ਮੋਹਾਲੀ ਤੋਂ ਮੰਦਭਾਗੀ ਘਟਨਾ! ASI ਦੀ ਗੋਲੀ ਲੱਗਣ ਨਾਲ ਮੌਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ
ਮੋਹਾਲੀ ਦੇ ਸੈਕਟਰ-80 ਵਿੱਚ ਵੀਰਵਾਰ ਸਵੇਰੇ ਇੱਕ ਏ.ਐੱਸ.ਆਈ. (ASI) ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਮਹਿਕਮੇ ਚ ਹਾਹਾਕਾਰ ਮੱਚ ਗਈ। ਜਦੋਂ ਪਰਿਵਾਰ ਪਹੁੰਚਿਆ ਤਾਂ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ।
ਮੋਹਾਲੀ ਦੇ ਸੈਕਟਰ-80 ਵਿੱਚ ਵੀਰਵਾਰ ਸਵੇਰੇ ਇੱਕ ਏ.ਐੱਸ.ਆਈ. (ASI) ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਮਾਮਲਾ ਅਕਸੀਡੈਂਟਲ ਫਾਇਰਿੰਗ (ਅਚਾਨਕ ਗੋਲੀ ਚੱਲਣ) ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਹੀ ਪਿਸਤੌਲ ਵਿੱਚੋਂ ਕਰੀਬ 4-5 ਗੋਲੀਆਂ ਲੱਗੀਆਂ।
ਰਿਟਾਇਰਡ ਸਾਬਕਾ DGP ਡੀਜੀਪੀ ਦੀ ਸੁਰੱਖਿਆ 'ਚ ਤਾਇਨਾਤ ਸੀ
ਮ੍ਰਿਤਕ ਦੀ ਪਛਾਣ ਏ.ਐੱਸ.ਆਈ. ਓਂਕਾਰ ਸਿੰਘ ਵਜੋਂ ਹੋਈ ਹੈ। ਉਹ ਰਿਟਾਇਰਡ ਸਾਬਕਾ ਡੀਜੀਪੀ (DGP) ਅਰਪਿਤ ਸ਼ੁਕਲਾ ਦੀ ਸੁਰੱਖਿਆ ਵਿੱਚ ਤੈਨਾਤ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰ ਹਸਪਤਾਲ ਅਤੇ ਮੌਰਚਰੀ ਪਹੁੰਚ ਗਏ। ਪਰਿਵਾਰ ਦੇ ਮੁਤਾਬਕ, ਸਵੇਰੇ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਓਂਕਾਰ ਸਿੰਘ ਖੜ੍ਹੇ-ਖੜ੍ਹੇ ਡਿੱਗ ਪਏ ਹਨ ਅਤੇ ਇਸੇ ਦੌਰਾਨ ਗੋਲੀ ਚੱਲਣ ਦੀ ਗੱਲ ਕਹੀ ਗਈ।
ਪਤਨੀ ਬੋਲੀ-ਛੁੱਟੀ ਨਾ ਮਿਲਣ ਕਰਕੇ ਸੀ ਪ੍ਰੇਸ਼ਾਨ
ਪਤਨੀ ਨੇ ਦੱਸਿਆ ਕਿ ਓਂਕਾਰ ਸਿੰਘ ਕਾਫ਼ੀ ਪ੍ਰੇਸ਼ਾਨ ਸਨ ਅਤੇ ਛੁੱਟੀ ਲੈਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਛੁੱਟੀ ਨਹੀਂ ਮਿਲ ਰਹੀ ਸੀ। ਬੀਤੇ ਦਿਨ ਉਹ ਛੁੱਟੀ 'ਤੇ ਸਨ, ਪਰ ਅਚਾਨਕ ਕਿਸੇ ਦੇ ਫ਼ੋਨ ਆਉਣ ਤੋਂ ਬਾਅਦ ਉਨ੍ਹਾਂ ਨੂੰ ਡਿਊਟੀ 'ਤੇ ਬੁਲਾ ਲਿਆ ਗਿਆ।
ਪਤਨੀ ਮੁਤਾਬਕ, ਫ਼ੋਨ 'ਤੇ ਦੱਸਿਆ ਗਿਆ ਕਿ ਡਿੱਗਣ ਵੇਲੇ ਗਲੇ ਵਿੱਚ ਪਾਈ ਪਿਸਤੌਲ ਵਿੱਚੋਂ ਗੋਲੀ ਚੱਲ ਗਈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਜੇਕਰ ਡਿੱਗਣ ਨਾਲ ਗੋਲੀ ਚੱਲੀ ਹੁੰਦੀ ਤਾਂ ਇੱਕ ਗੋਲੀ ਲੱਗਣੀ ਚਾਹੀਦੀ ਸੀ, ਪਰ 4-5 ਗੋਲੀਆਂ ਕਿਵੇਂ ਲੱਗ ਸਕਦੀਆਂ ਹਨ? ਪਰਿਵਾਰ ਨੇ ਇਸ ਪੂਰੇ ਮਾਮਲੇ 'ਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਪੁਲਿਸ ਆਖ ਰਹੀ ਆਹ ਗੱਲ
ਉੱਧਰ ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸਿਮਰਨ ਸ਼ੇਰਗਿੱਲ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਮੌਕੇ 'ਤੇ ਲੈ ਜਾ ਕੇ ਪੂਰੀ ਘਟਨਾ ਦਿਖਾ ਦਿੱਤੀ ਗਈ ਹੈ ਅਤੇ ਉਹ ਪੁਲਿਸ ਦੀ ਕਾਰਵਾਈ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।