IPL 'ਚ ਪੰਜਾਬ ਦਾ ਜਲਵਾ, 5 ਵਿਕਟਾਂ ਨਾਲ ਚੇਨਈ ਨੂੰ ਹਰਾਇਆ,ਪੁਆਇੰਟ ਟੇਬਲ 'ਚ ਟੌਪ 'ਤੇ ਪਹੁੰਚੀ ਪੰਜਾਬ ਕਿੰਗਜ਼, ਜਾਣੋ ਕੌਣ ਰਿਹਾ ਮੈਚ ਦਾ ਹੀਰੋ
CSK vs PBKS: ਦੇਸ਼ ਦੇ ਵਿੱਚ ਇਸ ਸਮੇਂ ਆਈਪੀਐਲ ਦਾ ਖ਼ੁਮਾਰ ਚੱਲ ਰਿਹਾ ਹੈ। ਬੀਤੀ ਰਾਤ IPL 2026 ਦੇ 7ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਇੱਕ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ਵਿੱਚ ਪੰਜਾਬ ਕਿੰਗਜ਼ ਨੇ 18.4 ਓਵਰਾਂ ਵਿੱਚ ਹੀ 5 ਵਿਕਟਾਂ ਗੁਆ ਕੇ 210 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।
ਪੰਜਾਬ ਕਿੰਗਜ਼ ਦੀ ਇਹ ਲਗਾਤਾਰ ਦੂਜੀ ਜਿੱਤ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਜਰਾਤ ਟਾਈਟਨਜ਼ ਨੂੰ ਵੀ ਹਰਾਇਆ ਸੀ। ਦੂਜੇ ਪਾਸੇ, ਚੇਨਈ ਸੁਪਰ ਕਿੰਗਜ਼ ਲਈ ਇਹ ਲਗਾਤਾਰ ਦੂਜੀ ਹਾਰ ਹੈ, ਕਿਉਂਕਿ ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਵੀ ਚੇਨਈ ਨੂੰ ਮਾਤ ਦਿੱਤੀ ਸੀ। ਇਸ ਜਿੱਤ ਨਾਲ ਪੰਜਾਬ ਕਿੰਗਜ਼ ਹੁਣ ਪੁਆਇੰਟ ਟੇਬਲ ਵਿੱਚ ਸਿਖਰ 'ਤੇ ਪਹੁੰਚ ਗਈ ਹੈ।
ਪੰਜਾਬ ਕਿੰਗਜ਼ ਦੀ ਜਿੱਤ ਵਿੱਚ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ। ਕਪਤਾਨ ਸ਼੍ਰੇਅਸ ਅਈਅਰ ਨੇ 50 ਦੌੜਾਂ ਦੀ ਅਹਿਮ ਪਾਰੀ ਖੇਡੀ, ਜਦਕਿ ਪ੍ਰਭਸਿਮਰਨ ਸਿੰਘ ਨੇ 34 ਗੇਂਦਾਂ 'ਤੇ 43 ਦੌੜਾਂ ਅਤੇ ਪ੍ਰਿਆਂਸ਼ ਆਰੀਆ ਨੇ ਸਿਰਫ਼ 11 ਗੇਂਦਾਂ 'ਤੇ ਤੂਫ਼ਾਨੀ 39 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਇਸ ਦੇ ਨਾਲ ਹੀ ਕੂਪਰ ਕੋਨੋਲੀ ਨੇ ਵੀ 22 ਗੇਂਦਾਂ ਵਿੱਚ 36 ਦੌੜਾਂ ਦਾ ਯੋਗਦਾਨ ਦਿੱਤਾ।
ਹੁਣ ਜੇਕਰ ਅਗਲੇ ਮੁਕਾਬਲਿਆਂ ਦੀ ਗੱਲ ਕਰੀਏ, ਤਾਂ ਪੰਜਾਬ ਕਿੰਗਜ਼ ਆਪਣਾ ਅਗਲਾ ਮੈਚ 6 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਖੇਡੇਗੀ। ਦੂਜੇ ਪਾਸੇ, ਚੇਨਈ ਸੁਪਰ ਕਿੰਗਜ਼ ਆਪਣੀ ਹਾਰ ਦਾ ਸਿਲਸਿਲਾ ਤੋੜਨ ਲਈ 5 ਅਪ੍ਰੈਲ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਭਿੜੇਗੀ।
ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਵੱਲੋਂ ਨੌਜਵਾਨ ਬੱਲੇਬਾਜ਼ ਆਯੂਸ਼ ਮਹਾਤਰੇ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਰਫ਼ 43 ਗੇਂਦਾਂ ਵਿੱਚ 73 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 6 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਸ਼ਿਵਮ ਦੁਬੇ ਨੇ ਵੀ 27 ਗੇਂਦਾਂ ਵਿੱਚ 5 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਅਜੇਤੂ 45 ਦੌੜਾਂ ਬਣਾਈਆਂ। ਸਰਫ਼ਰਾਜ਼ ਖ਼ਾਨ ਨੇ ਮਹਿਜ਼ 12 ਗੇਂਦਾਂ ਵਿੱਚ 32 ਦੌੜਾਂ ਠੋਕ ਕੇ ਸਕੋਰ ਨੂੰ ਤੇਜ਼ੀ ਨਾਲ ਅੱਗੇ ਵਧਾਇਆ, ਜਦਕਿ ਕਪਤਾਨ ਰਿਤੂਰਾਜ ਗਾਇਕਵਾੜ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਬਾਕੀ ਬੱਲੇਬਾਜ਼ਾਂ ਵਿੱਚੋਂ ਸੰਜੂ ਸੈਮਸਨ (7), ਕਾਰਤਿਕ ਸ਼ਰਮਾ (1) ਅਤੇ ਪ੍ਰਸ਼ਾਂਤ ਵੀਰ (ਅਜੇਤੂ 6) ਕੁਝ ਖ਼ਾਸ ਨਹੀਂ ਕਰ ਸਕੇ।
ਪੰਜਾਬ ਕਿੰਗਜ਼ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਵਿਜੇ ਕੁਮਾਰ ਵੈਸ਼ਾਕ ਨੇ ਸਭ ਤੋਂ ਵੱਧ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਯੁਜਵੇਂਦਰ ਚਾਹਲ, ਮਾਰਕੋ ਯਾਨਸਨ ਅਤੇ ਜੇਵੀਅਰ ਬਾਰਟਲੇਟ ਨੂੰ ਇੱਕ-ਇੱਕ ਸਫ਼ਲਤਾ ਮਿਲੀ। ਪੰਜਾਬ ਦੇ ਗੇਂਦਬਾਜ਼ਾਂ ਨੇ ਅਹਿਮ ਮੌਕਿਆਂ 'ਤੇ ਵਿਕਟਾਂ ਲੈ ਕੇ ਚੇਨਈ ਦੇ ਸਕੋਰ ਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ।