ਗੋਲੀਆਂ ਦੇ ਨਾਲ ਦਹਿਲਿਆ ਮੋਹਾਲੀ! ਜਨਮਦਿਨ ਪਾਰਟੀ ਦੌਰਾਨ ਹੋਈ ਫਾਇਰਿੰਗ, 12ਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਜ਼ਖਮੀ

ਬੀਤੀ ਦੇਰ ਰਾਤ ਮੋਹਾਲੀ ਦੇ ਫੇਜ਼-1 ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਮੋਹਾਲੀ (ਖੇੜਾ ਨੇੜੇ) ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਜਨਮਦਿਨ ਦੀ ਪਾਰਟੀ ਮਨਾ ਰਹੇ 12ਵੀਂ ਜਮਾਤ ਦੇ ਇੱਕ ਵਿਦਿਆਰਥੀ ’ਤੇ ਤਾੜ-ਤਾੜ ਫਾਇਰਿੰਗ ਹੋ ਗਈ। ਗੋਲੀਬਾਰੀ ਦੀ ਇਸ ਘਟਨਾ ਵਿੱਚ ਸਲਮਾਨ ਨਾਮ ਦਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

By:  Lajwinder Kaur August 31st 2026 01:21 PM -- Updated: August 31st 2026 01:27 PM

ਬੀਤੀ ਦੇਰ ਰਾਤ ਮੋਹਾਲੀ ਦੇ ਫੇਜ਼-1 ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਮੋਹਾਲੀ (ਖੇੜਾ ਨੇੜੇ) ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਜਨਮਦਿਨ ਦੀ ਪਾਰਟੀ ਮਨਾ ਰਹੇ 12ਵੀਂ ਜਮਾਤ ਦੇ ਇੱਕ ਵਿਦਿਆਰਥੀ ’ਤੇ ਤਾੜ-ਤਾੜ ਫਾਇਰਿੰਗ ਹੋ ਗਈ। ਗੋਲੀਬਾਰੀ ਦੀ ਇਸ ਘਟਨਾ ਵਿੱਚ ਸਲਮਾਨ ਨਾਮ ਦਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਗਨੀਮਤ ਰਹੀ ਕਿ ਗੋਲੀ ਉਸ ਦੀ ਬਾਂਹ ਵਿੱਚ ਲੱਗੀ। ਜ਼ਖਮੀ ਨੂੰ ਤੁਰੰਤ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਆਈਸੀਯੂ ਵਿੱਚ ਦਾਖਲ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਅਚਾਨਕ ਹੋਈ ਇਸ ਗੋਲੀਬਾਰੀ 'ਚ ਇੱਕ ਕੁੜੀ ਵੀ ਜ਼ਖਮੀ ਹੋਈ ਹੈ, ਜਿਸ ਬਾਰੇ ਜ਼ਿਆਦਾ ਜਾਣਕਾਰੀ ਮਿਲ ਨਹੀਂ ਪਈ।

ਬਹਿਸ ਨੇ ਧਾਰਿਆ ਖੂਨੀ ਰੂਪ

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਸਲਮਾਨ ਮੋਹਾਲੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਬੀਤੀ ਦੇਰ ਰਾਤ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਣ ਲਈ ਖੇੜੇ ਕੋਲ ਗਿਆ ਹੋਇਆ ਸੀ। ਇਸ ਦੌਰਾਨ ਕੁਝ ਨੌਜਵਾਨ ਸਕੂਟਰਾਂ ਅਤੇ ਮੋਟਰਸਾਈਕਲਾਂ ’ਤੇ ਉੱਥੇ ਪਹੁੰਚੇ। ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ, ਜੋ ਦੇਖਦੇ ਹੀ ਦੇਖਦੇ ਤਕਰਾਰ ਵਿੱਚ ਬਦਲ ਗਈ।

ਦੱਸਿਆ ਜਾ ਰਿਹਾ ਹੈ ਕਿ ਤਕਰਾਰ ਤੋਂ ਬਾਅਦ ਮੋਟਰਸਾਈਕਲਾਂ ’ਤੇ ਆਏ ਨੌਜਵਾਨਾਂ ਵੱਲੋਂ ਸਲਮਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਿੰਨ ਫਾਇਰ ਕੀਤੇ ਗਏ। ਗੋਲੀ ਲੱਗਣ ਕਾਰਨ ਸਲਮਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਆਪਣੀ ਜਾਨ ਬਚਾਉਣ ਲਈ ਉਹ ਪਿੰਡ ਦੀਆਂ ਗਲੀਆਂ ਵੱਲ ਭੱਜਿਆ, ਜਦਕਿ ਹਮਲਾਵਰ ਵੀ ਉਸ ਦੇ ਪਿੱਛੇ ਭੱਜਦੇ ਰਹੇ।

ਫਾਇਰਿੰਗ ਅਤੇ ਰੌਲਾ ਸੁਣ ਕੇ ਪਿੰਡ ਵਾਸੀ ਆਪਣੇ ਘਰਾਂ ਤੋਂ ਬਾਹਰ ਆ ਗਏ। ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਦੇਖ ਹਮਲਾਵਰ ਉੱਥੋਂ ਫਰਾਰ ਹੋ ਗਏ। ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਜ਼ਖਮੀ ਸਲਮਾਨ ਦੀ ਮਦਦ ਕੀਤੀ ਅਤੇ ਉਸ ਨੂੰ ਐਕਟੀਵਾ ’ਤੇ ਬਿਠਾ ਕੇ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਘਟਨਾ ਵਾਲੀ ਥਾਂ ਬਰਾਮਦ ਹੋਏ ਗੋਲੀ ਦੀ ਖੋਲ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਕੁਝ ਖੋਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕੀਤੀ ਜਾ ਸਕੇ।

ਫਿਲਹਾਲ ਗੋਲੀਬਾਰੀ ਦੇ ਪਿੱਛੇ ਅਸਲ ਕਾਰਨ ਕੀ ਸੀ, ਇਸ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੋਲੀਬਾਰੀ ਕਰਨ ਵਾਲੇ ਨੌਜਵਾਨਾਂ ਨੂੰ ਜਲਦ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।


Related Post

ਮੋਹਾਲੀ ’ਚ 1 ਨਵੰਬਰ ਨੂੰ ਲੋੜਵੰਦ ਧੀਆਂ ਦੇ ਸਮੂਹਿਕ ਅਨੰਦ ਕਾਰਜ, MLA ਕੁਲਵੰਤ ਸਿੰਘ ਦੀ ਲੋਕਾਂ ਨੂੰ ਅਪੀਲ- ‘ਇਸ ਪੁੰਨ ਦੇ ਕਾਰਜ ’ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ’
ED ਖਿਲਾਫ 'ਆਪ' ਦਾ ਮੋਰਚਾ: ਗਮਾਡਾ ਦਫ਼ਤਰ ਬਾਹਰ AAP ਦਾ ਜ਼ਬਰਦਸਤ ਪ੍ਰਦਰਸ਼ਨ, ਭੱਖਿਆ ਮਾਹੌਲ
ਚੰਡੀਗੜ੍ਹ-ਮੋਹਾਲੀ 'ਚ ਹੁਣ ਲੱਗਣ ਜਾ ਰਿਹਾ ਆਈਫੋਨ ਦਾ ਲੰਗਰ: ਔਰਤਾਂ ਨੂੰ ਮਿਲੇਗਾ ਮੁਫ਼ਤ ਆਈਫੋਨ, ਬਸ ਕਰਨਾ ਹੋਏਗਾ ਆਹ ਕੰਮ….
ਮੋਹਾਲੀ ਦੇ ਫੇਜ਼-8ਬੀ ਇੰਡਸਟਰੀਅਲ ਏਰੀਏ ਨੂੰ ਵੱਡੀ ਸੌਗਾਤ: UGSR ਪ੍ਰੋਜੈਕਟ ਸ਼ੁਰੂ, ਨਹਿਰੀ ਪਾਣੀ ਨਾਲ ਮਿਲੇਗਾ ਸ਼ੁੱਧ ਪੀਣ ਦਾ ਪਾਣੀ
ਮੋਹਾਲੀ ਤੋਂ ਮੰਦਭਾਗੀ ਘਟਨਾ! ASI ਦੀ ਗੋਲੀ ਲੱਗਣ ਨਾਲ ਮੌਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ
ਮੋਹਾਲੀ ਦੇ ਡਿੰਪਲ ਕਤਲਕਾਂਡ 'ਚ 300 ਪੰਨਿਆਂ ਦੀ ਚਾਰਜਸ਼ੀਟ: 35 ਗਵਾਹ, ਚਾਕੂ ਆਨਲਾਈਨ ਮੰਗਵਾਏ, ਬੈਂਕ ਡਿਟੇਲ ਦਾ ਜ਼ਿਕਰ; ਦਫ਼ਤਰ 'ਚ ਵੜ ਕੇ ਕੀਤਾ ਸੀ ਕਤਲ

© Copyright Galactic Television & Communications Pvt. Ltd. 2026. All rights reserved.