ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼: ਕਈ ਜ਼ਿਲ੍ਹਿਆਂ ‘ਚ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ, ਜਾਣੋ ਮਾਨਸੂਨ ਕਦੋਂ ਦੇਏਗੀ ਦਸਤਕ

By:  Lajwinder Kaur May 30th 2026 08:56 AM -- Updated: May 30th 2026 09:03 AM

ਸ਼ਨੀਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਸਵੇਰ ਦੇ ਸਮੇਂ ਪਠਾਨਕੋਟ ਵਿੱਚ ਭਾਰੀ ਗੜ੍ਹੇਮਾਰੀ ਹੋਈ, ਜਦੋਂ ਕਿ ਮੋਹਾਲੀ ਵਿੱਚ ਤੇਜ਼ ਮੀਂਹ ਪੈਣ ਦੀਆਂ ਖਬਰਾਂ ਹਨ। ਸੂਬੇ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਮੌਸਮ ਖਰਾਬ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ (ਟਰਾਈਸਿਟੀ) ਸਮੇਤ ਪੰਜਾਬ ਦੇ 13 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ, ਅਗਲੇ 2 ਘੰਟਿਆਂ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ।

ਮੌਸਮ ਹੋਇਆ ਖੁਸ਼ਗਵਾਰ

ਇਨ੍ਹਾਂ ਜ਼ਿਲ੍ਹਿਆਂ ਵਿੱਚ ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ (ਰਾਜਪੁਰਾ), ਰੂਪਨਗਰ, ਲੁਧਿਆਣਾ, ਜਲੰਧਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਮੁਤਾਬਕ ਪਹਾੜੀ ਇਲਾਕਿਆਂ ਵਿੱਚ ਹੋਈ ਬਾਰਿਸ਼ ਦੇ ਅਸਰ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 4 ਜੂਨ ਤੱਕ ਹੀਟ ਵੇਵ (ਲੂ) ਦਾ ਪ੍ਰਭਾਵ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।

ਮਾਨਸੂਨ ਪਿਛਲੇ 5 ਦਿਨਾਂ ਤੋਂ ਕੇਰਲ ਵਿੱਚ ਹੀ ਰੁਕਿਆ ਹੋਇਆ ਹੈ। ਹਾਲਾਂਕਿ, ਅਨੁਮਾਨ ਹੈ ਕਿ 25 ਜੂਨ ਤੱਕ ਮਾਨਸੂਨ ਪੰਜਾਬ ਵਿੱਚ ਦਸਤਕ ਦੇ ਸਕਦਾ ਹੈ। ਇਸ ਸਾਲ ਮਾਨਸੂਨ ਦੇ ਕਮਜ਼ੋਰ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ 'ਅਲ-ਨੀਨੋ' (El-Nino) ਦੇ ਪ੍ਰਭਾਵ ਨੂੰ ਮੰਨਿਆ ਜਾ ਰਿਹਾ ਹੈ।

ਅਲ-ਨੀਨੋ ਦੇ ਪ੍ਰਭਾਵ ਕਾਰਨ ਮਾਨਸੂਨੀ ਹਵਾਵਾਂ ਦੀ ਰਫ਼ਤਾਰ ਅਤੇ ਮੀਂਹ ਦਾ ਪੈਟਰਨ ਪ੍ਰਭਾਵਿਤ ਹੁੰਦਾ ਹੈ, ਜਿਸ ਕਰਕੇ ਲੁਧਿਆਣਾ, ਪਟਿਆਲਾ, ਬਠਿੰਡਾ, ਮਾਨਸਾ, ਸੰਗਰੂਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦਾ ਅਨੁਮਾਨ ਹੈ। ਦੂਜੇ ਪਾਸੇ, ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 4.6 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 43.4 ਡਿਗਰੀ ਰਿਕਾਰਡ ਕੀਤਾ ਗਿਆ, ਜਦਕਿ ਸੂਬੇ ਦਾ ਔਸਤ ਤਾਪਮਾਨ ਹੁਣ ਆਮ ਨਾਲੋਂ 2.8 ਡਿਗਰੀ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ, ਚੰਡੀਗੜ੍ਹ ਦੇ ਤਾਪਮਾਨ ਵਿੱਚ ਵੀ 4.4 ਡਿਗਰੀ ਦੀ ਕਮੀ ਆਈ ਹੈ।

ਮਾਨਸੂਨ ਨੂੰ ਲੈ ਕੇ ਸਾਹਮਣੇ ਆਇਆ ਵੱਡਾ ਅਪਡੇਟ

ਮਾਨਸੂਨ ਦੀ ਉੱਤਰੀ ਸੀਮਾ ਅਜੇ ਭਾਰਤ ਦੇ ਦੱਖਣੀ ਹਿੱਸਿਆਂ ਤੱਕ ਹੀ ਸੀਮਤ ਹੈ, ਭਾਵ ਮਾਨਸੂਨ ਨੇ ਅਜੇ ਪੂਰੇ ਭਾਰਤ ਵਿੱਚ ਦਸਤਕ ਨਹੀਂ ਦਿੱਤੀ ਹੈ, ਪਰ ਇਹ ਹੌਲੀ-ਹੌਲੀ ਅੱਗੇ ਵੱਧ ਰਿਹਾ ਹੈ। ਇਸ ਸਮੇਂ ਉੱਤਰ ਭਾਰਤ ਦੇ ਨੇੜੇ 'ਪੱਛਮੀ ਗੜਬੜੀ' (Western Disturbance) ਸਰਗਰਮ ਹੈ, ਜਿਸ ਕਾਰਨ ਬੱਦਲਵਾਈ, ਮੀਂਹ ਅਤੇ ਹਨੇਰੀ ਦੀ ਸਥਿਤੀ ਬਣੀ ਹੋਈ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਤੋਂ ਲੈ ਕੇ ਰਾਜਸਥਾਨ ਅਤੇ ਅਰਬ ਸਾਗਰ ਤੱਕ ਹਵਾ ਦਾ ਇੱਕ ਘੱਟ ਦਬਾਅ ਵਾਲਾ ਸਿਸਟਮ (ਟਰਫ) ਫੈਲਿਆ ਹੋਇਆ ਹੈ, ਜੋ ਹੇਠਲੇ ਪੱਧਰ 'ਤੇ ਮੌਸਮੀ ਹਾਲਾਤਾਂ ਨੂੰ ਅਸਥਿਰ ਬਣਾ ਰਿਹਾ ਹੈ।

ਮੌਸਮ ਵਿਭਾਗ ਨੇ ਆਖੀ ਇਹ ਗੱਲ

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ 30 ਮਈ ਨੂੰ ਵੀ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਹਾਲਾਂਕਿ, 31 ਮਈ ਤੋਂ 4 ਜੂਨ ਤੱਕ ਸਿਰਫ਼ ਕੁਝ ਥਾਵਾਂ 'ਤੇ ਹੀ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ।

ਇਸ ਦੌਰਾਨ, ਅਗਲੇ ਤਿੰਨ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 6 ਤੋਂ 8 ਡਿਗਰੀ ਤੱਕ ਦੀ ਗਿਰਾਵਟ ਆਵੇਗੀ, ਜਿਸ ਨਾਲ ਮੌਸਮ ਖੁਸ਼ਗਵਾਰ ਅਤੇ ਠੰਢਾ ਰਹੇਗਾ। ਇਸ ਤੋਂ ਬਾਅਦ 4 ਜੂਨ ਤੋਂ ਤਾਪਮਾਨ ਵਿੱਚ ਦੁਬਾਰਾ ਹੌਲੀ-ਹੌਲੀ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ।

ਮੌਸਮ ਵਿਭਾਗ ਅਨੁਸਾਰ, ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮਾਨਸੂਨ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਹੋਣ ਕਾਰਨ ਇਹਨਾਂ ਜ਼ਿਲ੍ਹਿਆਂ ਵਿੱਚ ਬਿਹਤਰ ਬਾਰਿਸ਼ ਹੋਣ ਦੀ ਉਮੀਦ ਹੈ।

ਦੂਜੇ ਪਾਸੇ, ਮੱਧ ਅਤੇ ਦੱਖਣ-ਪੱਛਮੀ ਜ਼ਿਲ੍ਹਿਆਂ ਜਿਵੇਂ ਕਿ ਲੁਧਿਆਣਾ, ਪਟਿਆਲਾ, ਬਠਿੰਡਾ, ਮਾਨਸਾ, ਸੰਗਰੂਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦਾ ਅਨੁਮਾਨ ਹੈ। ਕਿਉਂਕਿ ਇਹ ਇਲਾਕੇ ਮੁੱਖ ਤੌਰ 'ਤੇ ਖੇਤੀਬਾੜੀ 'ਤੇ ਨਿਰਭਰ ਹਨ, ਇਸ ਲਈ ਘੱਟ ਬਾਰਿਸ਼ ਹੋਣ ਦਾ ਅਸਰ ਫ਼ਸਲਾਂ ਉੱਤੇ ਵੀ ਪੈ ਸਕਦਾ ਹੈ।

ਆਉਣ ਵਾਲੇ 3 ਦਿਨਾਂ ਦਾ ਮੌਸਮ:

31 ਮਈ: ਪਠਾਨਕੋਟ, ਹੁਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਅਤੇ ਰੂਪਨਗਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

1 ਜੂਨ: ਮੌਸਮ ਦੇ ਆਮ ਰਹਿਣ ਦੇ ਆਸਾਰ ਹਨ ਅਤੇ ਕੋਈ ਵੀ ਮੌਸਮ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

2 ਜੂਨ: ਰਾਜ ਵਿੱਚ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਮੌਸਮ ਅਲਰਟ ਨਹੀਂ ਹੈ, ਮੌਸਮ ਦੇ ਆਮ ਬਣੇ ਰਹਿਣ ਦੀ ਉਮੀਦ ਹੈ।

Related Post

ਪੰਜਾਬ ਸਰਕਾਰ ਵੱਲੋਂ ਸਮਾਣਾ ਵਾਸੀਆਂ ਨੂੰ ਵੱਡਾ ਤੋਹਫਾ! ਇਸ ਕੰਮ ਲਈ ਖਰਚੇ ਜਾਣਗੇ ਕਰੋੜਾਂ ਰੁਪਏ, ਕਿਸਾਨਾਂ ਸਣੇ ਆਮ ਲੋਕਾਂ ਨੂੰ ਮਿਲੇਗਾ ਲਾਭ
ਪੰਜਾਬੀ ਇੰਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ 'ਚ ਨਵਾਂ ਮੋੜ; ਇੰਸਟਾਗ੍ਰਾਮ ਅਕਾਊਂਟ ਤੋਂ ਲੈ ਕੇ ਆਖਰੀ ਕਾਲਾਂ ਤੱਕ ਪੁਲਿਸ ਕਰ ਰਹੀ ਜਾਂਚ, FIR ਦਰਜ
ਸਿਆਸੀ ਹਲਚਲ ਤੇਜ਼! ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ, ਬੋਲੇ- ‘ਗਠਜੋੜ ਹਾਲਾਤਾਂ…’
ਪੰਜਾਬ 'ਚ ਮਾਨਸੂਨ ਹੋਇਆ ਸੁਸਤ; 5 ਜ਼ਿਲ੍ਹਿਆਂ 'ਚ ਅੱਜ ਮੀਂਹ ਦੇ ਆਸਾਰ: ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ, ਗਰਮੀ ਤੇ ਹੁੰਮਸ ਵਧੀ
ਚੋਰਾਂ ਨੇ ਮਾਸੂਮ ਬੱਚਿਆਂ ਦੇ ਖਾਣੇ ਨੂੰ ਵੀ ਨਹੀਂ ਬਖਸ਼ਿਆ! ਮਿਡ-ਡੇ ਮੀਲ ਦੇ ਰਾਸ਼ਨ ‘ਤੇ ਕੀਤਾ ਹੱਥ ਸਾਫ, ਕਣਕ-ਚੌਲਾਂ ਦੀਆਂ ਬੋਰੀਆਂ ਕੀਤੀਆਂ ਚੋਰੀਆਂ
ਜਸਵੀਰ ਸਿੰਘ ਗੜ੍ਹੀ ਨੇ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ, ਆਮ ਆਦਮੀ ਪਾਰਟੀ ਨੇ ਦਿੱਤੀ ਅਹਿਮ ਜ਼ਿੰਮੇਵਾਰੀ

© Copyright Galactic Television & Communications Pvt. Ltd. 2026. All rights reserved.