ਪੰਜਾਬ ‘ਚ 6 ਜੂਨ ਤੱਕ ਹਨੇਰੀ-ਤੂਫਾਨ ਸਣੇ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ, ਜਾਣੋ ਮਾਨਸੂਨ ਕਦੋਂ ਦਏਗਾ ਦਸਤਕ!

By:  Lajwinder Kaur June 4th 2026 09:43 AM -- Updated: June 4th 2026 09:57 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਯਾਨੀਕਿ 4 ਜੂਨ ਤੋਂ 6 ਜੂਨ ਤੱਕ ਮੀਂਹ ਅਤੇ ਹਨੇਰੀ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਤੇਜ਼ ਹਵਾਵਾਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਮੌਸਮ ਮੁੜ ਖੁਸ਼ਕ ਹੋ ਜਾਵੇਗਾ। ਫਿਲਹਾਲ ਲੋਕਾਂ ਨੂੰ ਹੀਟਵੇਵ ਤੋਂ ਰਾਹਤ ਮਿਲਦੀ ਰਹੇਗੀ। 

ਜੂਨ ਦੀ ਸ਼ੁਰੂਆਤ ਦੇ ਨਾਲ ਹੀ ਗਰਮੀ ਨੇ ਮੁੜ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਸਾਰ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 2.7 ਡਿਗਰੀ ਘੱਟ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 42.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਅੱਜ ਮੀਂਹ ਪੈਣ ਦੀ ਪੇਸ਼ੀਨਗੋਈ

ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। 5 ਜੂਨ ਤੋਂ ਮੀਂਹ ਦਾ ਅਸਰ ਪੱਛਮੀ ਇਲਾਕਿਆਂ ਵਿੱਚ ਘੱਟ ਹੋ ਕੇ ਹੌਲੀ-ਹੌਲੀ ਪੂਰਬੀ ਇਲਾਕਿਆਂ ਵੱਲ ਵਧ ਜਾਵੇਗਾ। ਇਸੇ ਤਰ੍ਹਾਂ ਅੱਜ ਅਤੇ ਕੱਲ੍ਹ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ, ਜਿੱਥੇ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਵੀ ਪੈ ਸਕਦਾ ਹੈ। ਫਿਲਹਾਲ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 35 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ ਹੈ।

ਜੂਨ ਮਹੀਨੇ ਵਿੱਚ ਹੁਣ ਤੱਕ 23 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। 3 ਜੂਨ 2026 ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਪਿਛਲੇ 24 ਘੰਟਿਆਂ ਦੌਰਾਨ (2 ਜੂਨ ਸਵੇਰੇ 8:30 ਵਜੇ ਤੋਂ 3 ਜੂਨ ਸਵੇਰੇ 8:30 ਵਜੇ ਤੱਕ) ਅੰਮ੍ਰਿਤਸਰ ਵਿੱਚ 7.8 ਮਿਲੀਮੀਟਰ, ਤਰਨਤਾਰਨ ਵਿੱਚ 4.7 ਮਿਲੀਮੀਟਰ, ਗੁਰਦਾਸਪੁਰ ਵਿੱਚ 3.8 ਮਿਲੀਮੀਟਰ, ਫਿਰੋਜ਼ਪੁਰ ਵਿੱਚ 2.2 ਮਿਲੀਮੀਟਰ ਅਤੇ ਫਰੀਦਕੋਟ ਵਿੱਚ 0.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ।

ਦੂਜੇ ਪਾਸੇ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਪਿਆ। ਪੰਜਾਬ ਵਿੱਚ ਔਸਤਨ ਬਾਰਿਸ਼ 1.2 ਮਿਲੀਮੀਟਰ ਦਰਜ ਕੀਤੀ ਗਈ ਹੈ, ਜੋ ਕਿ ਆਮ 1.5 ਮਿਲੀਮੀਟਰ ਦੇ ਮੁਕਾਬਲੇ 23 ਫੀਸਦੀ ਘੱਟ ਹੈ।

ਜੇਕਰ ਜੂਨ ਦੇ ਪਹਿਲੇ ਤਿੰਨ ਦਿਨਾਂ (1 ਤੋਂ 3 ਜੂਨ) ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਅੰਮ੍ਰਿਤਸਰ ਵਿੱਚ ਆਮ ਨਾਲੋਂ 460 ਫੀਸਦੀ, ਤਰਨਤਾਰਨ ਵਿੱਚ 200 ਫੀਸਦੀ ਅਤੇ ਫਿਰੋਜ਼ਪੁਰ ਵਿੱਚ 175 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਦੂਜੇ ਪਾਸੇ, ਪਠਾਨਕੋਟ, ਜਲੰਧਰ, ਮੋਹਾਲੀ ਅਤੇ ਸੰਗਰੂਰ ਸਮੇਤ ਰਾਜ ਦੇ ਕਈ ਹੋਰ ਹਿੱਸਿਆਂ ਵਿੱਚ ਹੁਣ ਤੱਕ ਇੱਕ ਮਿਲੀਮੀਟਰ ਵੀ ਮੀਂਹ ਨਹੀਂ ਪਿਆ ਹੈ।

ਮੌਸਮ ਵਿਗਿਆਨ ਕੇਂਦਰ ਅਨੁਸਾਰ ਦੱਖਣ-ਪੱਛਮੀ ਮਾਨਸੂਨ ਹੁਣ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। 4 ਜੂਨ ਦੇ ਆਸ-ਪਾਸ ਇਸ ਦੇ ਕੇਰਲ, ਤਾਮਿਲਨਾਡੂ, ਲਕਸ਼ਦੀਪ ਅਤੇ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਵਿੱਚ ਪਹੁੰਚਣ ਲਈ ਮੌਸਮ ਅਨੁਕੂਲ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਪੱਛਮੀ ਉੱਤਰ ਪ੍ਰਦੇਸ਼ ਉੱਤੇ ਇੱਕ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਸਰਗਰਮ ਹੈ ਅਤੇ ਉੱਤਰੀ ਪਾਕਿਸਤਾਨ ਉੱਤੇ ਵੀ ਇੱਕ ਨਵੀਂ ਪੱਛਮੀ ਗੜਬੜੀ ਬਣੀ ਹੈ।

ਇਸ ਕਾਰਨ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਅਗਲੇ ਕੁਝ ਦਿਨਾਂ ਤੱਕ ਮੌਸਮ ਬਦਲਿਆ ਰਹਿ ਸਕਦਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਹੋਣ ਅਤੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।

ਪੰਜਾਬ 'ਚ ਮਾਨਸੂਨ ਦਾ ਇੰਤਜ਼ਾਰ: 28 ਜੂਨ ਤੱਕ ਹੋ ਸਕਦੀ ਹੈ ਦਸਤਕ

ਮੌਸਮ ਵਿਭਾਗ (IMD) ਦੀ ਭਵਿੱਖਬਾਣੀ ਅਨੁਸਾਰ ਪੰਜਾਬ ਵਿੱਚ ਮਾਨਸੂਨ 28 ਜੂਨ ਤੱਕ ਦਾਖਲ ਹੋ ਸਕਦਾ ਹੈ, ਜਿਸ ਦਾ ਅਸਰ 21 ਸਤੰਬਰ ਤੱਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਜੂਨ ਮਹੀਨੇ ਵਿੱਚ ਮੀਂਹ ਘੱਟ ਪੈਣ ਅਤੇ ਗਰਮ ਹਵਾਵਾਂ (ਹੀਟਵੇਵ) ਚੱਲਣ ਦੇ ਵੀ ਆਸਾਰ ਹਨ। ਫਿਲਹਾਲ ਮੌਨਸੂਨ ਕੇਰਲ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਇਸ ਵਾਰ ਬਾਰਿਸ਼ਾਂ ਘੱਟ

ਭਾਰਤੀ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਉੱਤਰੀ ਭਾਰਤ ਵਿੱਚ ਇਸ ਵਾਰ ਮਾਨਸੂਨ ਆਮ ਨਾਲੋਂ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇੱਥੇ ਮਾਨਸੂਨ ਸਿਰਫ 90 ਫੀਸਦੀ ਰਹਿ ਸਕਦਾ ਹੈ, ਯਾਨੀ ਕਿ ਇਸ ਵਾਰ ਬਾਰਿਸ਼ ਔਸਤ ਨਾਲੋਂ 10 ਫੀਸਦੀ ਘੱਟ ਹੋਣ ਦੇ ਆਸਾਰ ਹਨ।

ਅਗਲੇ ਦੋ ਦਿਨਾਂ ਦਾ ਮੌਸਮ ਦਾ ਹਾਲ ਇਸ ਤਰ੍ਹਾਂ ਰਹੇਗਾ:

5 ਜੂਨ: ਫਾਜ਼ਿਲਕਾ, ਮੁਕਤਸਰ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

6 ਜੂਨ: ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਦੇ ਕੁਝ ਹਿੱਸਿਆਂ ਵਿੱਚ ਗਰਜ-ਚਮਕ ਅਤੇ ਬਿਜਲੀ ਨਾਲ 40-50 ਕਿਲੋਮੀਟਰ ਦੀ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਨਾਲ-ਨਾਲ ਫਰੀਦਕੋਟ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ।

Related Post

ਕਿਸਾਨਾਂ ਲਈ ਵੱਡੀ ਰਾਹਤ: CM ਮਾਨ ਨੇ ਵਧਾਈ ਕਰਜ਼ਾ ਲਿਮਟ, ਜ਼ਮੀਨ ਕੁਰਕੀ 'ਤੇ ਲੱਗੀ ਰੋਕ
ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦੇ ਨਾਂਅ ਦਾ ਐਲਾਨ, ਜਾਣੋ ਕਿਸ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
ਪੰਜਾਬ ਦੀਆਂ ਔਰਤਾਂ ਲਈ ਖੁਸ਼ਖਬਰੀ! CM ਮਾਨ ਵੱਲੋਂ ਵੱਡਾ ਐਲਾਨ…ਇਸ ਮਹੀਨੇ ਤੋਂ ਸਿੱਧੇ ਖਾਤਿਆਂ ‘ਚ ਆਉਣਗੇ 1000 ਰੁਪਏ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ: ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ
ਜੋਬਨਜੀਤ ਗ੍ਰਿਫ਼ਤਾਰੀ ਮਾਮਲੇ ‘ਚ ਵੱਡਾ ਅਪਡੇਟ; ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਖੀ ਆਹ ਗੱਲ….ਮਜੀਠੀਆ ਦੇ LOC 'ਤੇ ਵੀ ਸਵਾਲ!
ਪੰਜਾਬ ਦੇ ਗੰਨਾ ਕਿਸਾਨਾਂ ਲਈ ਖੁਸ਼ਖਬਰੀ; ਸਰਕਾਰ ਨੇ 100 ਫੀਸਦੀ ਬਕਾਏ ਦਾ ਕੀਤਾ ਭੁਗਤਾਨ, CM ਮਾਨ ਨੇ ਦਿੱਤੇ 695 ਕਰੋੜ ਰੁਪਏ

© Copyright Galactic Television & Communications Pvt. Ltd. 2026. All rights reserved.