ਪੰਜਾਬ 'ਚ 5 ਦਿਨ ਪਵੇਗਾ ਮੀਂਹ: ਹਿਮਾਚਲ 'ਚ ਗੜ੍ਹੇਮਾਰੀ ਕਾਰਨ ਡਿੱਗਿਆ ਪਾਰਾ, ਅੱਜ ਨਹੀਂ ਚੱਲੇਗੀ ਲੂ

By:  Lajwinder Kaur May 2nd 2026 09:14 AM -- Updated: May 2nd 2026 09:21 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ 2 ਮਈ ਤੋਂ ਅਗਲੇ 5 ਦਿਨਾਂ ਤੱਕ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ, ਇਸ ਦੌਰਾਨ ਕਈ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ ਮੀਂਹ ਪੈਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਯੈਲੋ ਅਲਰਟ ਜਾਰੀ

ਮੌਸਮ ਵਿਭਾਗ ਵੱਲੋਂ ਇਸ ਸਬੰਧੀ 'ਯੈਲੋ ਅਲਰਟ' ਵੀ ਜਾਰੀ ਕੀਤਾ ਗਿਆ ਹੈ। ਪਹਾੜੀ ਇਲਾਕਿਆਂ ਵਿੱਚ ਹੋਈ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਨਾਲ ਲੋਕਾਂ ਨੂੰ ਤਪਦੀ ਲੂ ਤੋਂ ਵੱਡੀ ਰਾਹਤ ਮਿਲੇਗੀ।

ਤਾਪਮਾਨ ਵਿੱਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਹੁਣ ਇਹ ਆਮ ਨਾਲੋਂ 2.8 ਡਿਗਰੀ ਹੇਠਾਂ ਪਹੁੰਚ ਗਿਆ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 39.9 ਡਿਗਰੀ ਰਿਹਾ।

7 ਜ਼ਿਲ੍ਹਿਆਂ ‘ਚ ਤੇਜ਼ ਹਨੇਰੀ ਅਤੇ ਮੀਂਹ ਦੀ ਵਾਰਨਿੰਗ

ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਅਤੇ ਰੂਪਨਗਰ ਸ਼ਾਮਲ ਹਨ। ਇੱਥੇ ਕੁਝ ਥਾਵਾਂ 'ਤੇ ਬਿਜਲੀ ਲਿਸ਼ਕਣ ਅਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਸੂਬੇ ਦੇ ਕੁੱਲ 11 ਜ਼ਿਲ੍ਹਿਆਂ ਵਿੱਚ ਤਾਪਮਾਨ 35 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।

ਸਭ ਤੋਂ ਵੱਧ ਤਾਪਮਾਨ ਬਠਿੰਡਾ ਏਅਰਫੋਰਸ ਸਟੇਸ਼ਨ ਵਿਖੇ 39.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉੱਥੇ ਤਾਪਮਾਨ 35.8 ਡਿਗਰੀ ਰਿਹਾ, ਜਿਸ ਵਿੱਚ 0.2 ਡਿਗਰੀ ਦੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਲੁਧਿਆਣਾ ਵਿੱਚ ਤਾਪਮਾਨ 35.2 ਡਿਗਰੀ ਰਿਹਾ, ਜਿੱਥੇ 3 ਡਿਗਰੀ ਦੀ ਗਿਰਾਵਟ ਦੇਖੀ ਗਈ, ਜਦਕਿ ਪਟਿਆਲਾ ਵਿੱਚ ਪਾਰਾ 35.6 ਡਿਗਰੀ ਦਰਜ ਹੋਇਆ, ਜੋ ਕਿ 1.9 ਡਿਗਰੀ ਘੱਟ ਹੈ। ਚੰਡੀਗੜ੍ਹ ਦਾ ਤਾਪਮਾਨ 35.2 ਡਿਗਰੀ ਰਿਕਾਰਡ ਕੀਤਾ ਗਿਆ, ਜਿਸ ਵਿੱਚ 1.6 ਡਿਗਰੀ ਦੀ ਕਮੀ ਆਈ। ਪਠਾਨਕੋਟ ਵਿੱਚ ਤਾਪਮਾਨ 36 ਡਿਗਰੀ 'ਤੇ ਸਥਿਰ ਰਿਹਾ।

ਦੂਜੇ ਪਾਸੇ, ਫਾਜ਼ਿਲਕਾ ਵਿੱਚ ਤਾਪਮਾਨ 37.5 ਡਿਗਰੀ ਰਿਹਾ ਅਤੇ ਉੱਥੇ ਕੋਈ ਬਦਲਾਅ ਨਹੀਂ ਹੋਇਆ, ਪਰ ਫਿਰੋਜ਼ਪੁਰ ਵਿੱਚ ਪਾਰਾ 37.2 ਡਿਗਰੀ ਤੱਕ ਪਹੁੰਚ ਗਿਆ, ਜਿੱਥੇ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਭਾਖੜਾ ਡੈਮ ਦੇ ਇਲਾਕੇ ਵਿੱਚ ਤਾਪਮਾਨ 36 ਡਿਗਰੀ ਰਿਹਾ, ਜਿਸ ਵਿੱਚ 2.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

ਪਹਾੜਾਂ 'ਤੇ ਵੈਸਟਰਨ ਡਿਸਟਰਬੈਂਸ (ਪੱਛਮੀ ਗੜਬੜੀ) ਦਸਤਕ ਦੇਣ ਵਾਲੀ ਹੈ। ਇੱਕ ਮਈ ਦਾ ਦਿਨ ਲੰਘ ਚੁੱਕਾ ਹੈ ਅਤੇ ਹੁਣ ਮਾਨਸੂਨ ਆਉਣ ਵਿੱਚ ਕਰੀਬ ਇੱਕ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ। ਇਸ ਵਾਰ 'ਅਲਨੀਨੋ' ਦੇ ਪ੍ਰਭਾਵ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਮੌਜੂਦਾ ਸਮੇਂ ਦਿੱਲੀ ਅਤੇ ਹਰਿਆਣਾ ਦੇ ਨੇੜੇ ਇੱਕ ਸਾਈਕਲੋਨਿਕ ਸਰਕੂਲੇਸ਼ਨ (ਚੱਕਰਵਾਤੀ ਹਵਾਵਾਂ ਦਾ ਖੇਤਰ) ਬਣਿਆ ਹੋਇਆ ਹੈ, ਜਿਸ ਕਾਰਨ ਹਵਾਵਾਂ ਦਾ ਚੱਕਰਵਾਤੀ ਵਹਾਅ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੇ ਉੱਪਰ ਵੀ ਸਾਈਕਲੋਨਿਕ ਸਰਕੂਲੇਸ਼ਨ ਸਰਗਰਮ ਹੈ, ਜੋ ਮੌਸਮ ਵਿੱਚ ਤਬਦੀਲੀ ਲਿਆ ਰਿਹਾ ਹੈ।

ਅੱਜ ਪਹਾੜਾਂ 'ਤੇ ਵੈਸਟਰਨ ਡਿਸਟਰਬੈਂਸ (ਪੱਛਮੀ ਗੜਬੜੀ) ਪਹੁੰਚਣ ਵਾਲੀ ਹੈ, ਜਿਸ ਦੇ ਪ੍ਰਭਾਵ ਨਾਲ ਰਾਜਸਥਾਨ ਦੇ ਉੱਪਰ ਵੀ ਇੱਕ ਸਾਈਕਲੋਨਿਕ ਸਰਕੂਲੇਸ਼ਨ ਬਣਨ ਦੀ ਸੰਭਾਵਨਾ ਹੈ। ਅਰਬ ਸਾਗਰ ਤੋਂ ਆਉਣ ਵਾਲੀ ਨਮੀ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਹਾਲਾਂਕਿ, ਤਿੰਨ ਮਈ ਨੂੰ ਮੌਸਮ ਵਿੱਚ ਕੋਈ ਬਹੁਤ ਵੱਡਾ ਬਦਲਾਅ ਹੋਣ ਦੀ ਉਮੀਦ ਨਹੀਂ ਹੈ।

ਪੂਰੇ ਹਫ਼ਤੇ ਦੌਰਾਨ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 2, 3, 6 ਅਤੇ 7 ਮਈ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ 4 ਅਤੇ 5 ਮਈ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਅਗਲੇ 48 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋ ਸਕਦਾ ਹੈ, ਪਰ ਉਸ ਤੋਂ ਬਾਅਦ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ।

2 ਅਤੇ 7 ਮਈ ਨੂੰ ਕੁਝ ਥਾਵਾਂ 'ਤੇ ਗਰਜ-ਚਮਕ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ, 3 ਤੋਂ 6 ਮਈ ਦੇ ਦੌਰਾਨ ਕੁਝ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ-ਨਾਲ ਹਵਾਵਾਂ ਦੀ ਰਫ਼ਤਾਰ ਹੋਰ ਵਧਣ ਦੀ ਉਮੀਦ ਹੈ, ਜੋ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ।

Related Post

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖ਼ਤੀ: DA ਦੇ ਬਕਾਏ ਨੂੰ ਲੈ ਕੇ ਮੁੱਖ ਸਕੱਤਰ ਨੂੰ ਮੁੜ ਪੇਸ਼ ਹੋਣ ਦੇ ਹੁਕਮ, 'ਲੁਕਣ-ਮੀਚੀ' ਵਾਲੇ ਰਵੱਈਏ 'ਤੇ ਅਦਾਲਤ ਨਾਰਾਜ਼
ਚੰਡੀਗੜ੍ਹ ਦੇ ਸਕੂਲਾਂ ਨੂੰ ਮੁੜ ਮਿਲੀ ਬੰ*ਬ ਨਾਲ ਉਡਾਉਣ ਦੀ ਧਮਕੀ: ਸਕੂਲਾਂ 'ਚ ਮੱਚਿਆ ਹੜਕੰਪ, ਸੁਰੱਖਿਆ ਏਜੰਸੀਆਂ ਅਲਰਟ 'ਤੇ
ਪੰਜਾਬ-ਚੰਡੀਗੜ੍ਹ ‘ਚ ਬਦਲੇਗਾ ਮੌਸਮ ਦਾ ਮਿਜਾਜ਼: 3 ਦਿਨਾਂ ਲਈ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ, ਬਠਿੰਡਾ ਰਿਹਾ ਸਭ ਤੋਂ ਗਰਮ
ਪੰਜਾਬ ਦੀ ਸਿਆਸਤ 'ਚ ਹਲਚਲ! ਮਸ਼ਹੂਰ ਪੰਜਾਬੀ ਗੀਤਕਾਰ ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਫੜਿਆ ਪੱਲਾ....
ਜਗਰਾਓਂ ਮਹਿਲਾ ਥਾਣੇ ਦਾ ਅਜੀਬ ਮਾਮਲਾ: ਥਾਣੇਦਾਰ ਨੇ ਹੀ ਕਬਾੜ ‘ਚ ਵੇਚ ਦਿੱਤੇ 50 ਮੋਟਰਸਾਈਕਲ, ਥਾਣੇਦਾਰ ਸਮੇਤ ਕਾਬੜੀਏ ਕਾਬੂ
ਹਾਕੀ ਦੇ ਮੈਦਾਨ ਤੋਂ ਪੰਜਾਬ ਕਾਂਗਰਸ ਦੀ ਕਮਾਨ ਤੱਕ...ਕੌਣ ਹਨ ਪਰਗਟ ਸਿੰਘ? ਸਾਬਕਾ ਪ੍ਰਧਾਨ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ

© Copyright Galactic Television & Communications Pvt. Ltd. 2026. All rights reserved.