Punjab Weather: ਪੰਜਾਬ ਦੇ ਕਈ ਸ਼ਹਿਰਾਂ ‘ਚ ਛਮ-ਛਮ ਪੈ ਰਿਹਾ ਮੀਂਹ, ਅੱਜ ਮੀਂਹ-ਹਨ੍ਹੇਰੀ ਸਣੇ ਗੜ੍ਹੇਮਾਰੀ ਦਾ ਅਲਰਟ ਜਾਰੀ, ਡਿੱਗਿਆ ਪਾਰਾ

By:  Lajwinder Kaur March 19th 2026 09:56 AM -- Updated: March 19th 2026 10:02 AM

ਪੰਜਾਬ ਦੇ ਵਿੱਚ ਅੱਜ ਸਵੇਰੇ ਤੋਂ ਹੀ ਆਸਮਾਨ ਕਾਲੇ ਬੱਦਲਾਂ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ। ਕਈ ਥਾਵਾਂ ਤੋਂ ਹਲਕੀ-ਫੁਲਕੀ ਬਾਰਿਸ਼ ਦੀਆਂ ਖਬਰਾਂ ਹਨ। ਮੋਹਾਲੀ ਦੇ ਵਿੱਚ ਕਈ ਥਾਂ ਕਿਣ-ਮਿਣ ਹੋ ਰਹੀ ਹੈ। ਲੰਘ ਦਿਨ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਚੰਗਾ ਮੀਂਹ ਪਿਆ, ਜਿਸ ਕਰਕੇ ਲੋਕਾਂ ਨੂੰ ਮਾਰਚ ਦੇ ਵਿੱਚ ਹੁਣ ਜਨਵਰੀ ਵਰਗੀ ਠੰਡ ਦਾ ਅਹਿਸਾਸ ਹੋ ਰਿਹਾ ਹੈ। 

ਪੰਜਾਬ ਅਤੇ ਚੰਡੀਗੜ੍ਹ ਵਿਚ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਅਤੇ ਪਹਾੜਾਂ ਵਿੱਚ ਬਰਫ਼ਬਾਰੀ ਨੇ ਸਿਆਲ ਦਾ ਮੁੜ ਤੋਂ ਅਹਿਸਾਸ ਕਰਵਾ ਦਿੱਤਾ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ 3.5 ਡਿਗਰੀ ਘੱਟ ਗਿਆ ਹੈ, ਜੋ ਆਮ ਨਾਲੋਂ 4.1 ਡਿਗਰੀ ਘੱਟ ਹੈ। ਅੱਜ ਤੋਂ ਅਗਲੇ ਦੋ ਦਿਨਾਂ ਲਈ ਕੁਝ ਇਲਾਕਿਆਂ ਵਿੱਚ ਬਿਜਲੀ ਗਰਜਣ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪਟਿਆਲਾ ਵਿੱਚ ਤਾਪਮਾਨ 27.7 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਵਿੱਚ ਮੌਸਮ ਦੀ ਤਾਜ਼ਾ ਸਥਿਤੀ

ਅੱਜ ਸੂਬੇ ਦੇ 5 ਜ਼ਿਲ੍ਹਿਆਂ ਵਿੱਚ ਤੇਜ਼ ਹਨ੍ਹੇਰੀ-ਤੂਫ਼ਾਨ ਅਤੇ 19 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ ਦੇ ਨਾਲ 30–40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਇਸ ਤੋਂ ਇਲਾਵਾ, ਪੰਜਾਬ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਕੁਝ ਥਾਵਾਂ 'ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਜਤਾਈ ਗਈ ਹੈ।

18 ਮਾਰਚ ਨੂੰ ਸਵੇਰ ਤੋਂ ਸ਼ਾਮ ਤੱਕ, ਪਠਾਨਕੋਟ (4.5 ਮਿਲੀਮੀਟਰ) ਅਤੇ ਅੰਮ੍ਰਿਤਸਰ (0.5 ਮਿਲੀਮੀਟਰ) ਵਿੱਚ ਸਭ ਤੋਂ ਵੱਧ ਮੀਂਹ ਪਿਆ। ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਸਿਰਫ਼ ਹਲਕੀ ਬੂੰਦਾ-ਬਾਂਦੀ ਹੋਈ। ਕੁੱਲ ਮਿਲਾ ਕੇ, ਬਹੁਤਾ ਮੀਂਹ ਨਹੀਂ ਪਿਆ, ਸਿਰਫ਼ ਕੁਝ ਕੁ ਇਲਾਕਿਆਂ ਵਿੱਚ ਹੀ ਹਲਕੀ ਬਾਰਿਸ਼ ਹੋਈ।

ਅੰਮ੍ਰਿਤਸਰ ਰਿਹਾ ਸਭ ਤੋਂ ਠੰਢਾ

ਸੂਬੇ ਵਿੱਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ, ਜੋ ਕਿ 19.4 ਡਿਗਰੀ ਰਿਹਾ। ਇੱਥੋਂ ਦੇ ਤਾਪਮਾਨ ਵਿੱਚ 5.8 ਡਿਗਰੀ ਦੀ ਵੱਡੀ ਗਿਰਾਵਟ ਦੇਖੀ ਗਈ ਹੈ।

ਹੋਰਨਾਂ ਸ਼ਹਿਰਾਂ ਦਾ ਹਾਲ:

ਪਟਿਆਲਾ: ਵੱਧ ਤੋਂ ਵੱਧ ਤਾਪਮਾਨ 27.7 ਡਿਗਰੀ ਰਿਹਾ, ਜੋ ਕੱਲ੍ਹ ਦੇ ਮੁਕਾਬਲੇ 1.3 ਡਿਗਰੀ ਘੱਟ ਹੈ।

ਲੁਧਿਆਣਾ: ਇੱਥੇ ਤਾਪਮਾਨ 26.2 ਡਿਗਰੀ ਦਰਜ ਕੀਤਾ ਗਿਆ, ਜਿਸ ਵਿੱਚ 1.4 ਡਿਗਰੀ ਦੀ ਗਿਰਾਵਟ ਆਈ।

ਪਠਾਨਕੋਟ: ਇੱਥੇ ਤਾਪਮਾਨ 22.7 ਡਿਗਰੀ ਦਰਜ ਹੋਇਆ, ਜਿਸ ਵਿੱਚ 5.0 ਡਿਗਰੀ ਦੀ ਕਮੀ ਆਈ ਹੈ।

ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, ਅੱਜ ਅਤੇ ਕੱਲ੍ਹ ਰਾਜ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਕੁਝ ਥਾਵਾਂ 'ਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਕੁਝ ਥਾਵਾਂ 'ਤੇ ਗੜ੍ਹੇਮਾਰੀ ਵੀ ਸੰਭਵ ਹੈ। ਅਗਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ ਕਾਫ਼ੀ ਹੱਦ ਤੱਕ ਬਦਲਾਅ ਨਹੀਂ ਆਵੇਗਾ, ਪਰ ਅਗਲੇ ਦੋ ਦਿਨਾਂ 'ਚ ਇਹ 5 ਤੋਂ 7 ਡਿਗਰੀ ਤੱਕ ਡਿੱਗ ਸਕਦਾ ਹੈ। ਇਸ ਤੋਂ ਬਾਅਦ, ਤਾਪਮਾਨ ਵਿੱਚ 4 ਤੋਂ 6 ਡਿਗਰੀ ਤੱਕ ਵਾਧਾ ਹੋਣ ਦੀ ਉਮੀਦ ਹੈ।


© Copyright Galactic Television & Communications Pvt. Ltd. 2026. All rights reserved.