ਜਾਣੋ ਕਿਸ ਦੀ ਲੱਗੀ 12 ਕਰੋੜ ਦੀ ਲਾਟਰੀ! ਮਿਲ ਗਿਆ ਪਹਿਲੇ ਇਨਾਮ ਦਾ ਜੇਤੂ, ਭਾਵੁਕ ਹੁੰਦੇ ਬੋਲਿਆ- 'ਪਰਮਾਤਮਾ ਨੇ ਮੇਰੀ ਸੁਣ ਲਈ'
ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2026 ਦੇ 12 ਕਰੋੜ ਰੁਪਏ ਦੇ ਪਹਿਲੇ ਇਨਾਮ ਦੇ ਜੇਤੂ ਦੀ ਪਛਾਣ ਸਾਹਮਣੇ ਆ ਗਈ ਹੈ। ਇਹ ਬੰਪਰ ਇਨਾਮ ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਨੇੜਲੇ ਪਿੰਡ ਹੁਮਾਯੂੰਪੁਰ ਦੇ ਰਹਿਣ ਵਾਲੇ ਇੱਕ ਸਾਧਾਰਨ ਟਿੱਪਰ ਡਰਾਈਵਰ ਬਲਜਿੰਦਰ ਸਿੰਘ ਦਾ ਨਿਕਲਿਆ ਹੈ।
ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2026 ਦੇ 12 ਕਰੋੜ ਰੁਪਏ ਦੇ ਪਹਿਲੇ ਇਨਾਮ ਦੇ ਜੇਤੂ ਦੀ ਪਛਾਣ ਸਾਹਮਣੇ ਆ ਗਈ ਹੈ। ਇਹ ਬੰਪਰ ਇਨਾਮ ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਨੇੜਲੇ ਪਿੰਡ ਹੁਮਾਯੂੰਪੁਰ ਦੇ ਰਹਿਣ ਵਾਲੇ ਇੱਕ ਸਾਧਾਰਨ ਟਿੱਪਰ ਡਰਾਈਵਰ ਬਲਜਿੰਦਰ ਸਿੰਘ ਦਾ ਨਿਕਲਿਆ ਹੈ। 45 ਸਾਲਾ ਬਲਜਿੰਦਰ ਸਿੰਘ ਖੇਤੀਬਾੜੀ ਦੇ ਨਾਲ-ਨਾਲ ਸਟੋਨ ਕਰੱਸ਼ਰ 'ਤੇ ਟਿੱਪਰ ਚਲਾਉਣ ਦਾ ਕੰਮ ਕਰਦੇ ਹਨ ਅਤੇ ਦੋ ਬੱਚਿਆਂ ਦੇ ਪਿਤਾ ਹਨ।
15 ਸਾਲਾਂ ਦੀ ਉਡੀਕ ਹੋਈ ਪੂਰੀ:
ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 15 ਸਾਲਾਂ ਤੋਂ ਲਗਾਤਾਰ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ। ਉਨ੍ਹਾਂ ਨੇ ਬੀਤੀ 10 ਨਵੰਬਰ ਨੂੰ ਹੰਡੇਸਰਾ ਵਿਖੇ ਇੱਕ ਲਾਟਰੀ ਵਿਕਰੇਤਾ ਤੋਂ 500 ਰੁਪਏ ਦੀ ਟਿਕਟ ਖਰੀਦੀ ਸੀ। ਸੋਮਵਾਰ ਰਾਤ 11 ਵਜੇ ਉਨ੍ਹਾਂ ਨੂੰ ਫ਼ੋਨ ਰਾਹੀਂ 12 ਕਰੋੜ ਰੁਪਏ ਦੀ ਲਾਟਰੀ ਲੱਗਣ ਦੀ ਸੂਚਨਾ ਮਿਲੀ। ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਖੁਦ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਕਿ ਆਖਿਰਕਾਰ ਪਰਮਾਤਮਾ ਨੇ ਉਨ੍ਹਾਂ ਦੀ ਸੁਣ ਲਈ ਹੈ।
ਪਿੰਡ ਵਿੱਚ ਜਸ਼ਨ ਦਾ ਮਾਹੌਲ, ਦਸਤਾਵੇਜ਼ੀ ਕਾਰਵਾਈ ਸ਼ੁਰੂ:
ਇਸ ਵੱਡੀ ਜਿੱਤ ਤੋਂ ਬਾਅਦ ਬਲਜਿੰਦਰ ਸਿੰਘ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪੂਰੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਲੋਕ ਉਨ੍ਹਾਂ ਨੂੰ ਵਧਾਈਆਂ ਦੇਣ ਪਹੁੰਚ ਰਹੇ ਹਨ। ਪਿੰਡ ਦੇ ਸਰਪੰਚ ਦਲਬੀਰ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਦਾ ਪੁੱਤਰ ਬਲਜਿੰਦਰ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਨ੍ਹਾਂ ਕੋਲ ਸਿਰਫ਼ ਢਾਈ-ਤਿੰਨ ਏਕੜ ਜ਼ਮੀਨ ਹੈ। ਸਰਪੰਚ ਨੇ ਲਾਟਰੀ ਦੀ ਇਨਾਮੀ ਰਾਸ਼ੀ 5 ਕਰੋੜ ਤੋਂ ਵਧਾ ਕੇ 12 ਕਰੋੜ ਰੁਪਏ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।
ਫਿਲਹਾਲ ਬਲਜਿੰਦਰ ਸਿੰਘ ਨੇ ਇਨਾਮੀ ਰਾਸ਼ੀ ਖਰਚਣ ਬਾਰੇ ਕੋਈ ਯੋਜਨਾ ਨਹੀਂ ਬਣਾਈ ਹੈ ਅਤੇ ਉਨ੍ਹਾਂ ਦੀ ਪਹਿਲੀ ਤਰਜੀਹ ਦਸਤਾਵੇਜ਼ੀ ਕਾਰਵਾਈ ਪੂਰੀ ਕਰਨਾ ਹੈ। ਉਹ ਆਪਣੇ ਸਾਥੀਆਂ ਨਾਲ ਜ਼ੀਰਕਪੁਰ ਸਥਿਤ ਲਾਟਰੀ ਦਫ਼ਤਰ ਪਹੁੰਚੇ ਅਤੇ ਇਨਾਮ ਦਾ ਦਾਅਵਾ ਪੇਸ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਟੈਕਸ ਕੱਟ ਕੇ ਮਿਲੇਗੀ ਰਕਮ:
ਪੰਜਾਬ ਲਾਟਰੀ ਵਿਭਾਗ ਦੇ ਨਿਯਮਾਂ ਮੁਤਾਬਕ 12 ਕਰੋੜ ਰੁਪਏ ਵਿੱਚੋਂ 30 ਫੀਸਦੀ ਸਰਕਾਰੀ ਟੈਕਸ ਕੱਟਣ ਤੋਂ ਬਾਅਦ ਬਾਕੀ ਰਕਮ ਜੇਤੂ ਨੂੰ ਮਿਲੇਗੀ। ਜੇਤੂ ਨੂੰ ਆਪਣੀ ਅਸਲ ਟਿਕਟ ਅਤੇ ਦੋ ਪਛਾਣ ਪੱਤਰਾਂ ਸਮੇਤ ਡਾਇਰੈਕਟਰ ਲਾਟਰੀ ਵਿਭਾਗ ਦੇ ਦਫ਼ਤਰ ਵਿੱਚ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ, ਜਿਸ ਤੋਂ ਬਾਅਦ ਰਕਮ ਖਾਤੇ ਵਿੱਚ ਆਉਣ ਲਈ ਕਰੀਬ ਡੇਢ ਤੋਂ ਤਿੰਨ ਮਹੀਨੇ ਦਾ ਸਮਾਂ ਲੱਗਦਾ ਹੈ।
ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਨਾਮ:
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪਹਿਲਾ ਇਨਾਮ ਹੈ। ਇਸ ਤੋਂ ਪਹਿਲਾਂ ਜਨਵਰੀ 2025 ਦੇ ਲੋਹੜੀ-ਮਕਰ ਸੰਕ੍ਰਾਂਤੀ ਬੰਪਰ ਵਿੱਚ 10 ਕਰੋੜ ਅਤੇ ਦੀਵਾਲੀ ਬੰਪਰ 2025 ਵਿੱਚ ਪਹਿਲਾ ਇਨਾਮ 11 ਕਰੋੜ ਰੁਪਏ ਰੱਖਿਆ ਗਿਆ ਸੀ।