ਮੋਹਾਲੀ 'ਚ CM ਮਾਨ ਦਾ ਵੱਡਾ ਐਲਾਨ: 2800 ਡਿਪੂ ਹੋਲਡਰਾਂ ਨੂੰ ਦਿੱਤੇ ਲਾਇਸੈਂਸ, ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ
ਪੰਜਾਬ ਸਰਕਾਰ ਦੀ ਨਵੀਂ ਨੀਤੀ ਤਹਿਤ 2,800 ਨਵੇਂ ਰਾਸ਼ਨ ਡਿਪੂ ਖੋਲ੍ਹੇ ਜਾਣਗੇ, ਜਿਨ੍ਹਾਂ ਵਿੱਚੋਂ 633 ਐਸਸੀ, 199 ਬੀਸੀ, 181 ਸਾਬਕਾ ਫ਼ੌਜੀਆਂ, 156 ਦਿਵਿਆਂਗਜਨਾਂ ਸਮੇਤ ਵੱਖ-ਵੱਖ ਵਰਗਾਂ ਨੂੰ ਅਲਾਟ ਕੀਤੇ ਜਾਣਗੇ। ਇਸ ਨਾਲ ਕਰੀਬ 5.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਘਰ ਦੇ ਨੇੜੇ ਹੀ ਰਾਸ਼ਨ ਮਿਲੇਗਾ। ਫਿਲਹਾਲ ਸੂਬੇ ਵਿੱਚ 14,000 ਰਾਸ਼ਨ ਡਿਪੂਆਂ ਰਾਹੀਂ 40 ਲੱਖ ਪਰਿਵਾਰਾਂ ਨੂੰ ਮੁਫ਼ਤ ਕਣਕ ਅਤੇ 'ਮੇਰੀ ਰਸੋਈ' ਰਾਸ਼ਨ ਕਿੱਟ ਦਿੱਤੀ ਜਾ ਰਹੀ ਹੈ।
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿੱਚ ਇੱਕ ਸਮਾਗਮ ਦੌਰਾਨ ਪੰਜਾਬ ਦੇ 2800 ਡਿਪੂ ਹੋਲਡਰਾਂ ਨੂੰ ਨਵੇਂ ਲਾਇਸੈਂਸ ਸੌਂਪੇ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਸਿਰਫ਼ ਕੁਰਸੀ ਲਈ ਲੜਾਈ ਚੱਲ ਰਹੀ ਹੈ, ਜੋ ਅਜੇ ਮਿਲੀ ਨਹੀਂ ਹੈ ਅਤੇ ਪ੍ਰਮਾਤਮਾ ਕਰੇ ਕਿ ਮਿਲੇ ਵੀ ਨਾ। ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮੇਂ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਨਸ਼ਾ ਸਪਲਾਈ ਹੁੰਦਾ ਸੀ, ਜੋ ਮਜੀਠੀਆ ਦੇ ਇਸ਼ਾਰੇ 'ਤੇ ਹੁੰਦਾ ਸੀ। ਉਨ੍ਹਾਂ ਕਿਹਾ ਕਿ ਮਜੀਠੀਆ ਹੁਣ ਜ਼ਮਾਨਤ 'ਤੇ ਬਾਹਰ ਆ ਕੇ ਮੁੱਛਾਂ 'ਤੇ ਤਾਅ ਦਿੰਦੇ ਹਨ, ਜਿਵੇਂ ਕੋਈ ਵੱਡਾ ਕਿਲ੍ਹਾ ਫਤਿਹ ਕਰਕੇ ਆਏ ਹੋਣ। ਇਸ ਦੇ ਨਾਲ ਹੀ ਉਨ੍ਹਾਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪਿਛਲੇ ਦਿਨੀਂ ਗੁਰਦੁਆਰਿਆਂ ਦੇ ਬਾਹਰ ਉਨ੍ਹਾਂ ਦੇ ਬਾਈਕਾਟ ਦੇ ਪੋਸਟਰ ਲਗਾਏ ਸਨ।
ਬਾਈਕਾਟ ਕਰਨ ਨੂੰ ਲੈ ਕੇ ਵਿਰੋਧੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਬਹਿਬਲ ਕਲਾਂ ਕਾਂਡ ਹੋਇਆ ਸੀ, ਉਦੋਂ ਸੁਖਬੀਰ ਬਾਦਲ ਦੇ ਪੋਸਟਰ ਲਗਵਾਏ ਸੀ? ਉਨ੍ਹਾਂ ਦਾਅਵਾ ਕੀਤਾ ਕਿ ਉਹ (ਸੁਖਬੀਰ ਬਾਦਲ) ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮੰਨ ਚੁੱਕੇ ਹਨ ਕਿ ਉਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਹਨ। ਮੁੱਖ ਮੰਤਰੀ ਨੇ ਇੱਕ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਵਿਰੋਧੀ ਧਿਰਾਂ ਗਲਤੀ ਨਾਲ ਸੱਤਾ ਵਿੱਚ ਆ ਗਈਆਂ, ਤਾਂ ਉਹ ਸਾਰੀਆਂ ਸਰਕਾਰੀ ਸਕੀਮਾਂ ਬੰਦ ਕਰ ਦੇਣਗੀਆਂ।
ਮੁੱਖ ਮੰਤਰੀ ਨੇ ਅੱਗੇ ਕਿਹਾ:
ਜਿਹੜੇ ਲੋਕ ਵੇਟਰਾਂ ਨੂੰ ਦਸ-ਦਸ ਹਜ਼ਾਰ ਰੁਪਏ ਟਿਪ ਦਿੰਦੇ ਹਨ, ਉਨ੍ਹਾਂ ਨੂੰ ਡਿਪੂ ਹੋਲਡਰਾਂ ਨਾਲ ਕੀ ਲੈਣਾ-ਦੇਣਾ ਹੈ।
ਪੁਰਾਣੀਆਂ ਸਰਕਾਰਾਂ ਦੇ ਸਮੇਂ ਅਜਿਹੇ ਖੁਸ਼ੀ ਵਾਲੇ ਪ੍ਰੋਗਰਾਮ ਹੋਣੇ ਬੰਦ ਹੋ ਗਏ ਸਨ।
ਜਿਨ੍ਹਾਂ ਦੇ ਖੇਤਾਂ ਵਿੱਚ ਜਾ ਕੇ ਨਹਿਰਾਂ ਖਤਮ ਹੁੰਦੀਆਂ ਹਨ, ਉਨ੍ਹਾਂ ਨੂੰ ਮੋਗੇ ਬਾਰੇ ਕੀ ਪਤਾ ਹੈ।
ਜਿਨ੍ਹਾਂ ਦੇ ਘਰਾਂ ਵਿੱਚ ਸੋਨੇ ਦੀਆਂ ਟੂਟੀਆਂ ਵਾਲੇ ਨਲਾਂ ਤੋਂ ਪਾਣੀ ਆਉਂਦਾ ਹੈ, ਉਨ੍ਹਾਂ ਨੂੰ ਪਾਣੀ ਦੀ ਕੀਮਤ ਦਾ ਕੀ ਪਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਬੇਲਦਾਰਾਂ ਨੂੰ ਪੱਕਾ ਕੀਤਾ ਹੈ, ਜਿਨ੍ਹਾਂ ਨੇ 25-25 ਸਾਲ ਕੰਮ ਕੀਤਾ ਸੀ ਅਤੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਪੱਕੇ ਹੋਣਗੇ।
ਸਾਰੀਆਂ ਸਕੀਮਾਂ ਬੰਦ ਕਰਵਾ ਦੇਣਗੇ ਜੇ ਵਿਰੋਧੀ ਧਿਰ ਸੱਤਾ 'ਚ ਆਈ
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਸੱਤਾ ਵਿੱਚ ਆ ਗਈ ਤਾਂ ਉਹ ਸਾਰੀਆਂ ਸਕੀਮਾਂ ਬੰਦ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਵਿੱਚ ਪੋਸਟਰ ਲਗਾ ਕੇ ਲੋਕਾਂ ਨੂੰ ਕਿਹਾ ਕਿ ਭਗਵੰਤ ਮਾਨ ਦਾ ਬਾਈਕਾਟ ਕਰੋ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਜਦੋਂ ਬਹਿਬਲ ਕਲਾਂ ਕਾਂਡ ਹੋਇਆ ਸੀ, ਉਦੋਂ ਸੁਖਬੀਰ ਬਾਦਲ ਦੇ ਪੋਸਟਰ ਕਿਉਂ ਨਹੀਂ ਲਗਾਏ ਗਏ, ਜੋ ਕਿ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮੰਨ ਚੁੱਕੇ ਹਨ ਕਿ ਉਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਸਨ ਅਤੇ ਗੋਲੀ ਚਲਾਉਣ ਵਾਲੇ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ ਸਨ।
ਮੁੱਖ ਮੰਤਰੀ ਅਨੁਸਾਰ:
- ਪੋਸਟਰ ਲਗਾਉਣ ਵਾਲੇ ਆਪਣੀਆਂ ਪਤਨੀਆਂ ਕੋਲੋਂ ਤਿੰਨ-ਤਿੰਨ ਹਜ਼ਾਰ ਫਾਰਮ ਭਰਵਾ ਕੇ ਆਉਂਦੇ ਹਨ।
- ਭਗਵੰਤ ਮਾਨ ਨੂੰ ਮੂੰਹ ਨਾ ਲਗਾਉਣ ਦੀ ਗੱਲ ਕਰਨਾ ਉਨ੍ਹਾਂ ਦੀ ਇੱਕ ਚਾਲ ਹੈ ਅਤੇ ਉਹ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
- ਪੰਜਾਬ ਵਿੱਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਆਪਸ ਵਿੱਚ ਮਿਲੇ ਹੋਏ ਹਨ ਅਤੇ ਉਹ ਰੈਲੀਆਂ ਵਿੱਚ ਸਿਰਫ਼ ਉਨ੍ਹਾਂ (ਮੁੱਖ ਮੰਤਰੀ) ਬਾਰੇ ਹੀ ਬੋਲਦੇ ਹਨ।
- ਵਿਰੋਧੀ ਕਹਿੰਦੇ ਹਨ ਕਿ 1000-1500 ਰੁਪਏ ਦੇ ਕੇ ਔਰਤਾਂ ਦਾ ਦਿਮਾਗ ਖਰਾਬ ਕੀਤਾ ਜਾ ਰਿਹਾ ਹੈ, ਜਦਕਿ ਜਦੋਂ ਉਹ ਖੁਦ ਕਰੋੜਾਂ ਰੁਪਏ ਖਾ ਗਏ ਸਨ ਤਾਂ ਉਦੋਂ ਉਨ੍ਹਾਂ ਦਾ ਦਿਮਾਗ ਖਰਾਬ ਨਹੀਂ ਹੋਇਆ ਸੀ।
ਰਾਸ਼ਨ ਡਿਪੂਆਂ ਬਾਰੇ ਨਵੀਂ ਯੋਜਨਾ
- ਨਵੇਂ ਰਾਸ਼ਨ ਡਿਪੂ ਖੁੱਲ੍ਹਣ ਨਾਲ ਸੂਬੇ ਦੇ ਕਰੀਬ 5.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਰਾਸ਼ਨ ਮਿਲ ਸਕੇਗਾ।
- ਮਾਨ ਸਰਕਾਰ ਦਾ ਮੁੱਖ ਉਦੇਸ਼ ਹਰ ਪਿੰਡ ਅਤੇ ਸ਼ਹਿਰੀ ਖੇਤਰ ਵਿੱਚ ਡਿਪੂ ਸਥਾਪਿਤ ਕਰਨਾ ਹੈ, ਤਾਂ ਜੋ ਲੋਕਾਂ ਨੂੰ ਰਾਸ਼ਨ ਲੈਣ ਲਈ ਦੂਰ ਨਾ ਜਾਣਾ ਪਵੇ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
- ਨਵੀਂ ਨੀਤੀ ਤਹਿਤ ਅਲਾਟ ਕੀਤੇ ਜਾ ਰਹੇ 2800 ਰਾਸ਼ਨ ਡਿਪੂਆਂ ਵਿੱਚ ਸਮਾਜ ਦੇ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ।
ਮੌਜੂਦਾ ਸਮੇਂ ਵਿੱਚ, ਪੰਜਾਬ ਸਰਕਾਰ ਸੂਬੇ ਦੇ 14,000 ਰਾਸ਼ਨ ਡਿਪੂਆਂ ਰਾਹੀਂ ‘ਸਮਾਰਟ ਰਾਸ਼ਨ ਕਾਰਡ ਸਕੀਮ’ ਤਹਿਤ ਰਜਿਸਟਰਡ 40 ਲੱਖ ਪਰਿਵਾਰਾਂ ਨੂੰ ਮੁਫ਼ਤ ਕਣਕ ਅਤੇ ‘ਮੇਰੀ ਰਸੋਈ’ ਰਾਸ਼ਨ ਕਿੱਟਾਂ ਮੁਹੱਈਆ ਕਰਵਾ ਰਹੀ ਹੈ।