Suryakumar Yadav: ਟੀ-20 ਵਰਲਡ ਕੱਪ ਖ਼ਤਮ! ਕੀ ਸੂਰਿਆਕੁਮਾਰ ਯਾਦਵ ਲੈਣਗੇ ਸੰਨਿਆਸ? 2028 ਤੱਕ ਦੇ ਆਪਣੇ ਨਵੇਂ ਪਲਾਨ ਬਾਰੇ ਕੀਤਾ ਵੱਡਾ ਖੁਲਾਸਾ

By  Lajwinder Kaur March 9th 2026 11:41 AM -- Updated: March 9th 2026 11:53 AM

ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਟੀ-20 ਵਰਲਡ ਕੱਪ ਜਿੱਤਣ ਦਾ ਜਸ਼ਨ ਚੱਲ ਰਿਹਾ ਹੈ। ਬੀਤੀ ਰਾਤ ਟੀਮ ਇੰਡੀਆ ਵੱਲੋਂ ਇਤਿਹਾਸਿਕ ਜਿੱਤ ਦਰਜ ਕਰਵਾਈ ਗਈ, ਜਿਸ ਕਰਕੇ ਦੇਸ਼ ਵਿੱਚ ਖੁਸ਼ੀ ਦੀ ਲ ਹਿਰ ਛਾਈ ਹੋਈ ਹੈ। ਸੋਸ਼ਲ ਮੀਡੀਆ ਉੱਤੇ ਮੈਚ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਅਜਿਹੇ ਦੇ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। 


ਸੂਰਿਆਕੁਮਾਰ ਯਾਦਵ ਨੇ ਸੰਨਿਆਸ ਨੂੰ ਲੈ ਕੇ ਆਖੀ ਅਹਿਮ ਗੱਲ! 

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ, ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਅਜੇ ਰੁਕਣ ਵਾਲੇ ਨਹੀਂ ਹਨ। ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਆਈਸੀਸੀ ਟੀ-20 ਵਰਲਡ ਕੱਪ ਜਿੱਤਣ ਵਾਲੇ ਤੀਜੇ ਭਾਰਤੀ ਕਪਤਾਨ ਬਣੇ 'ਸੂਰਿਆ' ਨੇ ਟਰਾਫੀ ਹੱਥ ਵਿੱਚ ਆਉਂਦੇ ਹੀ ਆਪਣੇ ਅਗਲੇ ਦੋ ਵੱਡੇ ਟੀਚਿਆਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਜੇ ਸੰਨਿਆਸ ਨਹੀਂ ਲੈਣਗੇ।

2028 ਓਲੰਪਿਕ ਅਤੇ ਵਰਲਡ ਕੱਪ 'ਤੇ ਨਜ਼ਰ

ਮੈਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਰਿਆ ਨੇ ਆਪਣੇ ਭਵਿੱਖ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ, "ਮੇਰਾ ਅਗਲਾ ਟੀਚਾ 2028 ਲਾਸ ਏਂਜਲਸ ਓਲੰਪਿਕ ਵਿੱਚ ਓਲੰਪਿਕ ਗੋਲਡ ਜਿੱਤਣਾ ਹੈ। ਨਾਲ ਹੀ, ਉਸੇ ਸਾਲ ਸਾਨੂੰ ਆਪਣੇ ਟੀ-20 ਵਰਲਡ ਕੱਪ ਖ਼ਿਤਾਬ ਦਾ ਬਚਾਅ ਵੀ ਕਰਨਾ ਹੈ, ਇਸ ਨੂੰ ਭੁੱਲਿਓ ਨਾ।" ਸੂਰਿਆ ਦੇ ਇਸ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਉਣ ਵਾਲੇ ਕਈ ਸਾਲਾਂ ਤੱਕ ਟੀਮ ਇੰਡੀਆ ਦੀ ਕਮਾਨ ਸੰਭਾਲਣ ਅਤੇ ਆਪਣਾ ਦਬਦਬਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹਨ।


2024 ਦੇ ਉਸ ਕੈਚ ਨੇ ਬਦਲੀ ਸੂਰਿਆਕੁਮਾਰ ਯਾਦਵ ਦੀ ਜ਼ਿੰਦਗੀ

ਸੂਰਿਆ ਨੇ ਭਾਵੁਕ ਹੁੰਦਿਆਂ 2024 ਵਰਲਡ ਕੱਪ ਫਾਈਨਲ ਵਿੱਚ ਦੱਖਣੀ ਅਫ਼ਰੀਕਾ ਵਿਰੁੱਧ ਫੜੇ ਗਏ ਉਸ ਇਤਿਹਾਸਕ ਕੈਚ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, "ਉਸ ਕੈਚ ਨੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ। ਉਸ ਤੋਂ ਬਾਅਦ ਜਦੋਂ ਮੈਨੂੰ ਇਸ ਸ਼ਾਨਦਾਰ ਟੀਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ, ਤਾਂ ਮੈਨੂੰ ਪਤਾ ਸੀ ਕਿ 2 ਸਾਲ ਬਾਅਦ ਭਾਰਤ ਵਿੱਚ ਵਰਲਡ ਕੱਪ ਹੋਣਾ ਹੈ। ਭਾਰਤ ਵਿੱਚ ਵਰਲਡ ਕੱਪ ਖੇਡਣ ਦਾ ਅਹਿਸਾਸ ਹੀ ਵੱਖਰਾ ਹੁੰਦਾ ਹੈ ਅਤੇ ਮੈਨੂੰ ਖ਼ੁਸ਼ੀ ਹੈ ਕਿ ਅਸੀਂ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਇਤਿਹਾਸ ਰਚਿਆ ਹੈ।"

ICC ਟੂਰਨਾਮੈਂਟਾਂ ਵਿੱਚ ਭਾਰਤ ਦਾ ਰਾਜ

ਭਾਰਤੀ ਕਪਤਾਨ ਨੇ ਟੀਮ ਦੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਹੁਣ ਵਿਸ਼ਵ ਕ੍ਰਿਕਟ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਣਾ ਚਾਹੁੰਦਾ ਹੈ। ਸੂਰਿਆ ਨੇ ਕਿਹਾ, "ਅਸੀਂ 2025 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ ਅਤੇ ਹੁਣ 2026 ਵਿੱਚ ਵਰਲਡ ਕੱਪ। ਅਸੀਂ ਚਾਹੁੰਦੇ ਹਾਂ ਕਿ ਜਿੱਤਾਂ ਦਾ ਇਹ ਸਿਲਸਿਲਾ 2027, 2028 ਅਤੇ 2029 ਤੱਕ ਲਗਾਤਾਰ ਇਵੇਂ ਹੀ ਚਲਦਾ ਰਹੇ।"

ਅਸੀਂ ਹੁਣ ਰੁਕਣਾ ਨਹੀਂ ਚਾਹੁੰਦੇ। ਨਿਊਜ਼ੀਲੈਂਡ ਵਿਰੁੱਧ ਫਾਈਨਲ ਵਿੱਚ ਭਾਰਤ ਦੇ 255/5 ਦੇ ਵਿਸ਼ਾਲ ਸਕੋਰ ਅਤੇ ਫਿਰ 96 ਦੌੜਾਂ ਦੀ ਵੱਡੀ ਜਿੱਤ 'ਤੇ ਸੂਰਿਆ ਨੇ ਕਿਹਾ ਕਿ ਅਜੇ ਇਸ ਜਿੱਤ ਦੇ ਅਹਿਸਾਸ ਨੂੰ ਮਹਿਸੂਸ ਕਰਨ ਵਿੱਚ ਥੋੜ੍ਹਾ ਸਮਾਂ ਲੱਗੇਗਾ। ਉਨ੍ਹਾਂ ਨੇ ਮੰਨਿਆ ਕਿ ਟੂਰਨਾਮੈਂਟ ਦੀ ਸ਼ੁਰੂਆਤ ਉਨੀ ਚੰਗੀ ਨਹੀਂ ਸੀ ਜਿੰਨੀ ਉਹ ਚਾਹੁੰਦੇ ਸਨ, ਪਰ ਅੰਤ ਵਿੱਚ ਟੀਮ ਨੇ ਜਿਹੜੀ ਇਕਜੁੱਟਤਾ ਦਿਖਾਈ, ਉਹ ਸਭ ਦੇ ਸਾਹਮਣੇ ਹੈ।

© Copyright Galactic Television & Communications Pvt. Ltd. 2026. All rights reserved.