ਮੋਹਾਲੀ ’ਚ 1 ਨਵੰਬਰ ਨੂੰ ਲੋੜਵੰਦ ਧੀਆਂ ਦੇ ਸਮੂਹਿਕ ਅਨੰਦ ਕਾਰਜ, MLA ਕੁਲਵੰਤ ਸਿੰਘ ਦੀ ਲੋਕਾਂ ਨੂੰ ਅਪੀਲ- ‘ਇਸ ਪੁੰਨ ਦੇ ਕਾਰਜ ’ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ’

ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ.) ਮੋਹਾਲੀ ਵੱਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ 1 ਨਵੰਬਰ 2026 ਨੂੰ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਜਾਣਗੇ।ਵਿਧਾਇਕ ਕੁਲਵੰਤ ਸਿੰਘ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਲੋਕਾਂ ਨੂੰ ਖਾਸ ਅਪੀਲ ਵੀ ਕੀਤੀ ਗਈ।

By:  Lajwinder Kaur October 14th 2026 10:26 AM -- Updated: October 14th 2026 10:41 AM

ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ.) ਮੋਹਾਲੀ ਵੱਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ 1 ਨਵੰਬਰ 2026 ਨੂੰ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਜਾਣਗੇ। ਇਸ ਸਬੰਧੀ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ। ਇਹ ਸਮਾਗਮ ਗੁਰਦੁਆਰਾ ਨਾਨਕ ਦਰਬਾਰ ਸਾਹਿਬ, ਸੈਕਟਰ 90-91, ਮੋਹਾਲੀ ਵਿਖੇ ਕਰਵਾਇਆ ਜਾਵੇਗਾ।

ਵਿਧਾਇਕ ਕੁਲਵੰਤ ਸਿੰਘ ਨੇ ਪੋਸਟਰ ਕੀਤਾ ਰਿਲੀਜ਼

ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਵੱਲੋਂ ਹਰ ਸਾਲ ਪ੍ਰਧਾਨ ਫੂਲਰਾਜ ਸਿੰਘ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਲਈ ਆਪਣਾ ਨਿੱਜੀ ਕੰਮ ਛੱਡ ਕੇ ਸਮਾਂ ਦੇਣਾ ਇੱਕ ਵੱਡੀ ਗੱਲ ਹੈ। ਸੋਸਾਇਟੀ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਇਸ ਨੇਕ ਕਾਰਜ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਸ਼ਲਾਘਾਯੋਗ ਹਨ ਅਤੇ ਇਸ ਨਾਲ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ।

ਸੋਸਾਇਟੀ ਦੇ ਪ੍ਰਧਾਨ ਅਤੇ ਸਟੇਟ ਐਵਾਰਡੀ ਫੂਲਰਾਜ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਸੋਸਾਇਟੀ ਅਤੇ ਕਲੱਬ ਦੇ ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਮਾਗਮ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਲੋੜਵੰਦ ਧੀਆਂ ਨੂੰ 80 ਹਜ਼ਾਰ ਰੁਪਏ ਦਾ ਘਰੇਲੂ ਸਮਾਨ ਮਿਲੇਗਾ

ਫੂਲਰਾਜ ਸਿੰਘ ਨੇ ਦੱਸਿਆ ਕਿ ਵਿਆਹ ਕਰਵਾਉਣ ਵਾਲੀਆਂ ਲੋੜਵੰਦ ਧੀਆਂ ਨੂੰ ਸੋਸਾਇਟੀ ਵੱਲੋਂ ਘਰੇਲੂ ਵਰਤੋਂ ਦਾ ਲਗਭਗ 80 ਹਜ਼ਾਰ ਰੁਪਏ ਦੀ ਕੀਮਤ ਦਾ ਸਮਾਨ ਵੀ ਦਿੱਤਾ ਜਾਵੇਗਾ। ਉਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੂਹਿਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ 20 ਅਕਤੂਬਰ 2026 ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ।

ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਦਿਆਂ ਸਿੱਖ, ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਨਾਲ ਸਬੰਧਤ ਰੀਤੀ-ਰਿਵਾਜਾਂ ਅਨੁਸਾਰ ਵਿਆਹ ਦੀਆਂ ਰਸਮਾਂ ਕਰਵਾਈਆਂ ਜਾਣਗੀਆਂ। ਇਸ ਉਪਰਾਲੇ ਲਈ ਲੜਕੀ ਦਾ ਪਰਿਵਾਰ ਪੰਜਾਬ ਦੇ ਕਿਸੇ ਵੀ ਇਲਾਕੇ ਜਾਂ ਦੇਸ਼ ਦੇ ਕਿਸੇ ਹੋਰ ਸੂਬੇ ਨਾਲ ਸਬੰਧਤ ਹੋ ਸਕਦਾ ਹੈ।

ਸਮਾਗਮ ਦੌਰਾਨ ਬਰਾਤੀਆਂ ਅਤੇ ਲੜਕੇ-ਲੜਕੀ ਦੇ ਪਰਿਵਾਰਕ ਮੈਂਬਰਾਂ ਲਈ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਸੋਸਾਇਟੀ ਵੱਲੋਂ ਕੀਤਾ ਜਾਵੇਗਾ।

ਸੋਸਾਇਟੀ ਅਤੇ ਕਲੱਬ ਦੀ ਟੀਮ ਵੱਲੋਂ ਤਿਆਰੀਆਂ ਜਾਰੀ

ਸਮਾਗਮ ਦੀਆਂ ਤਿਆਰੀਆਂ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਟਿਵਾਣਾ, ਮੀਤ ਪ੍ਰਧਾਨ ਨਿਹਾਲ ਸਿੰਘ ਵਿਰਕ ਅਤੇ ਬਲਵਿੰਦਰ ਸਿੰਘ ਗੁਰਾਇਆ, ਜਨਰਲ ਸਕੱਤਰ ਗੁਰਵੀਰ ਸਿੰਘ ਬੱਗਾ ਅਤੇ ਖ਼ਜ਼ਾਨਚੀ ਗੁਰਮੀਤ ਸਿੰਘ ਸਮੇਤ ਸਮੁੱਚੀ ਟੀਮ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਕਬੱਡੀ ਕੋਚ ਮੌਲੀ ਬੈਦਵਾਣ, ਸਰਪ੍ਰਸਤ ਹਰਮੇਸ਼ ਸਿੰਘ ਕੁੰਬੜਾ ਅਤੇ ਜਨਰਲ ਸਕੱਤਰ ਹਰਮਿੰਦਰ ਸਿੰਘ ਮਾਖਾ ਵੀ ਪ੍ਰਬੰਧਾਂ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਮਾਣਾ, ਤਰਲੋਚਨ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਭਾਟੀਆ, ਬਿਕਰਮ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਜਗਦੀਸ਼ ਸਿੰਘ, ਗੁਰਨਾਮ ਸਿੰਘ, ਹਰਜਿੰਦਰ ਸਿੰਘ ਹੁੰਦਲ, ਜਸਜੀਤ ਸਿੰਘ ਭਾਟੀਆ ਅਤੇ ਅਮਰਜੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

ਵਿਧਾਇਕ ਕੁਲਵੰਤ ਸਿੰਘ ਵੱਲੋਂ ਲੋਕਾਂ ਨੂੰ ਖਾਸ ਅਪੀਲ

ਵਿਧਾਇਕ ਕੁਲਵੰਤ ਸਿੰਘ ਨੇ ਵੀ ਆਪਣੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਪੁੰਨ ਦੇ ਕਾਰਜ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣ ਵਰਗੇ ਉਪਰਾਲਿਆਂ ਵਿੱਚ ਸਮਾਜ ਦੇ ਹਰ ਵਰਗ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

Related Post

ED ਖਿਲਾਫ 'ਆਪ' ਦਾ ਮੋਰਚਾ: ਗਮਾਡਾ ਦਫ਼ਤਰ ਬਾਹਰ AAP ਦਾ ਜ਼ਬਰਦਸਤ ਪ੍ਰਦਰਸ਼ਨ, ਭੱਖਿਆ ਮਾਹੌਲ
ਚੰਡੀਗੜ੍ਹ-ਮੋਹਾਲੀ 'ਚ ਹੁਣ ਲੱਗਣ ਜਾ ਰਿਹਾ ਆਈਫੋਨ ਦਾ ਲੰਗਰ: ਔਰਤਾਂ ਨੂੰ ਮਿਲੇਗਾ ਮੁਫ਼ਤ ਆਈਫੋਨ, ਬਸ ਕਰਨਾ ਹੋਏਗਾ ਆਹ ਕੰਮ….
ਮੋਹਾਲੀ ਦੇ ਫੇਜ਼-8ਬੀ ਇੰਡਸਟਰੀਅਲ ਏਰੀਏ ਨੂੰ ਵੱਡੀ ਸੌਗਾਤ: UGSR ਪ੍ਰੋਜੈਕਟ ਸ਼ੁਰੂ, ਨਹਿਰੀ ਪਾਣੀ ਨਾਲ ਮਿਲੇਗਾ ਸ਼ੁੱਧ ਪੀਣ ਦਾ ਪਾਣੀ
ਮੋਹਾਲੀ ਤੋਂ ਮੰਦਭਾਗੀ ਘਟਨਾ! ASI ਦੀ ਗੋਲੀ ਲੱਗਣ ਨਾਲ ਮੌਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ
ਗੋਲੀਆਂ ਦੇ ਨਾਲ ਦਹਿਲਿਆ ਮੋਹਾਲੀ! ਜਨਮਦਿਨ ਪਾਰਟੀ ਦੌਰਾਨ ਹੋਈ ਫਾਇਰਿੰਗ, 12ਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਜ਼ਖਮੀ
ਮੋਹਾਲੀ ਦੇ ਡਿੰਪਲ ਕਤਲਕਾਂਡ 'ਚ 300 ਪੰਨਿਆਂ ਦੀ ਚਾਰਜਸ਼ੀਟ: 35 ਗਵਾਹ, ਚਾਕੂ ਆਨਲਾਈਨ ਮੰਗਵਾਏ, ਬੈਂਕ ਡਿਟੇਲ ਦਾ ਜ਼ਿਕਰ; ਦਫ਼ਤਰ 'ਚ ਵੜ ਕੇ ਕੀਤਾ ਸੀ ਕਤਲ

© Copyright Galactic Television & Communications Pvt. Ltd. 2026. All rights reserved.