Punjab Weather: ਕੁਦਰਤ ਦੀ ਮਾਰ! ਪੰਜਾਬ 'ਚ ਮੀਂਹ ਕਾਰਨ ਡਿੱਗਿਆ ਪਾਰਾ, ਚੰਡੀਗੜ੍ਹ ਵੀ ਸ਼ੀਤ ਲਹਿਰ ਦੀ ਲਪੇਟ 'ਚ, ਠੁਰ-ਠੁਰ ਕਰ ਰਹੇ ਲੋਕ, ਮੁੜ ਕੱਢ ਲਏ ਰਜਾਈਆਂ-ਕੰਬਲ
Punjab Weather: ਪਿਛਲੇ ਕੁੱਝ ਦਿਨਾਂ ਤੋਂ ਰੁਕ-ਰੁਕ ਕੇ ਲਗਾਤਾਰ ਬਾਰਿਸ਼ ਹੋ ਰਹੀ ਹੈ। ਤਿੱਖੀ ਧੁੱਪ ਤੋਂ ਬਾਅਦ ਅਚਾਨਕ ਮੌਸਮ ਨੇ ਕਰਵਟ ਲੈ ਲਈ ਜਿਸ ਨਾਲ ਠਾਰੀ ਵੱਧ ਗਈ ਹੈ। ਜਿੱਥੇ ਇੱਕ ਪਾਸੇ ਲੋਕਾਂ ਨੇ ਸਿਆਲ ਦੇ ਕੱਪੜੇ, ਰਜਾਈਆਂ, ਕੰਬਲ ਸੰਭਾਲ ਕੇ ਰੱਖ ਦਿੱਤੇ ਸੀ, ਇਸ ਵੱਧੀ ਹੋਈ ਠੰਡ ਨੇ ਮੁੜ ਲੋਕਾਂ ਨੂੰ ਮੋਟੇ ਕੱਪੜੇ ਪਾਉਣ 'ਤੇ ਮਜ਼ਬੂਰ ਕਰ ਦਿੱਤਾ ਹੈ। ਲੋਕਾਂ ਨੇ ਮੁੜ ਤੋਂ ਰਜਾਈਆਂ ਅਤੇ ਕੰਬਲ ਵੀ ਕੱਢ ਲਏ ਹਨ।
ਪੰਜਾਬ ‘ਚ ਮੀਂਹ ਅਤੇ ਪਹਾੜਾਂ ਵਿੱਚ ਬਰਫ਼ਬਾਰੀ ਨੇ ਸੂਬੇ ਦੇ ਮੌਸਮ ਨੂੰ ਬਦਲ ਦਿੱਤਾ ਹੈ। ਸਵੇਰ ਅਤੇ ਸ਼ਾਮ ਨੂੰ ਠੰਢ ਵਧ ਗਈ ਹੈ। ਸੂਬੇ ਦਾ ਤਾਪਮਾਨ 24 ਘੰਟਿਆਂ ਵਿੱਚ 2.7 ਡਿਗਰੀ ਘੱਟ ਗਿਆ ਹੈ, ਜੋ ਆਮ ਨਾਲੋਂ 6.1 ਡਿਗਰੀ ਘੱਟ ਹੈ। ਇਸ ਦੌਰਾਨ, ਅੱਜ ਮੀਂਹ, ਬਿਜਲੀ ਗਰਜਣ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਹਵਾ ਦੀ ਗਤੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਪਠਾਨਕੋਟ ਵਿਚ ਸਭ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਵਿੱਚ 20.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ ਅੱਜ ਵੀ ਪੰਜਾਬ ਭਰ ਵਿੱਚ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਮਲੇਰਕੋਟਲਾ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਰੂਪਨਗਰ, ਮੋਹਾਲੀ, ਫਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਸਾਹਿਬ, ਫਾਜ਼ਿਲਕਾ, ਮੋਗਾ, ਬਰਨਾਲਾ ਅਤੇ ਬਰਨਾਲਾ ਵਿੱਚ ਤੇਜ਼ ਹਵਾਵਾਂ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ।
ਜਿੱਥੇ ਲੁਧਿਆਣਾ, ਫਤਿਹਗੜ੍ਹ ਸਾਹਿਬ, ਸੰਗਰੂਰ, ਪਟਿਆਲਾ, ਮਾਨਸਾ, ਰੂਪਨਗਰ ਅਤੇ ਮੋਹਾਲੀ ਵਿੱਚ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ, ਉਥੇ ਹੀ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਾਜ਼ਿਲਕਾ, ਫ਼ਰੀਦਕੋਟ, ਮੋਗਾ, ਫਿਰੋਜ਼ਪੁਰ, ਮੁਕਤਸਰ ਸਾਹਿਬ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਮੀਂਹ ਆਨੰਦਪੁਰ ਸਾਹਿਬ ਵਿੱਚ 10.0 ਮਿਲੀਮੀਟਰ ਅਤੇ ਭਾਖੜਾ ਡੈਮ ਖੇਤਰ ਵਿੱਚ 8.0 ਮਿਲੀਮੀਟਰ ਦਰਜ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਵਿਚ 3.4 ਮਿਲੀਮੀਟਰ, ਸੰਗਰੂਰ ਵਿੱਚ 3.0 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 2.8 ਮਿਲੀਮੀਟਰ ਰਿਕਾਰਡ ਕੀਤਾ ਗਿਆ। ਫਾਜ਼ਿਲਕਾ (ਅਬੋਹਰ) ਵਿੱਚ 2.5 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਪਟਿਆਲਾ ਜ਼ਿਲ੍ਹੇ ਦੇ ਦੋ ਵੱਖ-ਵੱਖ ਸਟੇਸ਼ਨਾਂ 'ਤੇ 2.0 ਮਿਲੀਮੀਟਰ ਅਤੇ 1.0 ਮਿਲੀਮੀਟਰ ਮੀਂਹ ਪਿਆ।
ਮੌਸਮ ਵਿਭਾਗ ਦੇ ਅਨੁਸਾਰ, ਅਸਮਾਨ ਵਿੱਚ ਇੱਕ ਚੱਕਰਵਾਤੀ ਚੱਕਰ ਬਣ ਰਿਹਾ ਹੈ। ਇੱਕ ਪੱਛਮੀ ਰਾਜਸਥਾਨ ਦੇ ਉੱਪਰ ਹੈ ਅਤੇ ਦੂਜਾ ਹਰਿਆਣਾ ਦੇ ਆਲੇ-ਦੁਆਲੇ ਹੈ। ਇਸ ਤੋਂ ਇਲਾਵਾ, ਇੱਕ ਵੈਸਟਨ ਡਿਸਟਰਬਨ ਪ੍ਰਣਾਲੀ ਪਾਕਿਸਤਾਨ ਵੱਲ ਸਰਗਰਮ ਹੈ, ਜਿਸ ਕਾਰਨ ਮੌਸਮ ਵਿੱਚ ਬਦਲਾਅ ਅਤੇ ਮੀਂਹ ਆ ਰਿਹਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਇਹ ਭਵਿੱਖਬਾਣੀ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦਾ ਕਹਿਣਾ ਹੈ ਕਿ ਅੱਜ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। 22 ਅਤੇ 25 ਤਰੀਕ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ 21, 23 ਅਤੇ 24 ਤਰੀਕ ਨੂੰ ਮੌਸਮ ਖੁਸ਼ਕ ਰਹੇਗਾ। ਤਾਪਮਾਨ ਦੇ ਸੰਬੰਧ ਵਿੱਚ, ਅਗਲੇ 48 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਉਮੀਦ ਹੈ।