ਪੰਜਾਬ 'ਚ ਮੁੜ ਬਦਲਿਆ ਮੌਸਮ, ਛਾਏ ਕਾਲੇ ਬੱਦਲ; 12 ਜ਼ਿਲ੍ਹਿਆਂ 'ਚ ਮੀਂਹ-ਹਨੇਰੀ ਦਾ ਅਲਰਟ, ਤਿੰਨ ਦਿਨ ਬਦਲਿਆ ਰਹੇਗਾ ਮੌਸਮ

By:  Lajwinder Kaur June 22nd 2026 09:52 AM -- Updated: June 22nd 2026 10:03 AM

ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਮੀਂਹ ਪੈਣ, ਬਿਜਲੀ ਚਮਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉੱਥੇ ਹੀ, ਚੰਡੀਗੜ੍ਹ ਵਿੱਚ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ। ਮੌਸਮ ਦੀ ਇਹ ਸਥਿਤੀ ਅਗਲੇ ਤਿੰਨ ਦਿਨਾਂ ਤੱਕ ਬਣੀ ਰਹੇਗੀ।

ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਹੁਣ ਆਮ ਨਾਲੋਂ 2.5 ਡਿਗਰੀ ਜ਼ਿਆਦਾ ਹੋ ਗਿਆ ਹੈ। ਬਠਿੰਡਾ ਵਿੱਚ ਤਾਪਮਾਨ 42.5 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ (Meteorological Center), ਚੰਡੀਗੜ੍ਹ ਅਨੁਸਾਰ ਅੱਜ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ-ਚਮਕ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਅਸਮਾਨੀ ਬਿਜਲੀ ਡਿੱਗਣ ਦਾ ਵੀ ਅਨੁਮਾਨ ਹੈ।

ਐਤਵਾਰ ਰਾਤ ਚੰਡੀਗੜ੍ਹ (chandigarh) ਦੇ ਨਾਲ-ਨਾਲ ਮੋਹਾਲੀ, ਜਲੰਧਰ ਅਤੇ ਲੁਧਿਆਣਾ ਵਿੱਚ ਮੀਂਹ ਪਿਆ ਅਤੇ ਤੇਜ਼ ਹਨੇਰੀ ਵੀ ਚੱਲੀ। ਇਸੇ ਦੌਰਾਨ ਫਾਜ਼ਿਲਕਾ ਦੇ ਅਬੋਹਰ ਵਿੱਚ ਤੇਜ਼ ਹਨੇਰੀ ਕਾਰਨ ਇੱਕ ਰੁੱਖ ਡਿੱਗ ਗਿਆ, ਜਿਸ ਦੇ ਹੇਠਾਂ ਦੱਬਣ ਨਾਲ ਇੱਕ ਡੇਅਰੀ ਸੰਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਕੰਧਵਾਲਾ ਰੋਡ 'ਤੇ ਨਹਿਰ ਦੇ ਨੇੜੇ ਵਾਪਰਿਆ।

ਬਿਜਲੀ ਦੀ ਮੰਗ 'ਚ ਵਾਧਾ

ਪੰਜਾਬ ਵਿੱਚ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਐਤਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਅਧਿਕਤਮ ਮੰਗ 13770 ਮੈਗਾਵਾਟ ਦਰਜ ਕੀਤੀ ਗਈ। ਸ਼ਾਮ ਪੌਣੇ ਸੱਤ ਵਜੇ ਤੱਕ ਬਿਜਲੀ ਦੀ ਮੰਗ 13770 ਮੈਗਾਵਾਟ ਦੇ ਅੰਕੜੇ ਤੱਕ ਪਹੁੰਚ ਗਈ ਸੀ। ਇਸ ਦੌਰਾਨ ਸੂਬੇ ਨੇ ਕੇਂਦਰ ਤੋਂ 7300 ਮੈਗਾਵਾਟ ਬਿਜਲੀ ਲਈ, ਜਦਕਿ ਪੰਜਾਬ ਦਾ ਆਪਣਾ ਕੁੱਲ ਬਿਜਲੀ ਉਤਪਾਦਨ 2600 ਮੈਗਾਵਾਟ ਦਰਜ ਕੀਤਾ ਗਿਆ ਹੈ।

ਭਾਰਤੀ ਮੌਸਮ ਵਿਭਾਗ ਅਨੁਸਾਰ 1 ਜੂਨ ਤੋਂ 21 ਜੂਨ ਤੱਕ ਪੰਜਾਬ ਵਿੱਚ ਔਸਤਨ 21.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ 30.4 ਮਿਲੀਮੀਟਰ ਦੇ ਮੁਕਾਬਲੇ 28 ਫੀਸਦੀ ਘੱਟ ਹੈ। ਇਸ ਦੌਰਾਨ ਨਵਾਂਸ਼ਹਿਰ ਵਿੱਚ ਸਭ ਤੋਂ ਵੱਧ 71.5 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਨਾਲੋਂ 45 ਫੀਸਦੀ ਜ਼ਿਆਦਾ ਹੈ। ਇਸ ਤੋਂ ਬਾਅਦ ਲੁਧਿਆਣਾ ਵਿੱਚ 44.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਆਮ ਨਾਲੋਂ 41 ਫੀਸਦੀ ਜ਼ਿਆਦਾ ਹੈ।

ਤਰਨਤਾਰਨ ਵਿੱਚ 21.9 ਮਿਲੀਮੀਟਰ ਬਾਰਿਸ਼ ਨਾਲ ਆਮ ਨਾਲੋਂ 53 ਫੀਸਦੀ ਵੱਧ ਵਰਖਾ ਹੋਈ, ਜਦਕਿ ਅੰਮ੍ਰਿਤਸਰ ਵਿੱਚ 33.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਆਮ ਨਾਲੋਂ 26 ਫੀਸਦੀ ਜ਼ਿਆਦਾ ਹੈ। ਬਰਨਾਲਾ ਵਿੱਚ ਸਿਰਫ਼ 4.8 ਮਿਲੀਮੀਟਰ ਬਾਰਿਸ਼ ਹੋਈ, ਜੋ ਆਮ ਨਾਲੋਂ 85 ਫੀਸਦੀ ਘੱਟ ਹੈ। ਹੁਸ਼ਿਆਰਪੁਰ ਵਿੱਚ 11.2 ਮਿਲੀਮੀਟਰ ਬਾਰਿਸ਼ ਦੇ ਨਾਲ 71 ਫੀਸਦੀ ਦੀ ਕਮੀ ਰਹੀ। ਸੰਗਰੂਰ ਵਿੱਚ 10.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਆਮ ਨਾਲੋਂ 66 ਫੀਸਦੀ ਘੱਟ ਹੈ। ਇਸੇ ਤਰ੍ਹਾਂ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ 20.4 ਮਿਲੀਮੀਟਰ ਬਾਰਿਸ਼ ਹੋਈ, ਜੋ ਆਮ ਨਾਲੋਂ 61 ਫੀਸਦੀ ਘੱਟ ਹੈ।

ਸੂਬੇ ਦੇ ਪ੍ਰਮੁੱਖ ਸ਼ਹਿਰਾਂ ਦਾ ਤਾਪਮਾਨ

ਬਠਿੰਡਾ: 41.0 ਡਿਗਰੀ ਸੈਲਸੀਅਸ

ਪਟਿਆਲਾ ਅਤੇ ਫਾਜ਼ਿਲਕਾ: 40.6 ਡਿਗਰੀ ਸੈਲਸੀਅਸ

ਪਠਾਨਕੋਟ: 39.9 ਡਿਗਰੀ ਸੈਲਸੀਅਸ

ਚੰਡੀਗੜ੍ਹ ਅਤੇ ਲੁਧਿਆਣਾ: 39.8 ਡਿਗਰੀ ਸੈਲਸੀਅਸ

ਫਰੀਦਕੋਟ: 39.5 ਡਿਗਰੀ ਸੈਲਸੀਅਸ

ਰੂਪਨਗਰ: 39.1 ਡਿਗਰੀ ਸੈਲਸੀਅਸ

ਫਿਰੋਜ਼ਪੁਰ: 39.0 ਡਿਗਰੀ ਸੈਲਸੀਅਸ

ਅੰਮ੍ਰਿਤਸਰ: 38.3 ਡਿਗਰੀ ਸੈलਸੀਅਸ

ਮੋਹਾਲੀ: 38.2 ਡਿਗਰੀ ਸੈਲਸੀਅਸ

ਐਸ.ਬੀ.ਐਸ. ਨਗਰ: 37.3 ਡਿਗਰੀ ਸੈਲਸੀਅਸ

ਹੁਸ਼ਿਆਰਪੁਰ: 37.1 ਡਿਗਰੀ ਸੈਲਸੀਅਸ

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ 24 ਜੂਨ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਵਿੱਚ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦਾ ਅਨੁਮਾਨ ਹੈ।

ਆਉਣ ਵਾਲੇ ਤਿੰਨ ਦਿਨਾਂ ਦਾ ਮੌਸਮ ਦਾ ਹਾਲ ਇਸ ਪ੍ਰਕਾਰ ਹੈ:

23 ਜੂਨ: ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਵਿੱਚ ਮੀਂਹ ਪੈਣ ਅਤੇ ਹਨੇਰੀ ਚੱਲਣ ਦੀ ਸੰਭਾਵਨਾ ਹੈ।

24 ਜੂਨ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਅਤੇ ਰੂਪਨਗਰ ਵਿੱਚ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

25 ਜੂਨ: ਇਸ ਦਿਨ ਸੂਬੇ ਵਿੱਚ ਮੌਸਮ ਸਬੰਧੀ ਕੋਈ ਅਲਰਟ ਨਹੀਂ ਹੈ ਅਤੇ ਮੌਸਮ ਖੁਸ਼ਕ ਰਹੇਗਾ।


Related Post

ਪੰਜਾਬ 'ਚ ਬਦਲਿਆ ਮੌਸਮ: 7 ਜ਼ਿਲ੍ਹਿਆਂ 'ਚ ਮੀਂਹ ਤੇ ਹਨੇਰੀ ਦਾ ਯੈਲੋ ਅਲਰਟ, ਤਾਪਮਾਨ 'ਚ 2.4 ਡਿਗਰੀ ਦੀ ਗਿਰਾਵਟ
ਵੱਡੀ ਵਾਰਦਾਤ: ‘ਆਪ’ ਆਗੂ ਸਿਕੰਦਰ ਸਿੰਘ ਖਿੱਦੋਵਾਲੀ 'ਤੇ ਹਮਲਾ, ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ; ਵਾਲ-ਵਾਲ ਬਚੇ ਆਗੂ
ਜੀਟੀਸੀ ਦੇ ਮੰਚ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਐਲਾਨ; ਮੁਲਾਜ਼ਮਾਂ ਦੇ DA ਤੇ ਮਹਿਲਾਵਾਂ ਦੀ ਸਨਮਾਨ ਰਾਸ਼ੀ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ!
ਪੁਲਿਸ ਵਿਭਾਗ ਵੱਲੋਂ ਵੱਡਾ ਐਕਸ਼ਨ! 5 ਪੁਲਿਸ ਮੁਲਾਜ਼ਮਾਂ 'ਤੇ ਡਿੱਗੀ ਗਾਜ, ਜਾਣੋ ਕਿਸ ਵਜ੍ਹਾ ਕਰਕੇ ਕੀਤਾ ਸਸਪੈਂਡ
ਜਲੰਧਰ 'ਚ ਬਦਲਿਆ ਮੌਸਮ: ਪੰਜਾਬ ਦੇ ਕਈ ਇਲਾਕਿਆਂ 'ਚ 50 KM ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਮੀਂਹ ਤੇ ਤੂਫਾਨ ਦੀ ਚੇਤਾਵਨੀ
GTC CONCLAVE 2026: ਮੰਤਰੀਆਂ ਦੀ ਮੌਜੂਦਗੀ 'ਚ ਪੰਜਾਬ ਦੇ ਵਿਕਾਸ ਮਾਡਲ 'ਤੇ ਚਰਚਾ

© Copyright Galactic Television & Communications Pvt. Ltd. 2026. All rights reserved.