ਪੰਜਾਬ ‘ਚ ਅੱਜ ਤੋਂ ਮੌਸਮ ਸਾਫ਼, 3 ਦਿਨਾਂ ‘ਚ ਮਾਨਸੂਨ ਦੀ ਵਿਦਾਈ ਸੰਭਵ
ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (21 ਸਤੰਬਰ) ਤੋਂ ਅਗਲੇ ਚਾਰ ਦਿਨ ਮੌਸਮ ਸਾਫ਼ (ਸੁੱਕਾ) ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ। ਦੂਜੇ ਪਾਸੇ, ਰਾਜਸਥਾਨ ਤੋਂ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਅਗਲੇ ਤਿੰਨ ਦਿਨਾਂ ਵਿੱਚ ਸੂਬੇ ਵਿੱਚੋਂ ਮਾਨਸੂਨ ਦੀ ਵਿਦਾਈ ਹੋ ਜਾਵੇਗੀ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (21 ਸਤੰਬਰ) ਤੋਂ ਅਗਲੇ ਚਾਰ ਦਿਨ ਮੌਸਮ ਸਾਫ਼ (ਸੁੱਕਾ) ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ। ਦੂਜੇ ਪਾਸੇ, ਰਾਜਸਥਾਨ ਤੋਂ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਅਗਲੇ ਤਿੰਨ ਦਿਨਾਂ ਵਿੱਚ ਸੂਬੇ ਵਿੱਚੋਂ ਮਾਨਸੂਨ ਦੀ ਵਿਦਾਈ ਹੋ ਜਾਵੇਗੀ। ਸਵੇਰ ਤੇ ਸ਼ਾਮ ਦੇ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲ ਰਿਹਾ, ਲੋਕਾਂ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੈ। ਪਰ ਜਿਵੇਂ-ਜਿਵੇਂ ਸੂਰਜ ਚੜ੍ਹਦਾ ਹੈ ਉਵੇਂ-ਉਵੇਂ ਤਾਪਮਾਨ ਵੱਧਣ ਨਾਲ ਗਰਮੀ ਮਹਿਸੂਸ ਹੁੰਦੀ ਹੈ।
ਬੀਤੇ 24 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ ਆਮ ਦੇ ਕਰੀਬ ਪਹੁੰਚ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 35.7 ਡਿਗਰੀ ਪਟਿਆਲਾ ਵਿੱਚ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਹੁਣ ਪੱਛਮੀ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਬੱਦਲ ਬਣਨੇ ਬੰਦ ਹੋ ਗਏ ਹਨ ਅਤੇ ਨਮੀ ਘੱਟ ਗਈ ਹੈ। ਇਸ ਨਾਲ ਆਸਮਾਨ ਸਾਫ਼ ਰਹੇਗਾ। ਹਾਲਾਂਕਿ, ਮੌਸਮ ਵਿੱਚ ਇੱਕ ਨਵਾਂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ; ਬੰਗਾਲ ਦੀ ਖਾੜੀ ਵਿੱਚ ਇੱਕ ਡਿਪਰੈਸ਼ਨ ਬਣ ਗਿਆ ਹੈ, ਜਿਸ ਕਾਰਨ ਹਵਾਵਾਂ ਘੜੀ ਦੀ ਉਲਟ ਦਿਸ਼ਾ ਵਿੱਚ ਘੁੰਮਣਗੀਆਂ ਅਤੇ ਪੂਰਬੀ ਹਵਾਵਾਂ ਅੱਗੇ ਆਉਣ ਲੱਗਣਗੀਆਂ।
ਇਸ ਤੋਂ ਇਲਾਵਾ, ਪੱਛਮੀ ਰਾਜਸਥਾਨ ਅਤੇ ਪਾਕਿਸਤਾਨ ਉੱਪਰ ਇੱਕ ਐਂਟੀ ਸਾਈਕਲੋਨ ਵੀ ਬਣਿਆ ਹੋਇਆ ਹੈ। ਇਸ ਨਾਲ ਪੱਛਮੀ ਹਵਾਵਾਂ ਬਣੀਆਂ ਰਹਿਣਗੀਆਂ ਅਤੇ ਆਸਮਾਨ ਸਾਫ਼ ਰਹੇਗਾ। ਮੀਂਹ ਪੈਣ ਦੀ ਸੰਭਾਵਨਾ ਨਾਂ ਦੇ ਬਰਾਬਰ ਹੈ, ਪਰ ਸਵੇਰ ਅਤੇ ਸ਼ਾਮ ਨੂੰ ਠੰਢ ਵਧਣ ਦੀ ਸੰਭਾਵਨਾ ਜ਼ਰੂਰ ਰਹੇਗੀ।
ਬਿਜਲੀ ਦੀ ਮੰਗ 11 ਹਜ਼ਾਰ ਪਾਰ
ਪੰਜਾਬ ਵਿੱਚ ਬਿਜਲੀ ਦੀ ਮੰਗ ਲਗਾਤਾਰ ਵਧੀ ਹੋਈ ਹੈ। ਅੱਜ ਬਿਜਲੀ ਦੀ ਡਿਮਾਂਡ 11,628 ਮੇਗਾਵਾਟ ਰਹੀ। ਬਿਜਲੀ ਵਿਭਾਗ ਨੇ ਕੇਂਦਰੀ ਗਰਿੱਡ ਤੋਂ 7,056 ਮੇਗਾਵਾਟ ਬਿਜਲੀ ਲਈ, ਜੋ ਤੈਅ ਸ਼ਡਿਊਲ ਤੋਂ 125 ਮੇਗਾਵਾਟ ਜ਼ਿਆਦਾ ਹੈ। ਇਸ ਦੌਰਾਨ ਬਿਜਲੀ ਦੀ ਫ੍ਰੀਕੁਐਂਸੀ 49.82 ਹਰਟਜ਼ ਦਰਜ ਕੀਤੀ ਗਈ।
ਡੈਮਾਂ ਦਾ ਜਲ ਪੱਧਰ ਘਟਿਆ
ਮਾਨਸੂਨ ਦੀ ਵਾਪਸੀ ਦੇ ਵਿਚਕਾਰ ਭਾਖੜਾ ਡੈਮ ਦਾ ਜਲ ਪੱਧਰ 1644.21 ਫੁੱਟ ਅਤੇ ਪੋਂਗ ਡੈਮ ਦਾ 1371.20 ਫੁੱਟ ਰਹਿ ਗਿਆ ਹੈ। ਭਾਖੜਾ ਆਪਣੇ ਵੱਧ ਤੋਂ ਵੱਧ 1680 ਫੁੱਟ ਦੇ ਪੱਧਰ ਤੋਂ 35.79 ਫੁੱਟ ਅਤੇ ਪੋਂਗ 1390 ਫੁੱਟ ਦੇ ਪੱਧਰ ਤੋਂ 18.8 ਫੁੱਟ ਹੇਠਾਂ ਹੈ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਵਾਰ ਭਾਖੜਾ ਕਰੀਬ 33.5 ਫੁੱਟ ਅਤੇ ਪੋਂਗ 28.7 ਫੁੱਟ ਹੇਠਾਂ ਹੈ।