ਸੂਬੇ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਪੰਜਾਬ 'ਚ 17 ਅਗਸਤ ਤੱਕ ਪੈਣਗੇ ਛਰਾਟੇ…

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਕਰਵਟ ਲਈ ਹੈ। ਕਈ ਥਾਵਾਂ 'ਤੇ ਮੀਂਹ ਪੈਣ ਕਾਰਨ ਤਾਪਮਾਨ ਵਿੱਚ 2.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 12 ਅਗਸਤ ਯਾਨੀਕਿ ਪਠਾਨਕੋਟ ਵਿੱਚ ਮੀਂਹ ਦਾ ਯੈਲੋ ਅਲਰਟ ਹੈ। ਹੋਰ ਜ਼ਿਲ੍ਹਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

By:  Lajwinder Kaur August 12th 2026 07:37 AM -- Updated: August 12th 2026 07:47 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੰਗਲਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਹੋਈ ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 2.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ 12 ਅਗਸਤ ਨੂੰ ਪਠਾਨਕੋਟ ਲਈ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਜਦਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ, ਜਦਕਿ ਚੰਡੀਗੜ੍ਹ ਵਿੱਚ 29.4 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 17 ਅਗਸਤ ਤੱਕ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿਣ ਦੀ ਉਮੀਦ ਹੈ।

ਤਿੰਨ ਜ਼ਿਲ੍ਹਿਆਂ 'ਚ ਮੀਂਹ 

ਪੰਜਾਬ ਦੇ ਤਿੰਨ ਜ਼ਿਲ੍ਹਿਆਂ-ਪਠਾਨਕੋਟ, ਮੋਹਾਲੀ ਅਤੇ ਰੂਪਨਗਰ ਵਿੱਚ ਮੀਂਹ ਦਰਜ ਕੀਤਾ ਗਿਆ ਹੈ। ਪਠਾਨਕੋਟ ਦੇ ਥੀਨ ਡੈਮ ਵਿੱਚ ਸਭ ਤੋਂ ਵੱਧ 46 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਕੇ.ਵੀ.ਕੇ. ਪਠਾਨਕੋਟ ਵਿੱਚ 18 ਮਿਲੀਮੀਟਰ, ਭਾਖੜਾ ਡੈਮ (ਰੂਪਨਗਰ) ਵਿੱਚ 5.5 ਮਿਲੀਮੀਟਰ ਅਤੇ ਮੋਹਾਲੀ ਵਿੱਚ 1 ਮਿਲੀਮੀਟਰ ਮੀਂਹ ਪਿਆ। ਚੰਡੀਗੜ੍ਹ ਵਿੱਚ 2.5 ਮਿਲੀਮੀਟਰ, ਜਦੋਂ ਕਿ ਏਅਰਪੋਰਟ 'ਤੇ 4.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸੂਬੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਕੱਲ੍ਹ ਦੇ ਮੁਕਾਬਲੇ 2.5°C ਘਟਿਆ ਹੈ, ਜੋ ਕਿ ਆਮ ਨਾਲੋਂ 2.8°C ਘੱਟ ਦਰਜ ਕੀਤਾ ਗਿਆ।

ਬਾਰਿਸ਼ ਦਾ ਸਿਲਸਿਲਾ ਜਾਰੀ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ, ਇਲਾਕੇ ਵਿੱਚ ਮਾਨਸੂਨ ਦੀ ਟਰਫ਼ ਸਰਗਰਮ ਹੈ। ਇਸ ਦੇ ਚੱਲਦਿਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਉੱਤਰ-ਪੱਛਮੀ ਮੱਧ ਪ੍ਰਦੇਸ਼ ਵਿੱਚ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਸਿੱਲ੍ਹੀਆਂ (ਨਮੀ ਵਾਲੀਆਂ) ਹਵਾਵਾਂ ਪੰਜਾਬ ਵੱਲ ਆ ਰਹੀਆਂ ਹਨ, ਜਿਸ ਨਾਲ ਸੂਬੇ ਵਿੱਚ ਹਲਕੀ ਤੋਂ ਦਰਮਿਆਨੀ ਅਤੇ ਕੁਝ ਥਾਵਾਂ 'ਤੇ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਖਣ-ਪੂਰਬੀ ਹਿਮਾਚਲ ਪ੍ਰਦੇਸ਼ ਦੇ ਉੱਪਰ ਬਣਿਆ ਚੱਕਰਵਾਤੀ ਘੇਰਾ ਹੁਣ ਕਮਜ਼ੋਰ ਹੋ ਗਿਆ ਹੈ, ਜਿਸ ਨਾਲ ਉਸ ਦਾ ਅਸਰ ਘੱਟ ਗਿਆ ਹੈ, ਪਰ ਮਾਨਸੂਨ ਟਰਫ਼ ਅਤੇ ਘੱਟ ਦਬਾਅ ਦੇ ਖੇਤਰ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਬਾਰਿਸ਼ ਦੇ ਆਸਾਰ ਬਣੇ ਰਹਿਣਗੇ।

ਆਉਣ ਵਾਲੇ ਦਿਨਾਂ ‘ਚ ਅਜਿਹਾ ਰਹੇਗਾ ਮੌਸਮ

13 ਅਗਸਤ: ਬਾਰਿਸ਼ ਲਈ ਕੋਈ ਅਲਰਟ ਨਹੀਂ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਥਾਵਾਂ 'ਤੇ ਹਲਕੀ-ਫੁਲਕੀ ਬਾਰਿਸ਼ ਦੀ ਸੰਭਾਵਨਾ ਹੈ।

14 ਅਗਸਤ: ਸਾਰੇ ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਤਹਿਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ।

16 ਅਗਸਤ: ਸਾਰੇ ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਹੈ। ਇਹਨਾਂ ਵਿੱਚੋਂ ਪਠਾਨਕੋਟ, ਹੁਸ਼ਿਆਰਪੁਰ, ਮਾਨਸਾ ਅਤੇ ਰੂਪਨਗਰ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਵਿੱਚ ਇਸ ਸਮੇਂ ਬਿਜਲੀ ਦੀ ਕੁੱਲ ਮੰਗ 12,435 ਮੈਗਾਵਾਟ ਹੈ, ਜਦੋਂ ਕਿ ਕੁੱਲ ਉਤਪਾਦਨ 4,355 ਮੈਗਾਵਾਟ ਹੋ ਰਿਹਾ ਹੈ। ਮੰਗ ਦੇ ਮੁਕਾਬਲੇ ਸ਼ਡਿਊਲ 8,086 ਮੈਗਾਵਾਟ ਦਾ ਹੈ, ਜਦਕਿ ਅਸਲ ਡ੍ਰੋਅਲ 8,079 ਮੈਗਾਵਾਟ ਦਰਜ ਕੀਤਾ ਗਿਆ। ਯਾਨੀ ਸ਼ਡਿਊਲ ਦੀ ਤੁਲਨਾ ਵਿੱਚ ਲਗਭਗ 7 ਮੈਗਾਵਾਟ ਘੱਟ ਬਿਜਲੀ ਲਈ ਜਾ ਰਹੀ ਹੈ। ਗ੍ਰਿਡ ਦੀ ਫ੍ਰੀਕੁਐਂਸੀ 50.02 ਹਰਟਜ਼ ਦਰਜ ਕੀਤੀ ਗਈ।


Related Post

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖ਼ਤੀ: DA ਦੇ ਬਕਾਏ ਨੂੰ ਲੈ ਕੇ ਮੁੱਖ ਸਕੱਤਰ ਨੂੰ ਮੁੜ ਪੇਸ਼ ਹੋਣ ਦੇ ਹੁਕਮ, 'ਲੁਕਣ-ਮੀਚੀ' ਵਾਲੇ ਰਵੱਈਏ 'ਤੇ ਅਦਾਲਤ ਨਾਰਾਜ਼
ਚੰਡੀਗੜ੍ਹ ਦੇ ਸਕੂਲਾਂ ਨੂੰ ਮੁੜ ਮਿਲੀ ਬੰ*ਬ ਨਾਲ ਉਡਾਉਣ ਦੀ ਧਮਕੀ: ਸਕੂਲਾਂ 'ਚ ਮੱਚਿਆ ਹੜਕੰਪ, ਸੁਰੱਖਿਆ ਏਜੰਸੀਆਂ ਅਲਰਟ 'ਤੇ
ਪੰਜਾਬ-ਚੰਡੀਗੜ੍ਹ ‘ਚ ਬਦਲੇਗਾ ਮੌਸਮ ਦਾ ਮਿਜਾਜ਼: 3 ਦਿਨਾਂ ਲਈ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ, ਬਠਿੰਡਾ ਰਿਹਾ ਸਭ ਤੋਂ ਗਰਮ
ਪੰਜਾਬ ਦੀ ਸਿਆਸਤ 'ਚ ਹਲਚਲ! ਮਸ਼ਹੂਰ ਪੰਜਾਬੀ ਗੀਤਕਾਰ ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਫੜਿਆ ਪੱਲਾ....
ਜਗਰਾਓਂ ਮਹਿਲਾ ਥਾਣੇ ਦਾ ਅਜੀਬ ਮਾਮਲਾ: ਥਾਣੇਦਾਰ ਨੇ ਹੀ ਕਬਾੜ ‘ਚ ਵੇਚ ਦਿੱਤੇ 50 ਮੋਟਰਸਾਈਕਲ, ਥਾਣੇਦਾਰ ਸਮੇਤ ਕਾਬੜੀਏ ਕਾਬੂ
ਹਾਕੀ ਦੇ ਮੈਦਾਨ ਤੋਂ ਪੰਜਾਬ ਕਾਂਗਰਸ ਦੀ ਕਮਾਨ ਤੱਕ...ਕੌਣ ਹਨ ਪਰਗਟ ਸਿੰਘ? ਸਾਬਕਾ ਪ੍ਰਧਾਨ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ

© Copyright Galactic Television & Communications Pvt. Ltd. 2026. All rights reserved.