ਕਿਤੇ ਗਰਮੀ ਤੇ ਕਿਤੇ ਮੀਂਹ ਕਰਕੇ ਮੌਸਮ ਹੋਇਆ ਖੁਸ਼ਨੁਮਾ! ਪੰਜਾਬ ‘ਚ ਲੇਟ ਹੋ ਰਿਹਾ ਮਾਨਸੂਨ, ਅਗਲੇ 4 ਦਿਨਾਂ ਲਈ ਯੈਲੋ ਅਲਰਟ ਜਾਰੀ

By:  Lajwinder Kaur June 23rd 2026 09:46 AM -- Updated: June 23rd 2026 10:18 AM

ਭਾਵੇਂ ਪੰਜਾਬ ਵਿੱਚ ਮਾਨਸੂਨ ਦੇ ਆਉਣ ਵਿੱਚ ਦੇਰੀ ਹੋ ਰਹੀ ਹੈ, ਪਰ ਕਈ ਇਲਾਕਿਆਂ ਵਿੱਚ ਹੋਈ ਹਲਕੀ ਬਾਰਿਸ਼ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ। ਸੋਮਵਾਰ ਨੂੰ ਪੰਜਾਬ ਦੇ ਤਾਪਮਾਨ ਵਿੱਚ 3.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਪਾਰਾ ਹੁਣ ਆਮ ਨਾਲੋਂ 2.3 ਡਿਗਰੀ ਹੇਠਾਂ ਆ ਗਿਆ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਾਲ ਹੀ ਦੱਸ ਦਈਏ ਸੂਬੇ ਦੇ ਕੁੱਝ ਜ਼ਿਲ੍ਹਿਆਂ ਦੇ ਵਿੱਚ ਅੱਜ ਤਿੱਖੀ ਗਰਮੀ ਪੈ ਰਹੀ ਹੈ।

4 ਦਿਨਾਂ ਲਈ ਯੈਲੋ ਅਲਰਟ ਜਾਰੀ

ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਚਾਰ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੂਬੇ ਵਿੱਚ ਬੱਦਲ ਗਰਜਣ ਅਤੇ ਬਿਜਲੀ ਚਮਕਣ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਮੰਗਲਵਾਰ ਅਤੇ ਬੁੱਧਵਾਰ ਲਈ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਅਲਰਟ ਜਾਰੀ ਕੀਤਾ ਹੈ।

 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ

ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ। ਇਸ ਤੋਂ ਬਾਅਦ 25 ਜੂਨ ਤੋਂ ਪੱਛਮੀ ਗੜਬੜੀ (Western Disturbance) ਦੇ ਮਜ਼ਬੂਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਦੋ ਦਿਨਾਂ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਹੁਣ ਆਮ ਨਾਲੋਂ 1.7 ਡਿਗਰੀ ਹੇਠਾਂ ਆ ਗਿਆ ਹੈ। ਸਭ ਤੋਂ ਘੱਟ ਤਾਪਮਾਨ ਪਠਾਨਕੋਟ ਵਿੱਚ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜੂਨ ਦੇ ਆਖਰੀ ਹਫ਼ਤੇ ਪੰਜਾਬ ‘ਚ ਦਸਤਕ ਦੇ ਸਕਦਾ ਹੈ ਮਾਨਸੂਨ

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਮਾਨਸੂਨ ਪੂਰਬੀ ਭਾਰਤ ਵਿੱਚ ਤੇਜ਼ੀ ਨਾਲ ਅੱਗੇ ਵਧ ਚੁੱਕਾ ਹੈ ਅਤੇ ਹੁਣ ਉੱਤਰ ਪ੍ਰਦੇਸ਼ ਵੱਲ ਵੱਧ ਰਿਹਾ ਹੈ। ਜੇਕਰ ਸਥਿਤੀਆਂ ਅਨੁਕੂਲ ਰਹੀਆਂ ਅਤੇ ਮਾਨਸੂਨ ਇਸੇ ਤਰ੍ਹਾਂ ਅੱਗੇ ਵਧਦਾ ਰਿਹਾ, ਤਾਂ ਇਹ ਜੂਨ ਦੇ ਆਖਰੀ ਹਫ਼ਤੇ, ਯਾਨੀ 29 ਜਾਂ 30 ਜੂਨ ਨੂੰ ਪੰਜਾਬ ਵਿੱਚ ਦਾਖ਼ਲ ਹੋ ਸਕਦਾ ਹੈ। ਡਾਇਰੈਕਟਰ ਨੇ ਸਪੱਸ਼ਟ ਕੀਤਾ ਕਿ 25 ਜੂਨ ਤੱਕ ਪੰਜਾਬ ਵਿੱਚ ਹੋਣ ਵਾਲੀ ਬਾਰਿਸ਼ ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਕਾਰਨ ਹੋਵੇਗੀ, ਇਹ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ (Pre-monsoon) ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ 20 ਤੋਂ 25 ਜੂਨ ਦੇ ਵਿਚਕਾਰ ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਸੀ।

ਪ੍ਰਮੁੱਖ ਸ਼ਹਿਰਾਂ ਦਾ ਤਾਪਮਾਨ

ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 34.9 ਡਿਗਰੀ (ਆਮ ਨਾਲੋਂ 3.2 ਡਿਗਰੀ ਘੱਟ), ਲੁਧਿਆਣਾ ਦਾ 34.2 ਡਿਗਰੀ, ਪਟਿਆਲਾ ਦਾ 36.3 ਡਿਗਰੀ, ਪਠਾਨਕੋਟ ਦਾ 36.6 ਡਿਗਰੀ, ਫਾਜ਼ਿਲਕਾ ਦਾ 36.0 ਡਿਗਰੀ, ਹੁਸ਼ਿਆਰਪੁਰ ਦਾ 34.8 ਡਿਗਰੀ, ਐਸ.ਬੀ.ਐਸ. ਨਗਰ ਦਾ 31.8 ਡਿਗਰੀ ਅਤੇ ਰੂਪਨਗਰ ਦਾ 36.8 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 24.0 ਡਿਗਰੀ, ਲੁਧਿਆਣਾ ਦਾ 23.8 ਡਿਗਰੀ, ਪਟਿਆਲਾ ਦਾ 26.7 ਡਿਗਰੀ, ਬਠਿੰਡਾ ਦਾ 25.5 ਡਿਗਰੀ, ਫਾਜ਼ਿਲਕਾ ਦਾ 25.8 ਡਿਗਰੀ, ਹੁਸ਼ਿਆਰਪੁਰ ਦਾ 24.7 ਡਿਗਰੀ ਅਤੇ ਰੂਪਨਗਰ ਦਾ 25.8 ਡਿਗਰੀ ਦਰਜ ਕੀਤਾ ਗਿਆ।

ਦੇਸ਼ ਵਿੱਚ ਮਾਨਸੂਨ ਦੇ 126 ਸਾਲਾਂ ਦੇ ਇਤਿਹਾਸ ‘ਚ ਇਹ ਦੂਜਾ ਸਭ ਤੋਂ ਸੁੱਕਾ ਜੂਨ ਰਿਹਾ ਹੈ। 21 ਜੂਨ ਤੱਕ ਦੇਸ਼ ਵਿੱਚ 57.4 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਨਾਲੋਂ 42.2% ਘੱਟ ਹੈ। ਇਸ ਤੋਂ ਪਹਿਲਾਂ 2009 ਵਿੱਚ ਜੂਨ ਦੌਰਾਨ 49% ਘੱਟ ਬਾਰਿਸ਼ ਦਰਜ ਕੀਤੀ ਗਈ ਸੀ, ਜਿਸਦਾ ਮੱਧ ਅਤੇ ਉੱਤਰ-ਪੱਛਮੀ ਭਾਰਤ ਦੀ ਖੇਤੀ 'ਤੇ ਮਾੜਾ ਅਸਰ ਪਿਆ ਸੀ। ਅਲ ਨੀਨੋ ਕਰਕੇ ਹੀ ਦੇਸ਼ ਦੇ ਵਿੱਚ ਕਿਸੇ ਸੂਬੇ ਦੇ ਵਿੱਚ ਛਮ-ਛਮ ਮੀਂਹ ਪੈ ਰਿਹਾ ਹੈ ਅਤੇ ਕੁੱਝ ਸੂਬਿਆਂ ਦੇ ਵਿੱਚ ਹੀਟਵੇਵ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। 

Related Post

ਪੰਜਾਬ ‘ਚ ਚੋਣਾਂ ਦਾ ਹੋਇਆ ਐਲਾਨ! ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ, ਸਿਆਸੀ ਹਲਚਲ ਤੇਜ਼…
ਅਕਾਲ ਤਖ਼ਤ ਸਾਹਿਬ ਵੱਲੋਂ CM ਦੀ ਪੇਸ਼ੀ ਵਾਲਾ ਵੀਡੀਓ ਜਾਰੀ: ਵਿਵਾਦਿਤ ਵੀਡੀਓ ਮਾਮਲੇ 'ਤੇ CM ਮਾਨ ਨੇ ਆਖੀ ਸੀ ਆਹ ਗੱਲ…
ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ! ਪੰਜਾਬ ਬਿਜਲੀ ਵਿਭਾਗ ‘ਚ ਹੋਏਗੀ ਬੰਪਰ ਭਰਤੀ, ਅਸਿਸਟੈਂਟ ਲਾਈਨਮੈਨ ਵਜੋਂ ਹੋਵੇਗੀ ਨਿਯੁਕਤੀ
ਪੰਜਾਬ 'ਚ ਬਦਲਿਆ ਮੌਸਮ: 7 ਜ਼ਿਲ੍ਹਿਆਂ 'ਚ ਮੀਂਹ ਤੇ ਹਨੇਰੀ ਦਾ ਯੈਲੋ ਅਲਰਟ, ਤਾਪਮਾਨ 'ਚ 2.4 ਡਿਗਰੀ ਦੀ ਗਿਰਾਵਟ
ਵੱਡੀ ਵਾਰਦਾਤ: ‘ਆਪ’ ਆਗੂ ਸਿਕੰਦਰ ਸਿੰਘ ਖਿੱਦੋਵਾਲੀ 'ਤੇ ਹਮਲਾ, ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ; ਵਾਲ-ਵਾਲ ਬਚੇ ਆਗੂ
ਜੀਟੀਸੀ ਦੇ ਮੰਚ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਐਲਾਨ; ਮੁਲਾਜ਼ਮਾਂ ਦੇ DA ਤੇ ਮਹਿਲਾਵਾਂ ਦੀ ਸਨਮਾਨ ਰਾਸ਼ੀ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ!

© Copyright Galactic Television & Communications Pvt. Ltd. 2026. All rights reserved.