਸੱਟ ਲੱਗਦੇ ਹੀ ਇਸ਼ਿਕਾ ਚੌਧਰੀ ਜ਼ਮੀਨ ’ਤੇ ਡਿੱਗ ਗਈ ਅਤੇ ਮੈਡੀਕਲ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਸਪੋਰਟ ਸਟਾਫ ਅਤੇ ਫਿਜ਼ਿਓਥੈਰੇਪਿਸਟ ਨੇ ਖੂਨ ਰੋਕਣ ਲਈ ਟਿਸ਼ੂ ਅਤੇ ਕੱਪੜੇ ਦੀ ਮਦਦ ਲਈ। ਇਸ ਤੋਂ ਬਾਅਦ ਇਸ਼ਿਕਾ ਨੇ ਮੱਥੇ ’ਤੇ ਕੱਪੜਾ ਦਬਾਇਆ ਅਤੇ ਮੈਦਾਨ ਤੋਂ ਬਾਹਰ ਚਲੀ ਗਈ। ਇਸ ਘਟਨਾ ਦੌਰਾਨ ਭਾਰਤੀ ਟੀਮ ਦੀਆਂ ਬਾਕੀ ਖਿਡਾਰਣਾਂ ਵੀ ਕਾਫ਼ੀ ਪਰੇਸ਼ਾਨ ਅਤੇ ਦੁਖੀ ਨਜ਼ਰ ਆਈਆਂ।

ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ 6-1 ਨਾਲ ਕਰਾਰੀ ਹਾਰ ਦਿੱਤੀ। ਸੁਨੇਲਿਤਾ ਟੋਪੋ ਨੇ 11ਵੇਂ ਮਿੰਟ ਵਿੱਚ ਭਾਰਤ ਲਈ ਪਹਿਲਾ ਗੋਲ ਕੀਤਾ, ਜਦਕਿ ਨਵਨੀਤ ਕੌਰ ਨੇ 17ਵੇਂ ਮਿੰਟ ਵਿੱਚ ਦੂਜਾ ਗੋਲ ਦਾਗਿਆ। ਸੁਸ਼ੀਲਾ ਚਾਨੂ ਨੇ 24ਵੇਂ ਅਤੇ ਦੀਪਿਕਾ ਨੇ 38ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤੋਂ ਬਾਅਦ ਲਾਲਰੇਮਸਿਆਮੀ ਨੇ 43ਵੇਂ ਮਿੰਟ ਵਿੱਚ ਗੋਲ ਕੀਤਾ ਅਤੇ ਸਾਕਸ਼ੀ ਰਾਣਾ ਨੇ ਮੈਚ ਵਿੱਚ ਭਾਰਤ ਦਾ ਛੇਵਾਂ ਗੋਲ ਕੀਤਾ।

© Copyright Galactic Television & Communications Pvt. Ltd. 2026. All rights reserved.