ਪੰਜਾਬ ਦੇ 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ: 60km ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਜਾਣੋ ਕਿੱਥੇ ਪਏਗਾ ਛਮ-ਛਮ ਮੀਂਹ!

By:  Lajwinder Kaur June 16th 2026 09:46 AM -- Updated: June 16th 2026 10:11 AM

ਮੌਸਮ ਵਿਭਾਗ, ਚੰਡੀਗੜ੍ਹ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਅੱਧੀ ਦੁਪਹਿਰ 12:09 ਵਜੇ ਤੱਕ ਲਈ ਤੂਫ਼ਾਨ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਅਨੁਸਾਰ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਕੁਝ ਹਿੱਸਿਆਂ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਖ਼ਰਾਬ ਮੌਸਮ ਦੌਰਾਨ ਖੁੱਲ੍ਹੀਆਂ ਥਾਵਾਂ, ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਅਤੇ ਕਿਸੇ ਸੁਰੱਖਿਅਤ ਥਾਂ 'ਤੇ ਪਨਾਹ ਲੈਣ। ਇਸ ਦੌਰਾਨ ਪਠਾਨਕੋਟ ਵਿੱਚ ਮੀਂਹ ਸ਼ੁਰੂ ਹੋ ਚੁੱਕਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ। ਪੰਜਾਬ ਤੋਂ ਬਿਹਾਰ ਤੱਕ ਬਣੀ ਮੌਸਮੀ ਟਰਫ ਅਤੇ 18 ਜੂਨ ਤੋਂ ਸਰਗਰਮ ਹੋਣ ਵਾਲੇ ਨਵੇਂ ਪੱਛਮੀ ਗੜਬੜੀ (Western Disturbance) ਦੇ ਅਸਰ ਹੇਠ ਅਗਲੇ ਕੁਝ ਦਿਨਾਂ ਤੱਕ ਮੌਸਮ ਬਦਲਿਆ ਰਹਿ ਸਕਦਾ ਹੈ। ਇਸ ਦੌਰਾਨ ਬੱਦਲਵਾਈ, ਗਰਜ-ਚਮਕ, ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ।

ਮੀਂਹ ਅਤੇ ਹੁੰਮਸ ਦੇ ਦੋ ਵੱਡੇ ਅਸਰ 

ਮੀਂਹ ਅਤੇ ਹੁੰਮਸ ਦੇ ਚੱਲਦਿਆਂ ਪੰਜਾਬ ਵਿੱਚ ਬਿਜਲੀ ਦੀ ਮੰਗ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਸੋਮਵਾਰ ਸ਼ਾਮ ਕਰੀਬ 5:45 ਵਜੇ ਬਿਜਲੀ ਦੀ ਮੰਗ 13,036 ਮੈਗਾਵਾਟ ਤੱਕ ਪਹੁੰਚ ਗਈ, ਜੋ ਰਾਤ 8 ਵਜੇ ਤੋਂ ਬਾਅਦ ਘਟ ਕੇ ਲਗਭਗ 12 ਹਜ਼ਾਰ ਮੈਗਾਵਾਟ ਰਹਿ ਗਈ। ਇਸ ਦੌਰਾਨ ਰਾਜ ਨੇ ਆਪਣੇ ਸਰੋਤਾਂ ਤੋਂ ਕਰੀਬ 5,200 ਮੈਗਾਵਾਟ ਅਤੇ ਕੇਂਦਰ ਸਰਕਾਰ ਤੋਂ ਲਗਭਗ 7,700 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ।

ਅਬੋਹਰ ਵਿੱਚ ਕੰਧ ਡਿੱਗਣ ਨਾਲ ਚਾਰ ਲੋਕ ਜ਼ਖ਼ਮੀ:

ਅਬੋਹਰ ਵਿੱਚ ਸੋਮਵਾਰ ਸਵੇਰੇ ਕਰੀਬ 9:15 ਵਜੇ ਅੱਧੇ ਘੰਟੇ ਤੱਕ ਹੋਈ ਬਾਰਿਸ਼ ਕਾਰਨ ਆਰੀਆ ਨਗਰ ਵਿੱਚ ਇੱਕ ਝੁੱਗੀ ਉੱਤੇ ਕੱਚੀ ਕੰਧ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ, ਉਸਦੀ ਭੈਣ ਅਤੇ ਦੋ ਬੱਚੇ ਮਲਬੇ ਹੇਠ ਦੱਬ ਗਏ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ।

4 ਦਿਨਾਂ ਵਿੱਚ 4 ਡਿਗਰੀ ਤੱਕ ਵਧੇਗਾ ਤਾਪਮਾਨ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਪੰਜਾਬ ਵਿੱਚ 15 ਤੋਂ 18 ਜੂਨ ਦੇ ਵਿਚਕਾਰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 19 ਜੂਨ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੇ ਆਸਾਰ ਹਨ, ਜਦਕਿ 20 ਅਤੇ 21 ਜੂਨ ਨੂੰ ਵੀ ਕੁਝ ਥਾਵਾਂ 'ਤੇ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

ਅਗਲੇ ਚਾਰ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਹੌਲੀ-ਹੌਲੀ ਵਾਧਾ ਹੋ ਸਕਦਾ ਹੈ। ਇਸ ਤੋਂ ਬਾਅਦ ਤਾਪਮਾਨ ਵਿੱਚ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ।

 17 ਅਤੇ 18 ਜੂਨ ਲਈ ਮੌਸਮ ਦੀ ਭਵਿੱਖਬਾਣੀ 

17 ਜੂਨ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

18 ਜੂਨ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਗਰਜ-ਚਮਕ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੇ ਵੀ ਆਸਾਰ ਹਨ।

Related Post

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖ਼ਤੀ: DA ਦੇ ਬਕਾਏ ਨੂੰ ਲੈ ਕੇ ਮੁੱਖ ਸਕੱਤਰ ਨੂੰ ਮੁੜ ਪੇਸ਼ ਹੋਣ ਦੇ ਹੁਕਮ, 'ਲੁਕਣ-ਮੀਚੀ' ਵਾਲੇ ਰਵੱਈਏ 'ਤੇ ਅਦਾਲਤ ਨਾਰਾਜ਼
ਚੰਡੀਗੜ੍ਹ ਦੇ ਸਕੂਲਾਂ ਨੂੰ ਮੁੜ ਮਿਲੀ ਬੰ*ਬ ਨਾਲ ਉਡਾਉਣ ਦੀ ਧਮਕੀ: ਸਕੂਲਾਂ 'ਚ ਮੱਚਿਆ ਹੜਕੰਪ, ਸੁਰੱਖਿਆ ਏਜੰਸੀਆਂ ਅਲਰਟ 'ਤੇ
ਪੰਜਾਬ-ਚੰਡੀਗੜ੍ਹ ‘ਚ ਬਦਲੇਗਾ ਮੌਸਮ ਦਾ ਮਿਜਾਜ਼: 3 ਦਿਨਾਂ ਲਈ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ, ਬਠਿੰਡਾ ਰਿਹਾ ਸਭ ਤੋਂ ਗਰਮ
ਪੰਜਾਬ ਦੀ ਸਿਆਸਤ 'ਚ ਹਲਚਲ! ਮਸ਼ਹੂਰ ਪੰਜਾਬੀ ਗੀਤਕਾਰ ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਫੜਿਆ ਪੱਲਾ....
ਜਗਰਾਓਂ ਮਹਿਲਾ ਥਾਣੇ ਦਾ ਅਜੀਬ ਮਾਮਲਾ: ਥਾਣੇਦਾਰ ਨੇ ਹੀ ਕਬਾੜ ‘ਚ ਵੇਚ ਦਿੱਤੇ 50 ਮੋਟਰਸਾਈਕਲ, ਥਾਣੇਦਾਰ ਸਮੇਤ ਕਾਬੜੀਏ ਕਾਬੂ
ਹਾਕੀ ਦੇ ਮੈਦਾਨ ਤੋਂ ਪੰਜਾਬ ਕਾਂਗਰਸ ਦੀ ਕਮਾਨ ਤੱਕ...ਕੌਣ ਹਨ ਪਰਗਟ ਸਿੰਘ? ਸਾਬਕਾ ਪ੍ਰਧਾਨ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ

© Copyright Galactic Television & Communications Pvt. Ltd. 2026. All rights reserved.