ਪੰਜਾਬ-ਚੰਡੀਗੜ੍ਹ 'ਚ ਮੀਂਹ: ਪਠਾਨਕੋਟ 'ਚ ਰਾਤ ਤੋਂ ਬਾਰਿਸ਼, ਟਰਾਈਸਿਟੀ 'ਚ 2 ਘੰਟਿਆਂ 'ਚ ਪਿਆ 72.4 ਮਿਲੀਮੀਟਰ ਮੀਂਹ, ਸੜਕਾਂ ‘ਤੇ ਗੋਡੇ-ਗੋਡੇ ਖੜ੍ਹਿਆ ਪਾਣੀ …

ਮੰਗਵਾਲ ਨੂੰ ਚੰਡੀਗੜ੍ਹ-ਮੋਹਾਲੀ ਦੇ ਵਿੱਚ ਭਾਰੀ ਬਾਰਿਸ਼ ਹੋਈ ਜਿਸ ਨਾਲ ਸੜਕਾਂ 'ਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋ ਗਿਆ, ਲੋਕਾਂ ਦੇ ਵਾਹਨ ਪਾਣੀ ਦੇ ਵਿੱਚ ਫਸਦੇ ਹੋਏ ਨਜ਼ਰ ਆਏ। ਜੇਕਰ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਪਠਾਨਕੋਟ ਵਿੱਚ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ।

By:  Lajwinder Kaur August 19th 2026 09:55 AM -- Updated: August 19th 2026 10:19 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਪਠਾਨਕੋਟ ਵਿੱਚ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ। ਉੱਥੇ ਹੀ, ਚੰਡੀਗੜ੍ਹ ਵਿੱਚ ਸਵੇਰੇ 5 ਵਜੇ ਤੋਂ ਹਲਕੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਅਗਲੇ ਤਿੰਨ ਘੰਟਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

 2 ਘੰਟਿਆਂ 'ਚ ਟਰਾਈਸਿਟੀ ਹੋਈ ਜਲ-ਥਲ

ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਸਿਰਫ਼ 2 ਘੰਟਿਆਂ ਵਿੱਚ 72.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਹ ਇਸ ਮਾਨਸੂਨ ਸੀਜ਼ਨ ਵਿੱਚ 2 ਘੰਟਿਆਂ ਦੌਰਾਨ ਹੋਈ ਹੁਣ ਤੱਕ ਦੀ ਸਭ ਤੋਂ ਤੇਜ਼ ਬਾਰਸ਼ ਰਹੀ। ਤੇਜ਼ ਮੀਂਹ ਕਾਰਨ ਪੂਰੇ ਚੰਡੀਗੜ੍ਹ ਸਮੇਤ ਟਰਾਈਸਿਟੀ ਵਿੱਚ ਪਾਣੀ ਭਰ ਗਿਆ ਹੈ।

ਮੀਂਹ ਦਾ ਯੈਲੋ ਅਲਰਟ

ਅੱਜ 19 ਅਗਸਤ ਨੂੰ ਵੀ ਮੀਂਹ ਦਾ ਯੈਲੋ ਅਲਰਟ ਹੈ। ਪੰਜਾਬ ਦੇ 2 ਜ਼ਿਲ੍ਹਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉੱਥੇ ਹੀ, ਚੰਡੀਗੜ੍ਹ ਵਿੱਚ ਬੱਦਲ ਛਾਏ ਰਹਿਣਗੇ ਅਤੇ ਬਾਰਸ਼ ਹੋਣ ਦੇ ਆਸਾਰ ਹਨ। ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ, 20 ਅਗਸਤ ਤੋਂ ਅਗਲੇ 5 ਦਿਨਾਂ ਤੱਕ ਮੌਸਮ ਵਿਭਾਗ ਵੱਲੋਂ ਮੀਂਹ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ। ਇਸ ਦੇ ਬਾਵਜੂਦ ਇਸ ਦੌਰਾਨ ਮੀਂਹ ਪੈਣ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ।

ਮੀਂਹ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਮੰਗਲਵਾਰ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ।

ਹੁਣ ਜਾਣੋ ਅੱਜ ਕਿੱਥੇ ਪਵੇਗਾ ਮੀਂਹ:

ਅੱਜ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਦੇ ਨਾਲ-ਨਾਲ ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਉੱਥੇ ਹੀ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੇ ਆਸਾਰ ਹਨ। ਜਦੋਂ ਕਿ ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਅਤੇ ਬਠਿੰਡਾ ਵਿੱਚ ਇਕਾ-ਦੁੱਕਾ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਜਾਣੋ ਮੌਸਮ ਦੀ ਸਥਿਤੀ:

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਦੇ ਆਸ-ਪਾਸ ਕਈ ਮੌਸਮੀ ਪ੍ਰਣਾਲੀਆਂ ਸਰਗਰਮ ਹਨ। ਉੱਤਰੀ ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 0.9 ਕਿਲੋਮੀਟਰ ਦੀ ਉਚਾਈ 'ਤੇ ਉੱਪਰੀ ਹਵਾ ਦਾ ਚੱਕਰਵਾਤੀ ਘੇਰਾ ਬਣਿਆ ਹੋਇਆ ਹੈ।

ਇਸ ਤੋਂ ਇਲਾਵਾ ਮਾਨਸੂਨ ਟਰਫ਼ ਪੰਜਾਬ ਕੋਲੋਂ ਲੰਘ ਰਹੀ ਹੈ। ਉੱਥੇ ਹੀ, ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 5.8 ਕਿਲੋਮੀਟਰ ਦੀ ਉਚਾਈ 'ਤੇ ਉੱਪਰੀ ਹਵਾ ਦਾ ਚੱਕਰਵਾਤੀ ਘੇਰਾ ਬਣਿਆ ਹੋਇਆ ਹੈ।

ਇੱਕ ਟਰਫ਼ ਪੂਰਬੀ ਉੱਤਰ ਪ੍ਰਦੇਸ਼ ਤੋਂ ਗੁਜਰਾਤ ਤੱਕ ਬਣੀ ਹੋਈ ਹੈ, ਜੋ ਉੱਤਰ ਮੱਧ ਪ੍ਰਦੇਸ਼ ਅਤੇ ਦੱਖਣੀ-ਪੂਰਬੀ ਰਾਜਸਥਾਨ ਤੋਂ ਹੋ ਕੇ ਗੁਜ਼ਰ ਰਹੀ ਹੈ। ਇਨ੍ਹਾਂ ਮੌਸਮੀ ਪ੍ਰਣਾਲੀਆਂ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀਆਂ ਸਰਗਰਮੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ।

ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਦਾ ਹਾਲ

20 ਅਗਸਤ: ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਪਰ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।

21 ਅਗਸਤ: ਰਾਜ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ, ਅਤੇ ਕੁਝ ਜ਼ਿਲ੍ਹਿਆਂ ਵਿੱਚ ਇਕਾ-ਦੁੱਕਾ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਇਸ ਦਿਨ ਵੀ ਕੋਈ ਅਲਰਟ ਨਹੀਂ ਹੈ।

22 ਅਗਸਤ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Related Post

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖ਼ਤੀ: DA ਦੇ ਬਕਾਏ ਨੂੰ ਲੈ ਕੇ ਮੁੱਖ ਸਕੱਤਰ ਨੂੰ ਮੁੜ ਪੇਸ਼ ਹੋਣ ਦੇ ਹੁਕਮ, 'ਲੁਕਣ-ਮੀਚੀ' ਵਾਲੇ ਰਵੱਈਏ 'ਤੇ ਅਦਾਲਤ ਨਾਰਾਜ਼
ਚੰਡੀਗੜ੍ਹ ਦੇ ਸਕੂਲਾਂ ਨੂੰ ਮੁੜ ਮਿਲੀ ਬੰ*ਬ ਨਾਲ ਉਡਾਉਣ ਦੀ ਧਮਕੀ: ਸਕੂਲਾਂ 'ਚ ਮੱਚਿਆ ਹੜਕੰਪ, ਸੁਰੱਖਿਆ ਏਜੰਸੀਆਂ ਅਲਰਟ 'ਤੇ
ਪੰਜਾਬ-ਚੰਡੀਗੜ੍ਹ ‘ਚ ਬਦਲੇਗਾ ਮੌਸਮ ਦਾ ਮਿਜਾਜ਼: 3 ਦਿਨਾਂ ਲਈ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ, ਬਠਿੰਡਾ ਰਿਹਾ ਸਭ ਤੋਂ ਗਰਮ
ਪੰਜਾਬ ਦੀ ਸਿਆਸਤ 'ਚ ਹਲਚਲ! ਮਸ਼ਹੂਰ ਪੰਜਾਬੀ ਗੀਤਕਾਰ ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਫੜਿਆ ਪੱਲਾ....
ਜਗਰਾਓਂ ਮਹਿਲਾ ਥਾਣੇ ਦਾ ਅਜੀਬ ਮਾਮਲਾ: ਥਾਣੇਦਾਰ ਨੇ ਹੀ ਕਬਾੜ ‘ਚ ਵੇਚ ਦਿੱਤੇ 50 ਮੋਟਰਸਾਈਕਲ, ਥਾਣੇਦਾਰ ਸਮੇਤ ਕਾਬੜੀਏ ਕਾਬੂ
ਹਾਕੀ ਦੇ ਮੈਦਾਨ ਤੋਂ ਪੰਜਾਬ ਕਾਂਗਰਸ ਦੀ ਕਮਾਨ ਤੱਕ...ਕੌਣ ਹਨ ਪਰਗਟ ਸਿੰਘ? ਸਾਬਕਾ ਪ੍ਰਧਾਨ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ

© Copyright Galactic Television & Communications Pvt. Ltd. 2026. All rights reserved.