ਅੱਤ ਦੀ ਗਰਮੀ ਨਾਲ ਪੰਜਾਬੀਆਂ ਦਾ ਹੋਇਆ ਬੁਰਾ ਹਾਲ! ਪੰਜਾਬ ਦੇ ਦੋ ਜ਼ਿਲ੍ਹਿਆਂ ‘ਚ ਪਾਰਾ 44 ਡਿਗਰੀ ਤੋਂ ਪਾਰ, ਅੱਜ ਹੀਟ ਵੇਵ ਦਾ ਯੈਲੋ ਅਲਰਟ, ਭਲਕੇ ਮੀਂਹ…

By:  Lajwinder Kaur April 25th 2026 09:41 AM -- Updated: April 25th 2026 09:55 AM

ਪੰਜਾਬ ਅਤੇ ਚੰਡੀਗੜ੍ਹ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਵਿੱਚ ਹਨ। ਬਠਿੰਡਾ ਅਤੇ ਫ਼ਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 44.3 ਡਿਗਰੀ ਦਰਜ ਕੀਤਾ ਗਿਆ ਹੈ, ਜਦੋਂ ਕਿ ਚੰਡੀਗੜ੍ਹ ਵਿੱਚ ਇਹ 41.0 ਡਿਗਰੀ ਰਿਹਾ। ਸ਼ੁੱਕਰਵਾਰ ਦੇ ਮੁਕਾਬਲੇ ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਹੋਇਆ ਹੈ, ਜੋ ਕਿ ਆਮ ਨਾਲੋਂ ਪੰਜ ਡਿਗਰੀ ਜ਼ਿਆਦਾ ਹੈ। ਲੋਕ ਗਰਮੀ ਤੋਂ ਬਚਣ ਦੇ ਲਈ ਏਸੀ-ਕੂਲਰ ਦੀ ਵਰਤੋਂ ਵੱਧ ਗਈ ਹੈ, ਜਿਸ ਕਰਕੇ ਬਿਜਲੀ ਦਾ ਲੋਡ ਵੀ ਵੱਧ ਗਿਆ ਹੈ।

ਅੱਜ ਲੂ ਦਾ ਯੈਲੋ ਅਲਰਟ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਅੱਜ ਲਈ ਪੰਜਾਬ ਅਤੇ ਚੰਡੀਗੜ੍ਹ ਵਿੱਚ ਲੂ (Heat Wave) ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਚੰਡੀਗੜ੍ਹ ਵਿੱਚ ਰਾਤਾਂ ਵੀ ਗਰਮ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਆਉਣ ਵਾਲੇ ਦਿਨਾਂ ਵਿੱਚ ਰਾਹਤ ਦੀ ਉਮੀਦ ਹੈ; 26 ਤੋਂ 30 ਅਪ੍ਰੈਲ ਤੱਕ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਵਿੱਚ ਅੱਜ ਦੇ ਮੌਸਮ ਦੀ ਸਥਿਤੀ

ਅੱਜ ਮੁੱਖ ਤੌਰ 'ਤੇ ਪੰਜਾਬ ਦੇ 10 ਜ਼ਿਲ੍ਹਿਆਂ—ਮੋਗਾ, ਫ਼ਿਰੋਜ਼ਪੁਰ, ਫ਼ਰੀਦਕੋਟ, ਫਾਜ਼ਿਲਕਾ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ ਅਤੇ ਪਟਿਆਲਾ—ਵਿੱਚ ਕੁਝ ਥਾਵਾਂ 'ਤੇ ਲੂ (Heat Wave) ਚੱਲਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਫਾਜ਼ਿਲਕਾ, ਬਰਨਾਲਾ ਅਤੇ ਲੁਧਿਆਣਾ ਵਿੱਚ ਕੁਝ ਥਾਵਾਂ 'ਤੇ ਰਾਤ ਦਾ ਤਾਪਮਾਨ ਵੀ ਉੱਚਾ ਰਹਿ ਸਕਦਾ ਹੈ। ਗਰਮੀ ਦੇ ਇਸ ਕਹਿਰ ਦੇ ਵਿਚਕਾਰ, ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਵਿੱਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਉਮੀਦ ਹੈ, ਜੋ ਲੋਕਾਂ ਨੂੰ ਕੁਝ ਰਾਹਤ ਦੇ ਸਕਦੀ ਹੈ।

ਸੱਤ ਜ਼ਿਲ੍ਹਿਆਂ ਵਿੱਚ ਪਾਰਾ 40 ਡਿਗਰੀ ਤੋਂ ਪਾਰ

ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ। ਜ਼ਿਲ੍ਹਿਆਂ ਮੁਤਾਬਕ ਤਾਪਮਾਨ ਦਾ ਵੇਰਵਾ ਇਸ ਤਰ੍ਹਾਂ ਹੈ:

ਫ਼ਰੀਦਕੋਟ: 44.3 ਡਿਗਰੀ

ਬਠਿੰਡਾ: 42.5 ਡਿਗਰੀ (ਏਅਰਪੋਰਟ ਖੇਤਰ ਵਿੱਚ 44.3 ਡਿਗਰੀ)

ਲੁਧਿਆਣਾ: 42.4 ਡਿਗਰੀ

ਪਟਿਆਲਾ: 42.4 ਡਿਗਰੀ

ਰੂਪਨਗਰ (ਭਾਖੜਾ ਡੈਮ): 41.3 ਡਿਗਰੀ

ਚੰਡੀਗੜ੍ਹ (ਸ਼ਹਿਰ): 41.0 ਡਿਗਰੀ

ਅੰਮ੍ਰਿਤਸਰ: 40.3 ਡਿਗਰੀ

ਇਸ ਤੋਂ ਇਲਾਵਾ, ਪੰਜਾਬ ਦੇ 6 ਹੋਰ ਜ਼ਿਲ੍ਹਿਆਂ ਵਿੱਚ ਤਾਪਮਾਨ 35 ਤੋਂ 40 ਡਿਗਰੀ ਦੇ ਵਿਚਕਾਰ ਰਿਹਾ, ਜਿਸ ਕਾਰਨ ਪੂਰੇ ਸੂਬੇ ਵਿੱਚ ਲੋਕ ਭਿਆਨਕ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰ ਰਹੇ ਹਨ।

ਇਹਨਾਂ ਵਿੱਚ ਫਾਜ਼ਿਲਕਾ 39.9 ਡਿਗਰੀ, ਫ਼ਿਰੋਜ਼ਪੁਰ 39.2 ਡਿਗਰੀ, ਹੁਸ਼ਿਆਰਪੁਰ 38.4 ਡਿਗਰੀ, ਐਸ.ਬੀ.ਐਸ. ਨਗਰ 39.6 ਡਿਗਰੀ, ਮੋਗਾ 39.4 ਡਿਗਰੀ ਅਤੇ ਪਠਾਨਕੋਟ 38.6 ਡਿਗਰੀ ਦਰਜ ਕੀਤਾ ਗਿਆ। ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਦੇ ਆਸ-ਪਾਸ ਜਾਂ ਇਸ ਤੋਂ ਘੱਟ ਰਿਹਾ। ਇਨ੍ਹਾਂ ਵਿੱਚ ਗੁਰਦਾਸਪੁਰ 38.0 ਡਿਗਰੀ, ਰੋਪੜ (ਰੂਪਨਗਰ ਹੈੱਡਕੁਆਰਟਰ) 39.0 ਡਿਗਰੀ, ਪਟਿਆਲਾ (AWS) 39.9 ਡਿਗਰੀ, ਚੰਡੀਗੜ੍ਹ (ਏਅਰਪੋਰਟ) 40.0 ਦੇ ਕਰੀਬ ਅਤੇ ਕੁਝ ਹੋਰ ਥਾਵਾਂ 'ਤੇ ਤਾਪਮਾਨ 37 ਤੋਂ 39 ਡਿਗਰੀ ਦੇ ਵਿਚਕਾਰ ਰਿਹਾ, ਜਦਕਿ ਕਿਸੇ ਵੀ ਜ਼ਿਲ੍ਹੇ ਵਿੱਚ ਬਾਰਿਸ਼ ਦਰਜ ਨਹੀਂ ਕੀਤੀ ਗਈ।

ਰਾਤ ਦੇ ਤਾਪਮਾਨ ਵਿੱਚ ਵਾਧਾ ਅਤੇ ਮੌਸਮ ਦੀ ਸਥਿਤੀ

ਪੂਰੇ ਹਫ਼ਤੇ ਸੂਬੇ ਵਿੱਚ ਮੀਂਹ ਦੀ ਕੋਈ ਖਾਸ ਉਮੀਦ ਨਹੀਂ ਹੈ। ਦਿਨ ਦਾ ਤਾਪਮਾਨ 38 ਤੋਂ 42 ਡਿਗਰੀ ਦੇ ਵਿਚਕਾਰ ਰਹੇਗਾ, ਜਿਸ ਕਾਰਨ ਆਮ ਨਾਲੋਂ ਜ਼ਿਆਦਾ ਗਰਮੀ ਮਹਿਸੂਸ ਹੋਵੇਗੀ। ਰਾਤ ਦਾ ਤਾਪਮਾਨ ਵੀ 22 ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ, ਜਿਸਦਾ ਮਤਲਬ ਹੈ ਕਿ ਰਾਤਾਂ ਵੀ ਆਮ ਨਾਲੋਂ ਕੁਝ ਜ਼ਿਆਦਾ ਗਰਮ ਰਹਿਣਗੀਆਂ।

ਮੌਸਮ ਵਿਗਿਆਨੀਆਂ ਅਨੁਸਾਰ, ਇਸ ਸਮੇਂ ਵੈਸਟਰਨ ਡਿਸਟਰਬਨ (Western Disturbance) ਉਪਰਲੀਆਂ ਹਵਾਵਾਂ ਵਿੱਚ ਸਰਗਰਮ ਹੈ ਅਤੇ ਉੱਤਰ ਦਿਸ਼ਾ ਵੱਲ ਬਣਿਆ ਹੋਇਆ ਹੈ। ਇਸ ਦੇ ਨਾਲ ਹੀ, ਉੱਤਰੀ ਹਰਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜ਼ਮੀਨ ਤੋਂ ਕਰੀਬ 1.5 ਕਿਲੋਮੀਟਰ ਦੀ ਉਚਾਈ 'ਤੇ ਹਵਾ ਦਾ ਇੱਕ ਹਲਕਾ ਚੱਕਰਵਾਤੀ ਸਿਸਟਮ ਵੀ ਬਣਿਆ ਹੋਇਆ ਹੈ, ਜਿਸ ਦਾ ਅਸਰ ਨੇੜਲੇ ਖੇਤਰਾਂ ਦੇ ਮੌਸਮ 'ਤੇ ਦੇਖਣ ਨੂੰ ਮਿਲ ਸਕਦਾ ਹੈ।

ਭਲਕੇ ਤੋਂ ਹਨੇਰੀ ਅਤੇ ਮੀਂਹ ਦੀ ਸੰਭਾਵਨਾ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਸੂਬੇ ਵਿੱਚ 26 ਤੋਂ 30 ਤਰੀਕ ਦੇ ਦਰਮਿਆਨ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਚਾਰ ਦਿਨਾਂ ਤੱਕ ਦਿਨ ਦੇ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਵੇਗੀ, ਪਰ ਇਸ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।

ਅਗਲੇ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ

26 ਅਪ੍ਰੈਲ: ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ।

27 ਅਪ੍ਰੈਲ: ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਕੁਝ ਸਥਾਨਾਂ 'ਤੇ ਗਰਜ-ਚਮਕ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ, ਜੋ ਵਧਦੀ ਗਰਮੀ ਤੋਂ ਰਾਹਤ ਦਿਵਾਉਣਗੇ।


Related Post

Punjab Blackout: ਪੰਜਾਬ 'ਚ ਅੱਜ 'ਬਲੈਕ ਆਊਟ': ਰਾਤ 8 ਵਜੇ ਵੱਜਣਗੇ ਸਾਇਰਨ, ਛਾਏਗਾ ਹਨੇਰਾ; ਜਾਣੋ ਕਿੱਥੇ-ਕਿੱਥੇ ਹੋਏਗੀ ਮੌਕ ਡਰਿੱਲ
ਪੰਜਾਬ ‘ਚ ਭੱਖਦੀ ਗਰਮੀ ਤੇ ਲੂ ਕਰ ਰਹੀ ਪ੍ਰੇਸ਼ਾਨ, ਬਠਿੰਡਾ ਸਭ ਤੋਂ ਗਰਮ, 10 ਜ਼ਿਲ੍ਹਿਆਂ 'ਚ ਪਾਰਾ 40 ਤੋਂ ਪਾਰ; 26 ਨੂੰ ਮੀਂਹ ਦੇ ਆਸਾਰ
ਚੰਡੀਗੜ੍ਹ ਵਾਲਿਆਂ ਲਈ ਖੁਸ਼ਖਬਰੀ! ₹16.63 ਕਰੋੜ ਦੀ ਲਾਗਤ ਵਾਲਾ ਮਿਲੇਗਾ ਹਾਈ-ਲੈਵਲ ਬ੍ਰਿਜ, ਟ੍ਰੈਫਿਕ ਜਾਮ ਤੋਂ ਮਿਲੇਗੀ ਨਿਜ਼ਾਤ
ਆਹ ਕੀ ਬੋਲ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਬਿਆਨ ਨੇ ਮੱਚਾਈ ਤਰਥੱਲੀ, ਪਾਕਿਸਤਾਨੀ ਫੌਜ ਮੁਖੀ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਕੀਤੀ ਮੰਗ
AAP ਨੂੰ ਵੱਡਾ ਝਟਕਾ! ਮੀਡੀਆ ਇੰਚਾਰਜ ਵੀਰ ਸਿੰਘ ਨੇ ਫੜਿਆ ਅਕਾਲੀ ਦਲ ਦਾ ਪੱਲਾ, ਸਿਆਸੀ ਹਲਚਲ ਤੇਜ਼
ਪੰਜਾਬ ‘ਚ ਮੁੜ ਵੱਜਣਗੇ ਸਾਇਰਨ, ਹੋਏਗਾ ਬਲੈਕ ਆਊਟ, ਜਾਣੋ ਅਚਾਨਕ ਜੰਗੀ ਪੱਧਰ ਦੀਆਂ ਤਿਆਰੀਆਂ ਦੀ ਵਜ੍ਹਾ!

© Copyright Galactic Television & Communications Pvt. Ltd. 2026. All rights reserved.