ਪੰਜਾਬ ਦੇ 6 ਜ਼ਿਲ੍ਹਿਆਂ 'ਚ ਮੀਂਹ ਤੇ ਤੂਫ਼ਾਨ ਦਾ ਅਲਰਟ; ਕੱਲ੍ਹ ਤੋਂ ਚੱਲੇਗੀ ਲੂ, ਜਨਤਾ ਰੱਖੇ ਸਿਹਤ ਦਾ ਧਿਆਨ

By:  Lajwinder Kaur May 15th 2026 09:37 AM -- Updated: May 15th 2026 09:52 AM

ਲੰਘੇ ਦਿਨ ਪੰਜਾਬ ਦੇ ਵਿੱਚ ਤਿੱਖੀ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ, ਉਪਰੋਂ ਰਹਿੰਦੀ ਕਸਰ ਬਿਜਲੀ ਦੇ ਕੱਟਾਂ ਨੇ ਪੂਰੀ ਕਰ ਦਿੱਤੀ। ਜੇਕਰ ਗੱਲ ਕਰੀਏ ਅੱਜ ਦੇ ਮੌਸਮ ਦੇ ਹਾਲ ਦੀ ਤਾਂ ਪੰਜਾਬ ਦੇ ਛੇ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ 15 ਮਈ ਤੇਜ਼ ਹਵਾਵਾਂ ਅਤੇ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ, 16 ਤੋਂ 20 ਮਈ ਤੱਕ ਪੰਜ ਦਿਨਾਂ ਲਈ ਕਈ ਇਲਾਕਿਆਂ ਵਿੱਚ ਲੂ (ਹੀਟ ਵੇਵ) ਚੱਲਣ ਦਾ ਯੈਲੋ ਅਲਰਟ ਹੈ।

ਲਗਾਤਾਰ ਵੱਧ ਰਿਹਾ ਪਾਰਾ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ, ਵੀਰਵਾਰ ਦੇ ਮੁਕਾਬਲੇ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਹੋਇਆ ਹੈ, ਜੋ ਕਿ ਫਿਲਹਾਲ ਆਮ ਦੇ ਨੇੜੇ ਹੀ ਬਣਿਆ ਹੋਇਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 42.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪਹਾੜਾਂ ਵੱਲੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਰੁਕਣ ਕਾਰਨ ਪਾਰਾ ਲਗਾਤਾਰ ਉੱਪਰ ਚੜ੍ਹ ਰਿਹਾ ਹੈ।

ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਚੱਲ ਸਕਦੀਆਂ ਹਵਾਵਾਂ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਵੱਖ-ਵੱਖ ਥਾਵਾਂ 'ਤੇ ਗਰਜ-ਚਮਕ ਦੇ ਨਾਲ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ।

16 ਮਈ 2026 ਦੇ ਆਸ-ਪਾਸ ਦੱਖਣ-ਪੱਛਮੀ ਮਾਨਸੂਨ ਦੇ ਦੱਖਣੀ ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਅਤੇ ਅੰਡੇਮਾਨ-ਨਿਕੋਬਾਰ ਟਾਪੂਆਂ ਦੇ ਕੁਝ ਹਿੱਸਿਆਂ ਵਿੱਚ ਪਹੁੰਚਣ ਲਈ ਹਾਲਾਤ ਸਾਜ਼ਗਾਰ ਬਣ ਰਹੇ ਹਨ। ਇਸ ਦੇ ਨਾਲ ਹੀ ਇੱਕ ਨਵਾਂ ਪੱਛਮੀ ਚੱਕਰਵਾਤ ਉੱਤਰ-ਪੱਛਮੀ ਭਾਰਤ ਵਿੱਚ ਆਪਣਾ ਅਸਰ ਦਿਖਾ ਸਕਦਾ ਹੈ।

ਦੂਜੇ ਪਾਸੇ, ਲੱਦਾਖ ਅਤੇ ਨੇੜਲੇ ਇਲਾਕਿਆਂ ਵਿੱਚ ਉੱਪਰਲੇ ਪੱਧਰ ਦੀਆਂ ਹਵਾਵਾਂ ਵਿੱਚ ਬਣਿਆ ਪੱਛਮੀ ਚੱਕਰਵਾਤ ਹੁਣ ਕਮਜ਼ੋਰ ਪੈ ਗਿਆ ਹੈ। ਇਸ ਦੇ ਨਾਲ ਹੀ ਦੱਖਣੀ ਹਰਿਆਣਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬਣਿਆ ਚੱਕਰਵਾਤੀ ਸਿਸਟਮ ਵੀ ਹੌਲੀ-ਹੌਲੀ ਦਮ ਤੋੜ ਰਿਹਾ ਹੈ।

5 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ

14 ਮਈ 2026 ਨੂੰ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਬਠਿੰਡਾ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 42.7 ਡਿਗਰੀ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ, ਫਾਜ਼ਿਲਕਾ ਵਿੱਚ 40.9 ਡਿਗਰੀ, ਪਟਿਆਲਾ ਵਿੱਚ 40.4 ਡਿਗਰੀ ਅਤੇ ਫਰੀਦਕੋਟ ਵਿੱਚ 40.0 ਡਿਗਰੀ ਤਾਪਮਾਨ ਦਰਜ ਹੋਇਆ।

ਹੋਰਨਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ 38.1 ਡਿਗਰੀ, ਅੰਮ੍ਰਿਤਸਰ ਵਿੱਚ 38.0 ਡਿਗਰੀ, ਲੁਧਿਆਣਾ ਵਿੱਚ 38.4 ਡਿਗਰੀ, ਪਠਾਨਕੋਟ ਵਿੱਚ 37.6 ਡਿਗਰੀ, ਗੁਰਦਾਸਪੁਰ ਵਿੱਚ 36.0 ਡਿਗਰੀ, ਹੁਸ਼ਿਆਰਪੁਰ ਵਿੱਚ 36.8 ਡਿਗਰੀ, ਫਿਰੋਜ਼ਪੁਰ ਵਿੱਚ 38.8 ਡਿਗਰੀ, ਮੋਹਾਲੀ ਵਿੱਚ 37.4 ਡਿਗਰੀ, ਰੋਪੜ ਵਿੱਚ 37.9 ਡਿਗਰੀ ਅਤੇ ਰੂਪਨਗਰ ਵਿੱਚ 38.5 ਡਿਗਰੀ ਤਾਪਮਾਨ ਰਿਹਾ।

ਪਟਿਆਲਾ ਵਿੱਚ ਤਾਪਮਾਨ 1.4 ਡਿਗਰੀ, ਐੱਸ.ਬੀ.ਐੱਸ. ਨਗਰ ਵਿੱਚ 1.0 ਡਿਗਰੀ ਅਤੇ ਰੂਪਨਗਰ ਵਿੱਚ 1.1 ਡਿਗਰੀ ਦਾ ਵਾਧਾ ਦੇਖਿਆ ਗਿਆ। ਜਦਕਿ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਪਾਰੇ ਵਿੱਚ ਗਿਰਾਵਟ ਦਰਜ ਕੀਤੀ ਗਈ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 15 ਮਈ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਖ਼ੁਸ਼ਕ ਰਹਿਣ ਦੀ ਉਮੀਦ ਹੈ। ਆਉਣ ਵਾਲੇ 7 ਦਿਨਾਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਹੌਲੀ-ਹੌਲੀ 3 ਤੋਂ 4 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋ ਸਕਦਾ ਹੈ।

ਲੂ ਤੋਂ ਲੋਕ ਰਹਿਣ ਸਾਵਧਾਨ

ਸੂਬੇ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ, 16 ਤੋਂ 20 ਮਈ ਦੇ ਦਰਮਿਆਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਲੂ (Heat Wave) ਚੱਲਣ ਦੀ ਪੂਰੀ ਸੰਭਾਵਨਾ ਹੈ।

Related Post

ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਕਸ਼ਨ! ਨਗਰ ਨਿਗਮ ਚੋਣਾਂ ਲਈ ਕੱਸੀ ਕਮਰ: ਸੁਖਬੀਰ ਬਾਦਲ ਵੱਲੋਂ ਸੀਨੀਅਰ ਆਗੂਆਂ ਦੀ ਬਤੌਰ 'ਅਬਜ਼ਰਵਰ' ਨਿਯੁਕਤੀ, ਦੇਖੋ ਲਿਸਟ
ਪੰਜਾਬ ਸਰਕਾਰ ਵੱਲੋਂ ਪ੍ਰਬੰਧਕੀ ਫੇਰਬਦਲ: 4 IAS ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਦੇ ਹੁਕਮ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਤੇ ਹਨ੍ਹੇਰੀ ਦਾ ਅਲਰਟ! ਪਰ ਮੁੜ ਵਧੇਗੀ ਗਰਮੀ, ਫਿਲਹਾਲ ਲੂ ਤੋਂ ਮਿਲੇਗੀ ਰਾਹਤ, ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ
ਪੰਜਾਬ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਕੱਸੀ ਕਮਰ, ਇਨ੍ਹਾਂ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਆਬਜ਼ਰਵਰਾਂ ਦੀ ਸੂਚੀ ਜਾਰੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 29 ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ ਸੂਚੀ
ਪੰਜਾਬ ‘ਚ ਮੱਚੀ ਹਲਚਲ! ਵਿਜੀਲੈਂਸ ਹੈੱਡਕੁਆਰਟਰ 'ਤੇ ਮੁੜ CBI ਦੀ ਦਬਿਸ਼, ਸੀਨੀਅਰ ਅਫ਼ਸਰ ਦਾ ਰੀਡਰ ਤੇ ਵਿਚੋਲਾ ਪਹਿਲਾਂ ਹੀ ਹਿਰਾਸਤ 'ਚ, ਜਾਣੋ ਪੂਰਾ ਮਾਮਲਾ…

© Copyright Galactic Television & Communications Pvt. Ltd. 2026. All rights reserved.