ਪੰਜਾਬ-ਚੰਡੀਗੜ੍ਹ 'ਚ 3 ਦਿਨ ਮੀਂਹ ਦਾ ਅਲਰਟ, ਪਠਾਨਕੋਟ-ਜਲੰਧਰ 'ਚ ਸਵੇਰ ਤੋਂ ਮੀਂਹ; 28 ਤੇ 29 ਜੁਲਾਈ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਅਲਰਟ
ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਪੂਰੀ ਤਰ੍ਹਾਂ ਐਕਟਿਵ ਨਜ਼ਰ ਆ ਰਿਹਾ ਹੈ। ਪਠਾਨਕੋਟ ਅਤੇ ਜਲੰਧਰ ਵਿੱਚ ਸ਼ਨੀਵਾਰ ਸਵੇਰ ਤੋਂ ਬਾਰਸ਼ ਹੋ ਰਹੀ ਹੈ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਿਛਲੇ 24 ਘੰਟਿਆਂ ਦੌਰਾਨ ਕਪੂਰਥਲਾ ਵਿੱਚ ਸਭ ਤੋਂ ਵੱਧ 40.0 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।
Punjab Weather: ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਪੂਰੀ ਤਰ੍ਹਾਂ ਐਕਟਿਵ ਨਜ਼ਰ ਆ ਰਿਹਾ ਹੈ। ਪਠਾਨਕੋਟ ਅਤੇ ਜਲੰਧਰ ਵਿੱਚ ਸ਼ਨੀਵਾਰ ਸਵੇਰ ਤੋਂ ਬਾਰਸ਼ ਹੋ ਰਹੀ ਹੈ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਿਛਲੇ 24 ਘੰਟਿਆਂ ਦੌਰਾਨ ਕਪੂਰਥਲਾ ਵਿੱਚ ਸਭ ਤੋਂ ਵੱਧ 40.0 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।
ਮੌਸਮ ਵਿਭਾਗ ਮੁਤਾਬਕ, ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 26 ਜੁਲਾਈ ਨੂੰ ਕਈ ਜ਼ਿਲ੍ਹਿਆਂ ਵਿੱਚ ਘੱਟ ਬਾਰਸ਼ ਦੇ ਆਸਾਰ ਹਨ। ਇਸ ਤੋਂ ਬਾਅਦ 27 ਜੁਲਾਈ ਤੋਂ ਫਿਰ ਬਾਰਿਸ਼ ਦਾ ਦੌਰ ਤੇਜ਼ ਹੋਣ ਦੀ ਸੰਭਾਵਨਾ ਹੈ।
28-29 ਜੁਲਾਈ ਲਈ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ, 30 ਜੁਲਾਈ ਨੂੰ ਵੀ ਸੂਬੇ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਜਾਰੀ ਰਹਿਣ ਦਾ ਅਨੁਮਾਨ ਹੈ।
ਉੱਧਰ, ਹਿਮਾਚਲ ਪ੍ਰਦੇਸ਼ ਵਿੱਚ ਮੰਡੀ-ਧਰਮਪੁਰ ਨੈਸ਼ਨਲ ਹਾਈਵੇਅ-3 ਵਾਹਨਾਂ ਲਈ ਬੰਦ ਹੋ ਗਿਆ। ਬੀਤੀ ਰਾਤ ਰੋਪੜੂ ਨਾਲਾ ਨੇੜੇ ਹਾਈਵੇਅ 'ਤੇ ਭਾਰੀ ਲੈਂਡਸਲਾਈਡ ਹੋਈ। ਗਨੀਮਤ ਇਹ ਰਹੀ ਕਿ ਭੂ-ਖਕਲਣ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉੱਥੇ ਹੀ ਸੂਬੇ ਵਿੱਚ ਅੱਜ ਅਤੇ ਕੱਲ੍ਹ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਤਾਪਮਾਨ ਵਿੱਚ 2.5 ਡਿਗਰੀ ਸੈਲਸੀਅਸ ਦਾ ਵਾਧਾ
ਮੌਸਮ ਵਿਭਾਗ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 2.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਦੇ ਆਸ-ਪਾਸ ਬਣਿਆ ਹੋਇਆ ਹੈ। ਉੱਥੇ ਹੀ ਫ਼ਰੀਦਕੋਟ 36.5 ਡਿਗਰੀ ਸੈਲਸੀਅਸ ਦੇ ਵੱਧ ਤੋਂ ਵੱਧ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ।
ਕਪੂਰਥਲਾ ਵਿੱਚ ਸਭ ਤੋਂ ਵੱਧ ਬਾਰਿਸ਼, ਪਠਾਨਕੋਟ ਵਿੱਚ 30 ਮਿਲੀਮੀਟਰ
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਕੁਝ ਥਾਵਾਂ 'ਤੇ ਗਰਜ-ਚਮਕ ਨਾਲ ਤੇਜ਼ ਹਵਾਵਾਂ ਵੀ ਚੱਲੀਆਂ। ਸਭ ਤੋਂ ਵੱਧ 40.0 ਮਿਲੀਮੀਟਰ ਬਾਰਸ਼ ਕਪੂਰਥਲਾ ਵਿੱਚ ਹੋਈ। ਇਸ ਤੋਂ ਇਲਾਵਾ ਪਠਾਨਕੋਟ ਵਿੱਚ 30.0 ਮਿਲੀਮੀਟਰ, ਰੂਪਨਗਰ ਦੇ ਭਾਖੜਾ ਡੈਮ ਵਿੱਚ 26.5 ਮਿਲੀਮੀਟਰ, ਅੰਮ੍ਰਿਤਸਰ ਵਿੱਚ 20.6 ਮਿਲੀਮੀਟਰ, ਫ਼ਰੀਦਕੋਟ ਵਿੱਚ 16.0 ਮਿਲੀਮੀਟਰ, ਗੁਰਦਾਸਪੁਰ ਵਿੱਚ 15.0 ਮਿਲੀਮੀਟਰ ਅਤੇ ਹੁਸ਼ਿਆਰਪੁਰ ਵਿੱਚ 11.0 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ।
ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 36.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ, ਪਠਾਨਕੋਟ ਵਿੱਚ ਘੱਟੋ-ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਰਿਹਾ, ਜੋ ਪੰਜਾਬ ਵਿੱਚ ਸਭ ਤੋਂ ਘੱਟ ਸੀ, ਜਦੋਂ ਕਿ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਚੰਡੀਗੜ੍ਹ ਵਿੱਚ 25 ਤੋਂ 29 ਜੁਲਾਈ ਤੱਕ ਮੌਸਮ ਬਦਲਦਾ ਰਹੇਗਾ। 25 ਜੁਲਾਈ ਨੂੰ ਬੱਦਲ ਛਾਏ ਰਹਿਣ ਅਤੇ ਗਰਜ ਨਾਲ ਬਾਰਿਸ਼ ਦੀ ਸੰਭਾਵਨਾ ਹੈ, ਜਿਸ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
ਗਰਜ ਨਾਲ ਮੀਂਹ ਪੈ ਸਕਦਾ
26 ਜੁਲਾਈ ਨੂੰ ਬੱਦਲ ਛਾਏ ਰਹਿਣਗੇ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ, ਜਿਸ ਦਾ ਤਾਪਮਾਨ 36 ਡਿਗਰੀ ਸੈਲਸੀਅਸ ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। 27 ਜੁਲਾਈ ਨੂੰ ਆਂਸ਼ਿਕ ਬੱਦਲ ਛਾਏ ਰਹਿਣ ਦੇ ਨਾਲ ਗਰਜ-ਚਮਕ ਅਤੇ ਬਾਰਸ਼ ਹੋ ਸਕਦੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
28 ਜੁਲਾਈ ਨੂੰ ਘਣੇ ਬੱਦਲਾਂ ਦੇ ਨਾਲ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 29 ਜੁਲਾਈ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋ ਸਕਦੀ ਹੈ, ਜਿਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਕਰੀਬ 33 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 26 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।