ਹਰਮਨਪ੍ਰੀਤ ਕੌਰ ਨੇ ਅਚਾਨਕ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਹੁਣ ਕੌਣ ਸੰਭਾਲੇਗਾ ਕਮਾਨ?
ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਅਚਾਨਕ ਸਾਰੇ ਫਾਰਮੈਟਾਂ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸ਼ੋਸਲ ਮੀਡੀਆ ਉੱਤੇ ਲੰਬੀ-ਚੌੜੀ ਪੋਸਟ ਪਾ ਕੇ ਬਹੁਤ ਹੀ ਭਾਵੁਕ ਮਨ ਦੇ ਨਾਲ ਇਹ ਜਾਣਕਾਰੀ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਅਚਾਨਕ ਸਾਰੇ ਫਾਰਮੈਟਾਂ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਉਹ ਇੱਕ ਖਿਡਾਰਨ ਵਜੋਂ ਭਾਰਤੀ ਟੀਮ ਲਈ ਖੇਡਣਾ ਜਾਰੀ ਰੱਖੇਗੀ। ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਟੀਮ ਨੇ ਹਾਲ ਹੀ ਵਿੱਚ ਏਸ਼ੀਅਨ ਗੇਮਜ਼ ਦੇ ਮਹਿਲਾ ਕ੍ਰਿਕਟ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ।
ਹਰਮਨਪ੍ਰੀਤ ਨੇ ਸਾਲ 2016 ਵਿੱਚ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ ਸੀ। ਇਸ ਤੋਂ ਬਾਅਦ ਸਾਲ 2022 ਵਿੱਚ ਮਿਤਾਲੀ ਰਾਜ ਦੇ ਸੰਨਿਆਸ ਲੈਣ ਮਗਰੋਂ ਉਨ੍ਹਾਂ ਨੂੰ ਵਨਡੇ ਟੀਮ ਦੀ ਕਪਤਾਨੀ ਵੀ ਸੌਂਪੀ ਗਈ। ਹੁਣ ਹਰਮਨਪ੍ਰੀਤ ਦੀ ਉਮਰ ਲਗਭਗ 37 ਸਾਲ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਕਪਤਾਨੀ ਛੱਡਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਦੇ ਅਗਲੇ ਕਪਤਾਨ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸਮ੍ਰਿਤੀ ਮੰਧਾਨਾ ਦਾ ਨਾਮ ਨਵੇਂ ਕਪਤਾਨ ਵਜੋਂ ਚਰਚਾ ਵਿੱਚ ਹੈ।
ਸੋਸ਼ਲ ਮੀਡੀਆ ’ਤੇ ਲੰਬੀ ਪੋਸਟ ਲਿਖ ਕੇ ਕੀਤਾ ਐਲਾਨ
ਹਰਮਨਪ੍ਰੀਤ ਕੌਰ ਨੇ ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਅਤੇ ਲੰਬੀ ਪੋਸਟ ਸਾਂਝੀ ਕਰਕੇ ਕਪਤਾਨੀ ਛੱਡਣ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੀ ਪੋਸਟ ਦੀ ਸ਼ੁਰੂਆਤ ਵਿੱਚ ਹੀ ਸਪੱਸ਼ਟ ਕਰ ਦਿੱਤਾ ਕਿ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸਾਰੇ ਫਾਰਮੈਟਾਂ ਦੀ ਕਪਤਾਨੀ ਤੋਂ ਹਟ ਰਹੀ ਹੈ।
ਹਰਮਨਪ੍ਰੀਤ ਨੇ ਕਿਹਾ ਕਿ ਇਹ ਉਨ੍ਹਾਂ ਲਈ ਆਸਾਨ ਫੈਸਲਾ ਨਹੀਂ ਸੀ। ਇਸ ਫੈਸਲੇ ਨਾਲ ਕਈ ਸਾਲਾਂ ਦੀਆਂ ਯਾਦਾਂ, ਭਾਵਨਾਵਾਂ, ਕੁਰਬਾਨੀਆਂ ਅਤੇ ਅਜਿਹੇ ਪਲ ਜੁੜੇ ਹੋਏ ਹਨ, ਜੋ ਉਨ੍ਹਾਂ ਦੇ ਨਾਲ ਸਾਰੀ ਜ਼ਿੰਦਗੀ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਟੀਮ ਅਤੇ ਭਾਰਤੀ ਮਹਿਲਾ ਕ੍ਰਿਕਟ ਨੂੰ ਆਪਣਾ ਸਭ ਕੁਝ ਦਿੱਤਾ ਹੈ। ਇਸ ਵਿੱਚ ਉਨ੍ਹਾਂ ਦਾ ਸਮਾਂ, ਮਿਹਨਤ ਅਤੇ ਕਈ ਵਾਰ ਆਪਣੀ ਨਿੱਜੀ ਖੇਡ ਅਤੇ ਨਿੱਜੀ ਟੀਚਿਆਂ ਨਾਲ ਸਮਝੌਤਾ ਕਰਨਾ ਵੀ ਸ਼ਾਮਲ ਰਿਹਾ। ਹਰਮਨਪ੍ਰੀਤ ਮੁਤਾਬਕ ਕਈ ਮੌਕਿਆਂ ’ਤੇ ਉਨ੍ਹਾਂ ਨੂੰ ਆਪਣੀ ਨਿੱਜੀ ਕਾਰਗੁਜ਼ਾਰੀ ਅਤੇ ਵਿਕਾਸ ਨੂੰ ਪਿੱਛੇ ਰੱਖਣਾ ਪਿਆ, ਕਿਉਂਕਿ ਉਨ੍ਹਾਂ ਲਈ ਟੀਮ ਹਮੇਸ਼ਾ ਸਭ ਤੋਂ ਪਹਿਲਾਂ ਰਹੀ।
ਕਪਤਾਨ ਵਜੋਂ ਲੈਣੇ ਪਏ ਕਈ ਮੁਸ਼ਕਲ ਫੈਸਲੇ
ਹਰਮਨਪ੍ਰੀਤ ਨੇ ਆਪਣੀ ਪੋਸਟ ਵਿੱਚ ਕਪਤਾਨ ਵਜੋਂ ਆਪਣੇ ਸਫ਼ਰ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਪਤਾਨ ਰਹਿੰਦਿਆਂ ਉਨ੍ਹਾਂ ਨੂੰ ਕਈ ਮੁਸ਼ਕਲ ਫੈਸਲੇ ਲੈਣੇ ਪਏ। ਕਈ ਫੈਸਲੇ ਅਜਿਹੇ ਸਨ, ਜਿਨ੍ਹਾਂ ਨੂੰ ਹਰ ਕੋਈ ਸਮਝ ਨਹੀਂ ਸਕਿਆ। ਕੁਝ ਫੈਸਲੇ ਲੈਣਾ ਵੀ ਆਸਾਨ ਨਹੀਂ ਸੀ ਅਤੇ ਕਈ ਵਾਰ ਉਨ੍ਹਾਂ ਨੂੰ ਨਿੱਜੀ ਪੱਧਰ ’ਤੇ ਵੀ ਇਸ ਦੀ ਕੀਮਤ ਚੁਕਾਉਣੀ ਪਈ।
ਹਰਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੇ ਹਰ ਫੈਸਲੇ ਦੇ ਪਿੱਛੇ ਇੱਕੋ ਮਕਸਦ ਸੀ- ਭਾਰਤੀ ਮਹਿਲਾ ਟੀਮ ਨੂੰ ਬਿਹਤਰ ਬਣਾਉਣਾ ਅਤੇ ਟੀਮ ਦੀਆਂ ਹੋਰ ਖਿਡਾਰਨਾਂ ਨੂੰ ਅੱਗੇ ਆਉਣ, ਆਪਣੇ ਆਪ ’ਤੇ ਭਰੋਸਾ ਕਰਨ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦਾ ਮੌਕਾ ਦੇਣਾ।
ਮੁਸ਼ਕਲ ਦੌਰ ਤੋਂ ਲੈ ਕੇ ਵੱਡੀਆਂ ਕਾਮਯਾਬੀਆਂ ਤੱਕ ਦਾ ਸਫ਼ਰ
ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਪਤਾਨੀ ਦੇ ਸਫ਼ਰ ਦੌਰਾਨ ਹਰ ਤਰ੍ਹਾਂ ਦੇ ਦੌਰ ਵੇਖੇ ਹਨ। ਉਨ੍ਹਾਂ ਨੇ ਸਭ ਤੋਂ ਮੁਸ਼ਕਲ ਪਲਾਂ, ਦਿਲ ਟੁੱਟਣ ਵਾਲੇ ਸਮੇਂ, ਆਲੋਚਨਾ ਅਤੇ ਸ਼ੰਕਿਆਂ ਦਾ ਸਾਹਮਣਾ ਕੀਤਾ। ਅਜਿਹੇ ਦਿਨ ਵੀ ਆਏ ਜਦੋਂ ਹਾਲਾਤ ਟੀਮ ਦੇ ਹੱਕ ਵਿੱਚ ਨਹੀਂ ਸਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਟੀਮ ਨਾਲ ਵੱਡੀਆਂ ਕਾਮਯਾਬੀਆਂ ਦਾ ਵੀ ਅਨੁਭਵ ਕੀਤਾ। ਇਨ੍ਹਾਂ ਸਾਰੇ ਪਲਾਂ ਨੇ ਉਨ੍ਹਾਂ ਦੇ ਕ੍ਰਿਕਟ ਸਫ਼ਰ ਨੂੰ ਯਾਦਗਾਰ ਬਣਾਇਆ ਹੈ।
ਭਾਵੁਕ ਦਿਲ ਨਾਲ ਛੱਡੀ ਟੀਮ ਦੀ ਕਮਾਨ
ਕਪਤਾਨੀ ਛੱਡਣ ਦਾ ਐਲਾਨ ਕਰਦਿਆਂ ਹਰਮਨਪ੍ਰੀਤ ਨੇ ਕਿਹਾ ਕਿ ਉਹ ਭਾਵੁਕ ਦਿਲ ਨਾਲ, ਪਰ ਮਨ ਵਿੱਚ ਪੂਰੀ ਸ਼ਾਂਤੀ ਨਾਲ ਟੀਮ ਦੀ ਕਮਾਨ ਛੱਡ ਰਹੀ ਹੈ। ਉਨ੍ਹਾਂ ਨੂੰ ਭਰੋਸਾ ਹੈ ਕਿ ਭਾਰਤੀ ਮਹਿਲਾ ਟੀਮ ਇਸ ਸਮੇਂ ਮਜ਼ਬੂਤ ਸਥਿਤੀ ਵਿੱਚ ਹੈ ਅਤੇ ਟੀਮ ਵਿੱਚ ਕਾਫ਼ੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਮੌਜੂਦ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਟੀਮ ਦੇ ਭਵਿੱਖ ਨੂੰ ਦੇਖਣ ਅਤੇ ਇਸ ਦਾ ਹਿੱਸਾ ਬਣੇ ਰਹਿਣ ਲਈ ਬੇਹੱਦ ਉਤਸ਼ਾਹਿਤ ਹਨ। ਇਸ ਤੋਂ ਸਪੱਸ਼ਟ ਹੈ ਕਿ ਹਰਮਨਪ੍ਰੀਤ ਕਪਤਾਨੀ ਛੱਡਣ ਤੋਂ ਬਾਅਦ ਵੀ ਭਾਰਤੀ ਟੀਮ ਨਾਲ ਇੱਕ ਖਿਡਾਰਨ ਵਜੋਂ ਆਪਣਾ ਸਫ਼ਰ ਜਾਰੀ ਰੱਖੇਗੀ।
ਸਮ੍ਰਿਤੀ ਮੰਧਾਨਾ ਬਣ ਸਕਦੀ ਹੈ ਨਵੀਂ ਕਪਤਾਨ?
ਹਰਮਨਪ੍ਰੀਤ ਕੌਰ ਦੇ ਕਪਤਾਨੀ ਤੋਂ ਹਟਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਭਾਰਤੀ ਮਹਿਲਾ ਟੀਮ ਦੀ ਅਗਲੀ ਕਪਤਾਨ ਕੌਣ ਹੋਵੇਗੀ। ਇਸ ਦੌੜ ਵਿੱਚ ਭਾਰਤੀ ਟੀਮ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਨਾਮ ਚਰਚਾ ਵਿੱਚ ਹੈ। ਹਾਲਾਂਕਿ ਨਵੇਂ ਕਪਤਾਨ ਬਾਰੇ ਅੰਤਿਮ ਫੈਸਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਕੀਤਾ ਜਾਣਾ ਹੈ।
ਹਰਮਨਪ੍ਰੀਤ ਨੇ ਆਪਣੀ ਪੋਸਟ ਦੇ ਅੰਤ ਵਿੱਚ ਕਿਹਾ ਕਿ ਹੁਣ ਉਨ੍ਹਾਂ ਲਈ ਆਪਣੀ ਜ਼ਿੰਦਗੀ ਦਾ ਅਗਲਾ ਪੰਨਾ ਪਲਟਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਕਪਤਾਨੀ ਦਾ ਅਧਿਆਇ ਖਤਮ ਹੋ ਸਕਦਾ ਹੈ, ਪਰ ਭਾਰਤੀ ਕ੍ਰਿਕਟ ਲਈ ਉਨ੍ਹਾਂ ਦਾ ਪਿਆਰ ਕਦੇ ਖਤਮ ਨਹੀਂ ਹੋਵੇਗਾ।
ਉਨ੍ਹਾਂ ਨੇ ਆਪਣੀਆਂ ਸਾਥੀ ਖਿਡਾਰਨਾਂ, ਕੋਚਾਂ, ਸਪੋਰਟ ਸਟਾਫ਼, ਮੈਨੇਜਮੈਂਟ, BCCI, ਪਰਿਵਾਰ ਅਤੇ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਜੋ ਉਨ੍ਹਾਂ ਦੇ ਚੰਗੇ ਅਤੇ ਮਾੜੇ ਦੌਰ ਵਿੱਚ ਹਮੇਸ਼ਾ ਨਾਲ ਖੜ੍ਹੇ ਰਹੇ। ਹਰਮਨਪ੍ਰੀਤ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਕ੍ਰਿਕਟ ਸਫ਼ਰ ਅਜੇ ਜਾਰੀ ਰਹੇਗਾ।