Punjab Weather 31 March: ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜ਼ਾਜ, ਹਨੇਰੀ-ਤੂਫਾਨ ਸਣੇ ਮੀਂਹ ਦਾ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

By:  Lajwinder Kaur March 31st 2026 09:40 AM -- Updated: March 31st 2026 09:55 AM

Punjab Weather Today:ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (31 ਮਾਰਚ) ਨੂੰ ਵੀ ਤੂਫ਼ਾਨ, ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਮੌਸਮ ਵਿੱਚ ਇਹ ਬਦਲਾਅ ਪਹਿਲਾਂ ਤੋਂ ਸਰਗਰਮ ਪੱਛਮੀ ਡਿਸਟਰਬੈਂਸ (Western Disturbance) ਕਾਰਨ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ ਪਾਰੇ ਵਿੱਚ 1.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਹੁਣ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਪੰਜਾਬ ਵਿੱਚ ਤੇਜ਼ ਹਵਾਵਾਂ ਅਤੇ ਬਾਰਿਸ਼ ਦਾ ਅਨੁਮਾਨ

ਪੰਜਾਬ ਦੇ ਮੌਸਮ ਵਿੱਚ ਆਏ ਬਦਲਾਅ ਕਾਰਨ ਅੱਜ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਹਨੇਰੀ ਅਤੇ 22 ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਵਿੱਚ ਵੱਖ-ਵੱਖ ਥਾਵਾਂ 'ਤੇ ਗਰਜ-ਚਮਕ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਬਾਰਿਸ਼ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਪੂਰਵ-ਅਨੁਮਾਨ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਵਿੱਚ ਵੀ ਕਣੀਆਂ ਪੈਣ ਜਾਂ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ।

ਪਠਾਨਕੋਟ ਅਤੇ ਫਿਰੋਜ਼ਪੁਰ ਵਿੱਚ ਮੀਂਹ ਦਰਜ

ਕੱਲ੍ਹ ਸਵੇਰੇ ਅੱਠ ਵਜੇ ਤੋਂ ਸ਼ਾਮ ਤੱਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਿਹਾ ਅਤੇ ਕਈ ਸਟੇਸ਼ਨਾਂ 'ਤੇ ਜ਼ੀਰੋ ਐਮ.ਐਮ. ਬਾਰਿਸ਼ ਦਰਜ ਕੀਤੀ ਗਈ। ਹਾਲਾਂਕਿ, ਕੁਝ ਖੇਤਰਾਂ ਵਿੱਚ ਹਲਕੀ ਵਰਖਾ ਹੋਈ, ਜਿਸ ਵਿੱਚ ਥਿਨ ਡੈਮ (ਪਠਾਨਕੋਟ) ਵਿੱਚ ਸਭ ਤੋਂ ਵੱਧ 5.5 ਐਮ.ਐਮ. ਅਤੇ ਫਿਰੋਜ਼ਪੁਰ ਵਿੱਚ 1.5 ਐਮ.ਐਮ. ਮੀਂਹ ਦਰਜ ਕੀਤਾ ਗਿਆ। ਇਸ ਦੇ ਉਲਟ, ਸੂਬੇ ਦੇ ਵੱਡੇ ਸ਼ਹਿਰਾਂ ਵਿੱਚ ਬਾਰਿਸ਼ ਦਰਜ ਨਹੀਂ ਕੀਤੀ ਗਈ।

ਮੌਸਮ ਦੀ ਮੌਜੂਦਾ ਸਥਿਤੀ ਅਤੇ ਨਵੀਂ ਪੱਛਮੀ ਡਿਸਟਰਬੈਂਸ

ਉੱਤਰੀ ਭਾਰਤ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਡਿਸਟਰਬੈਂਸ (Western Disturbance) ਦੀ ਸਥਿਤੀ ਇਸ ਸਮੇਂ ਬਣੀ ਹੋਈ ਹੈ। ਇਹ ਸਿਸਟਮ ਉੱਤਰੀ ਇਰਾਨ ਅਤੇ ਉਸ ਦੇ ਨਾਲ ਲੱਗਦੇ ਕੈਸਪੀਅਨ ਸਾਗਰ ਦੇ ਉੱਪਰ, ਉਪਰਲੀ ਹਵਾ ਵਿੱਚ ਚੱਕਰਵਾਤੀ ਸੰਚਾਰ ਦੇ ਰੂਪ ਵਿੱਚ 3.1 ਤੋਂ 9.4 ਕਿਲੋਮੀਟਰ ਦੀ ਉਚਾਈ ਤੱਕ ਸਰਗਰਮ ਹੈ। ਇਸ ਦੇ ਨਾਲ ਹੀ ਇੱਕ ਟ੍ਰਫ (Trough) ਵੀ ਬਣਿਆ ਹੋਇਆ ਹੈ।

ਇਸ ਦੇ ਪ੍ਰਭਾਵ ਨਾਲ ਬਣਿਆ ਇੱਕ ਹੋਰ ਉਪਰਲੀ ਹਵਾ ਦਾ ਚੱਕਰਵਾਤੀ ਸੰਚਾਰ, ਜੋ ਪਹਿਲਾਂ ਉੱਤਰ-ਪੱਛਮੀ ਰਾਜਸਥਾਨ ਦੇ ਉੱਪਰ ਸੀ, ਹੁਣ ਪੰਜਾਬ ਅਤੇ ਆਸ-ਪਾਸ ਦੇ ਹਰਿਆਣਾ ਖੇਤਰ ਵਿੱਚ ਤਬਦੀਲ ਹੋ ਗਿਆ ਹੈ। ਇਹ ਸਮੁੰਦਰ ਤਲ ਤੋਂ ਕਰੀਬ 1.5 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ, ਇੱਕ ਨਵੀਂ ਪੱਛਮੀ ਡਿਸਟਰਬੈਂਸ 2 ਅਪ੍ਰੈਲ 2026 ਤੋਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਇੱਕ ਵਾਰ ਫਿਰ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।

ਅਜੇ ਜਾਰੀ ਰਹੇਗਾ ਮੀਂਹ ਦਾ ਦੌਰ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦੇ ਮੁਤਾਬਕ 31 ਮਾਰਚ, 1 ਅਪ੍ਰੈਲ ਅਤੇ 3 ਅਪ੍ਰੈਲ ਨੂੰ ਸੂਬੇ ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਇਸ ਤੋਂ ਬਾਅਦ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ।

ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਅਗਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਵੇਗਾ, ਪਰ ਉਸ ਤੋਂ ਬਾਅਦ ਅਗਲੇ 4 ਦਿਨਾਂ ਵਿੱਚ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ। ਹਾਲਾਂਕਿ, ਇਸ ਵਾਧੇ ਤੋਂ ਬਾਅਦ ਤਾਪਮਾਨ ਵਿੱਚ ਮੁੜ ਗਿਰਾਵਟ ਆਉਣ ਦੇ ਸੰਕੇਤ ਵੀ ਦਿੱਤੇ ਗਏ ਹਨ।

© Copyright Galactic Television & Communications Pvt. Ltd. 2026. All rights reserved.