ਕ੍ਰਿਕਟ ਜਗਤ ਤੋਂ ਚਿੰਤਾਜਨਕ ਖਬਰ! ਸਾਬਕਾ ਭਾਰਤੀ ਬੱਲੇਬਾਜ਼ ਵਿਨੋਦ ਕਾਂਬਲੀ ਨੂੰ ਬ੍ਰੇਨ ਸਟ੍ਰੋਕ ਦਾ ਖ਼ਤਰਾ, ਦੋਸਤ ਨੇ ਕੀਤਾ ਵੱਡਾ ਖੁਲਾਸਾ

By:  Lajwinder Kaur April 16th 2026 11:10 AM -- Updated: April 16th 2026 11:26 AM

ਜਿੱਥੇ ਇਸ ਸਮੇਂ ਪੂਰਾ ਇੰਡੀਆ ਆਈਪੀਐੱਲ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ। ਅਜਿਹੇ ਦੇ ਵਿੱਚ ਵਿਨੋਦ ਕਾਂਬਲੀ ਦੀ ਸਿਹਤ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾਜਨਕ ਅਪਡੇਟ ਸਾਹਮਣੇ ਆਇਆ ਹੈ। ਕਦੇ ਕ੍ਰਿਕਟ ਦੇ ਮੈਦਾਨ 'ਤੇ ਆਪਣੀ ਬੱਲੇਬਾਜ਼ੀ ਨਾਲ ਗੇਂਦਬਾਜ਼ਾਂ ਦੇ ਪਸੀਨੇ ਛੁਡਾਉਣ ਵਾਲੇ ਕਾਂਬਲੀ ਅੱਜ ਚੱਲਣ-ਫਿਰਨ ਅਤੇ ਯਾਦਦਾਸ਼ਤ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦੇ ਕਰੀਬੀ ਦੋਸਤ ਮਾਰਕਸ ਕੂਟੋ ਨੇ ਖੁਲਾਸਾ ਕੀਤਾ ਹੈ ਕਿ ਕਾਂਬਲੀ ਦੇ ਦਿਮਾਗ ਵਿੱਚ ਇੱਕ ਕਲੌਟ (ਖੂਨ ਦਾ ਥੱਕਾ) ਹੈ, ਜੋ ਪੁਰਾਣੀਆਂ ਲਾਪਰਵਾਹੀਆਂ ਕਾਰਨ ਹੁਣ ਹਟਾਇਆ ਨਹੀਂ ਜਾ ਸਕਦਾ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਸਥਿਤੀ ਬ੍ਰੇਨ ਸਟਰੋਕ ਵੱਲ ਵਧ ਸਕਦੀ ਹੈ।

ਸਿਗਰਟ ਦੀ ਆਦਤ ਨਾਲ ਜੂਝ ਰਹੇ ਵਿਨੋਦ ਕਾਂਬਲੀ

ਮਸ਼ਹੂਰ ਨਿਊਰੋਸਰਜਨ ਡਾਕਟਰ ਆਦਿਲ ਛਾਗਲਾ ਵਿਨੋਦ ਕਾਂਬਲੀ ਦਾ ਇਲਾਜ ਕਰ ਰਹੇ ਹਨ। ਕੂਟੋ ਦੇ ਅਨੁਸਾਰ, ਕਾਂਬਲੀ ਦੇ ਦਿਮਾਗ ਵਿੱਚ ਮੌਜੂਦ ਕਲੌਟ (ਖੂਨ ਦਾ ਥੱਕਾ) ਹੁਣ ਇੱਕ ਵੱਡਾ ਖ਼ਤਰਾ ਬਣ ਚੁੱਕਾ ਹੈ। ਉਨ੍ਹਾਂ ਦੀ ਯਾਦਦਾਸ਼ਤ ਕਾਫੀ ਕਮਜ਼ੋਰ ਹੋ ਗਈ ਹੈ, ਉਹ ਅਕਸਰ ਚੀਜ਼ਾਂ ਭੁੱਲ ਜਾਂਦੇ ਹਨ ਅਤੇ ਕੇਵਲ ਉਦੋਂ ਹੀ ਕੁਝ ਯਾਦ ਕਰ ਪਾਉਂਦੇ ਹਨ ਜਦੋਂ ਅਚਾਨਕ ਦਿਮਾਗ ‘ਚ ਕੁੱਝ ਕਲਿੱਕ ਕਰਦਾ ਹੈ। ਹਾਲਾਂਕਿ, ਉਨ੍ਹਾਂ ਨੇ ਸ਼ਰਾਬ ਪੀਣੀ ਪੂਰੀ ਤਰ੍ਹਾਂ ਛੱਡ ਦਿੱਤੀ ਹੈ, ਪਰ ਉਹ ਅਜੇ ਵੀ ਸਿਗਰਟ ਦੀ ਆਦਤ ਨਾਲ ਜੂਝ ਰਹੇ ਹਨ। ਅਕਸਰ ਉਹ ਰਾਹਗੀਰਾਂ ਜਾਂ ਆਟੋ ਡਰਾਈਵਰਾਂ ਤੋਂ ਸਿਗਰਟ ਮੰਗ ਲੈਂਦੇ ਹਨ, ਜੋ ਉਨ੍ਹਾਂ ਨੂੰ ਮਹਾਨ ਵਿਨੋਦ ਕਾਂਬਲੀ ਸਮਝ ਕੇ ਸਿਗਰਟ ਦੇ ਦਿੰਦੇ ਹਨ, ਇਹ ਜਾਣੇ ਬਿਨਾਂ ਕਿ ਇਹ ਉਨ੍ਹਾਂ ਦੇ ਦਿਮਾਗ ਲਈ ਕਿੰਨੀ ਘਾਤਕ ਸਿੱਧ ਹੋ ਸਕਦੀ ਹੈ।

ਹਾਲਾਂਕਿ, 10 ਦਿਨ ਪਹਿਲਾਂ ਉਨ੍ਹਾਂ ਨੇ ਲੰਬੇ ਸਮੇਂ ਬਾਅਦ ਦਿਨਸ਼ਾਅ ਦੀ ਆਈਸਕ੍ਰੀਮ ਦੇ ਇੱਕ ਵਿਗਿਆਪਨ ਲਈ ਕੰਮ ਕੀਤਾ ਹੈ, ਜਿਸ ਦੀ ਸ਼ੂਟਿੰਗ ਮਾਹਿਮ ਜੂਨੀਅਰ ਕ੍ਰਿਕਟ ਗਰਾਊਂਡ, ਸ਼ਿਵਾਜੀ ਪਾਰਕ ਵਿੱਚ ਹੋਈ ਸੀ।

ਕੌਟੋ ਨੇ ਦੱਸਿਆ, "ਮੈਂ, ਉਨ੍ਹਾਂ ਦੇ ਭਰਾ ਰਿਕੀ ਅਤੇ ਸਾਬਕਾ ਕ੍ਰਿਕਟਰ ਵਿਰਾਮ ਦਿਆਲ ਦੇ ਨਾਲ ਪਿਛਲੇ ਹਫ਼ਤੇ ਬਾਂਦਰਾ ਸਥਿਤ ਜਵੈਲ ਕੋ-ਆਪਰੇਟਿਵ ਸੁਸਾਇਟੀ ਵਿੱਚ ਕਾਂਬਲੀ ਦੇ ਘਰ ਉਨ੍ਹਾਂ ਨੂੰ ਮਿਲਣ ਗਿਆ ਸੀ।" ਉਨ੍ਹਾਂ ਅੱਗੇ ਕਿਹਾ ਕਿ ਕਾਂਬਲੀ ਦੀ ਸਿਹਤ ਠੀਕ ਲੱਗ ਰਹੀ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਖੁਸ਼ ਸਨ। ਕਾਂਬਲੀ ਹੁਣ ਤੁਰਨ ਲਈ ਸੋਟੀ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਦਾ ਬੇਟਾ ਕ੍ਰਿਸਟੀਆਨੋ ਕ੍ਰਿਕਟਰ ਬਣਨਾ ਚਾਹੁੰਦਾ ਹੈ, ਜਿਸ ਲਈ ਕੌਟੋ ਨੇ ਜਤਿਨ ਪਰਾਂਜਪੇ ਨੂੰ ਉਸ ਨੂੰ ਆਪਣੀ ਕ੍ਰਿਕਟ ਅਕੈਡਮੀ ਵਿੱਚ ਦਾਖਲਾ ਦੇਣ ਦੀ ਬੇਨਤੀ ਕੀਤੀ ਅਤੇ ਉਹ ਤੁਰੰਤ ਸਹਿਮਤ ਹੋ ਗਏ।

ਦਸੰਬਰ 2024 ਵਿੱਚ ਇੱਕ ਜਨਤਕ ਪ੍ਰੋਗਰਾਮ ਦੌਰਾਨ ਜਦੋਂ ਵਿਨੋਦ ਕਾਂਬਲੀ ਸਚਿਨ ਤੇਂਦੁਲਕਰ ਦੇ ਨਾਲ ਲੜਖੜਾਉਂਦੇ ਹੋਏ ਦਿਖਾਈ ਦਿੱਤੇ ਸਨ, ਤਾਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਗਈ ਸੀ। ਇਸ ਘਟਨਾ ਤੋਂ ਬਾਅਦ ਸੁਨੀਲ ਗਾਵਸਕਰ ਅਤੇ ਕਪਿਲ ਦੇਵ ਵਰਗੇ ਦਿੱਗਜ ਕ੍ਰਿਕਟਰਾਂ ਨੇ ਵੀ ਉਨ੍ਹਾਂ ਦੀ ਮਦਦ ਲਈ ਆਪਣਾ ਸਮਰਥਨ ਦਿੱਤਾ ਸੀ।

© Copyright Galactic Television & Communications Pvt. Ltd. 2026. All rights reserved.