ਪੰਜਾਬ ‘ਚ ਮੌਸਮ ਹੋਇਆ ਸੁਹਾਵਨਾ! ਅੱਜ 12 ਜ਼ਿਲ੍ਹਿਆਂ 'ਚ ਮੀਂਹ ਅਤੇ ਗੜ੍ਹੇਮਾਰੀ ਦੀ ਚੇਤਾਵਨੀ, ਡਿੱਗਿਆ ਤਾਪਮਾਨ
ਲੰਘੇ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਤੇ ਗੜ੍ਹੇਮਾਰੀ ਹੋਣ ਕਰਕੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਠੰਡੀਆਂ-ਠੰਡੀਆਂ ਹਵਾਵਾਂ ਚੱਲਣ ਕਰਕੇ ਅੱਜ ਮੌਸਮ ਸੁਹਾਵਨਾ ਹੋਇਆ ਪਿਆ ਹੈ। ਮੌਸਮ ਵਿਭਾਗ ਵੱਲੋਂ ਅੱਜ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਮਿਜ਼ਾਜ ਬਦਲ ਲਿਆ ਹੈ। ਕਈ ਇਲਾਕਿਆਂ ਵਿੱਚ ਮੀਂਹ ਅਤੇ ਗੜ੍ਹੇਮਾਰੀ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅੱਜ (8 ਅਕਤੂਬਰ) ਵੀ ਕਈ ਥਾਵਾਂ 'ਤੇ ਗਰਜ-ਚਮਕ ਨਾਲ ਮੀਂਹ ਪੈ ਸਕਦਾ ਹੈ। ਇਸ ਦੌਰਾਨ ਅਸਮਾਨੀ ਬਿਜਲੀ ਲਿਸ਼ਕਣ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਤੇਜ਼ ਹਵਾਵਾਂ ਦੀ ਵਾਰਨਿੰਗ
ਚੰਡੀਗੜ੍ਹ ਵਿੱਚ ਵੀ ਤੇਜ਼ ਹਵਾਵਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਦੇ ਬਦਲਣ ਨਾਲ ਪੰਜਾਬ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਪਿਛਲੇ ਦਿਨ ਦੇ ਮੁਕਾਬਲੇ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਤਾਪਮਾਨ ਅਜੇ ਵੀ ਆਮ ਦੇ ਆਸ-ਪਾਸ ਬਣਿਆ ਹੋਇਆ ਹੈ। ਬੁੱਧਵਾਰ ਨੂੰ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36.1 ਡਿਗਰੀ ਦਰਜ ਕੀਤਾ ਗਿਆ।
12 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਕੁਝ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਰੋਪੜ, ਪਟਿਆਲਾ ਅਤੇ ਮੋਹਾਲੀ ਵਿੱਚ ਵੀ ਕਿਤੇ-ਕਿਤੇ ਹਲਕੇ ਤੋਂ ਦਰਮਿਆਨੇ ਮੀਂਹ ਦੇ ਆਸਾਰ ਹਨ।
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ ਅਤੇ ਮੋਹਾਲੀ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ ਨਾਲ ਅਸਮਾਨੀ ਬਿਜਲੀ ਡਿੱਗ ਸਕਦੀ ਹੈ। ਇੱਥੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਪਠਾਨਕੋਟ ਵਿੱਚ ਸਭ ਤੋਂ ਵੱਧ 15.5 ਮਿਲੀਮੀਟਰ ਮੀਂਹ
ਸੂਬੇ ਵਿੱਚ ਪਠਾਨਕੋਟ ਵਿੱਚ ਸਭ ਤੋਂ ਵੱਧ 15.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹੁਸ਼ਿਆਰਪੁਰ (ਸਾਲੇਰਨ) ਵਿੱਚ 5.5 ਮਿਲੀਮੀਟਰ, ਰੂਪਨਗਰ (ਭਾਖੜਾ ਡੈਮ) ਵਿੱਚ 4 ਮਿਲੀਮੀਟਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ 1 ਮਿਲੀਮੀਟਰ ਮੀਂਹ ਪਿਆ। ਚੰਡੀਗੜ੍ਹ ਸ਼ਹਿਰ ਵਿੱਚ 7.8 ਮਿਲੀਮੀਟਰ ਅਤੇ ਚੰਡੀਗੜ੍ਹ ਏਅਰਪੋਰਟ ਖੇਤਰ ਵਿੱਚ 4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਮੋਹਾਲੀ ਅਤੇ ਫ਼ਿਰੋਜ਼ਪੁਰ ਵਿੱਚ ਵੀ ਕੁਝ ਥਾਵਾਂ 'ਤੇ ਮੀਂਹ ਪਿਆ, ਪਰ ਉੱਥੇ ਬਾਰਿਸ਼ ਦਾ ਅੰਕੜਾ ਦਰਜ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਕੁਝ ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਵੀ ਹੋਈ।
10 ਅਕਤੂਬਰ ਤੱਕ ਮੌਸਮ ਵਿੱਚ ਬਦਲਾਅ
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਵਿੱਚ 8 ਤੋਂ 10 ਅਕਤੂਬਰ ਤੱਕ ਗਰਜ-ਚਮਕ, ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦਾ ਅਸਰ ਰਹਿ ਸਕਦਾ ਹੈ। 9 ਅਤੇ 10 ਅਕਤੂਬਰ ਨੂੰ ਤੇਜ਼ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ 8 ਅਕਤੂਬਰ ਦੌਰਾਨ ਕੁਝ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬਨ (Western Disturbance) ਦਾ ਅਸਰ ਹੁਣ ਕਮਜ਼ੋਰ ਪੈ ਰਿਹਾ ਹੈ। ਦੱਖਣੀ ਹਰਿਆਣਾ ਦੇ ਉੱਪਰ ਬਣਿਆ ਚੱਕਰਵਾਤੀ ਘੇਰਾ ਵੀ ਕਮਜ਼ੋਰ ਹੋ ਗਿਆ ਹੈ। ਇਸ ਕਾਰਨ ਅਗਲੇ ਕੁਝ ਦਿਨਾਂ ਵਿੱਚ ਮੌਸਮ ਵਿੱਚ ਆਇਆ ਬਦਲਾਅ ਹੌਲੀ-ਹੌਲੀ ਘੱਟ ਹੋ ਸਕਦਾ ਹੈ।
ਠੰਢ ਵਧਣ ਨਾਲ ਬਿਜਲੀ ਦੀ ਮੰਗ ਵੀ ਘਟੀ
ਮੌਸਮ ਠੰਢਾ ਹੋਣ ਦਾ ਅਸਰ ਬਿਜਲੀ ਦੀ ਮੰਗ 'ਤੇ ਵੀ ਪਿਆ ਹੈ। ਪੰਜਾਬ ਵਿੱਚ ਬਿਜਲੀ ਦੀ ਮੰਗ ਘੱਟ ਕੇ 8,672 ਮੈਗਾਵਾਟ ਰਹਿ ਗਈ ਹੈ। ਸੂਬੇ ਵਿੱਚ ਇਸ ਸਮੇਂ 4,335 ਮੈਗਾਵਾਟ ਬਿਜਲੀ ਵਰਤੀ ਜਾ ਰਹੀ ਹੈ, ਜਦੋਂ ਕਿ 4,716 ਮੈਗਾਵਾਟ ਬਿਜਲੀ ਸ਼ਡਿਊਲ ਰਹੀ ਹੈ।