ਪੰਜਾਬ 'ਚ ਅੱਜ ਭਾਰੀ ਮੀਂਹ ਦਾ ਅਲਰਟ: ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ, ਡੈਮਾਂ 'ਚ ਸਥਿਤੀ ਕਾਬੂ ਹੇਠ, ਅਗਲੇ 7 ਦਿਨਾਂ ਤੱਕ ਮੀਂਹ...

ਪੰਜਾਬ ਵਿੱਚ ਮਾਨਸੂਨ ਸਰਗਰਮ ਹੈ ਅਤੇ ਅਗਲੇ 7 ਦਿਨਾਂ ਤੱਕ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ। ਅੱਜ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਲਈ ਯੈਲੋ ਅਲਰਟ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ।

By:  Lajwinder Kaur August 11th 2026 07:38 AM -- Updated: August 11th 2026 07:43 AM

ਪੰਜਾਬ ਦੇ ਤਿੰਨ ਜ਼ਿਲ੍ਹਿਆਂ-ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਅੱਜ (ਮੰਗਲਵਾਰ) ਕੁਝ ਥਾਵਾਂ 'ਤੇ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ, ਚੰਡੀਗੜ੍ਹ ਵਿੱਚ ਅਸਮਾਨ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਵਾਰ ਮੀਂਹ ਜਾਂ ਗਰਜ ਨਾਲ ਬੌਛਾਰਾਂ ਪੈ ਸਕਦੀਆਂ ਹਨ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਅਨੁਸਾਰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਤਾਪਮਾਨ 35.8 ਡਿਗਰੀ ਗੁਰਦਾਸਪੁਰ ਵਿੱਚ ਰਿਕਾਰਡ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਵਿੱਚ ਤਾਪਮਾਨ ਆਮ ਨਾਲੋਂ 2 ਡਿਗਰੀ ਘੱਟ ਕੇ 31.5 ਡਿਗਰੀ ਦਰਜ ਕੀਤਾ ਗਿਆ ਹੈ। ਕੁੱਝ ਜ਼ਿਲ੍ਹਿਆਂ ‘ਚ ਸੂਰਜ ਦੇਵ ਨੇ ਦਰਸ਼ਨ ਦੇ ਦਿੱਤੇ ਹਨ।

ਕੱਲ੍ਹ 5 ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ ਸੂਬੇ ਦੇ 5 ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 53 ਮਿਲੀਮੀਟਰ ਮੀਂਹ ਅੰਮ੍ਰਿਤਸਰ ਵਿੱਚ ਪਿਆ।

ਇਸ ਤੋਂ ਇਲਾਵਾ ਪਠਾਨਕੋਟ ਦੇ ਥੀਨ ਡੈਮ ਅਤੇ ਰੂਪਨਗਰ ਦੇ ਰੋਪੜ ਕੇ.ਵੀ.ਕੇ. (KVK) ਵਿੱਚ 0.5-0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਲੁਧਿਆਣਾ ਅਤੇ ਪਟਿਆਲਾ ਵਿੱਚ ਨਾਮਾਤਰ (TR) ਮੀਂਹ ਰਿਕਾਰਡ ਹੋਇਆ। ਸੂਬੇ ਵਿੱਚ ਅੱਜ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.3°C ਦੀ ਗਿਰਾਵਟ ਦਰਜ ਕੀਤੀ ਗਈ ਹੈ।

ਅਗਲੇ 7 ਦਿਨਾਂ ਤੱਕ ਮੀਂਹ ਦਾ ਸਿਲਸਿਲਾ ਜਾਰੀ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਪੱਛਮੀ ਗੜਬੜੀ (ਵੈਸਟਰਨ ਡਿਸਟਰਬਨ) ਦੇ ਪ੍ਰਭਾਵ ਕਾਰਨ ਪੰਜਾਬ ਵਿੱਚ ਅਗਲੇ 7 ਦਿਨਾਂ ਤੱਕ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ। 11 ਅਤੇ 13 ਅਗਸਤ ਨੂੰ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ, ਜਦੋਂ ਕਿ 12, 14, 15 ਅਤੇ 16 ਅਗਸਤ ਨੂੰ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ।

ਬਿਜਲੀ ਦੀ ਮੰਗ 13 ਹਜ਼ਾਰ ਤੋਂ ਪਾਰ

ਪੰਜਾਬ ਵਿੱਚ ਰਾਤ 11:25 ਵਜੇ ਬਿਜਲੀ ਦੀ ਮੰਗ 13,300 ਮੈਗਾਵਾਟ ਰਹੀ। ਇਸ ਸਮੇਂ ਪੰਜਾਬ 8,876 ਮੈਗਾਵਾਟ ਬਿਜਲੀ ਲੈ ਰਿਹਾ ਸੀ, ਜਦੋਂ ਕਿ ਤੈਅ ਸ਼ੈਡਿਊਲ 9,014 ਮੈਗਾਵਾਟ ਸੀ, ਅਰਥਾਤ ਖਪਤ ਤੈਅ ਸ਼ੈਡਿਊਲ ਨਾਲੋਂ 138 ਮੈਗਾਵਾਟ ਘੱਟ ਰਹੀ।

ਡੈਮ ਖਤਰੇ ਦੇ ਨਿਸ਼ਾਨ ਤੋਂ ਹੇਠਾਂ

ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,614 ਫੁੱਟ ਦਰਜ ਕੀਤਾ ਗਿਆ ਹੈ, ਜਦੋਂ ਕਿ ਇਸ ਦਾ ਵੱਧ ਤੋਂ ਵੱਧ ਪੱਧਰ 1,680 ਫੁੱਟ ਮੰਨਿਆ ਜਾਂਦਾ ਹੈ; ਯਾਨੀ ਇਹ ਲਗਭਗ 66 ਫੁੱਟ ਹੇਠਾਂ ਹੈ। ਪੋਂਗ ਡੈਮ ਦਾ ਜਲ ਪੱਧਰ 1,348.58 ਫੁੱਟ ਸੀ, ਜਦੋਂ ਕਿ ਇਸ ਦਾ ਵੱਧ ਤੋਂ ਵੱਧ ਪੱਧਰ ਲਗਭਗ 1,390 ਫੁੱਟ ਹੈ, ਯਾਨੀ ਇਹ ਵੀ ਕਰੀਬ 41.42 ਫੁੱਟ ਹੇਠਾਂ ਹੈ।

ਆਉਣ ਵਾਲੇ ਤਿੰਨ ਦਿਨ ਅਜਿਹਾ ਰਹੇਗਾ ਮੌਸਮ

12 ਅਗਸਤ: ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਹਨਾਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਬਠਿੰਡਾ, ਮਾਨਸਾ ਅਤੇ ਰੂਪਨਗਰ ਵਿੱਚ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।

13 ਅਗਸਤ: ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ।

14 ਅਗਸਤ: ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।

Related Post

ਪੰਜਾਬ ਸਰਕਾਰ ਵੱਲੋਂ ਆਊਟਸੋਰਸ ਮੁਲਾਜ਼ਮਾਂ ਲਈ ਅਹਿਮ ਬਿੱਲ ਪਾਸ; ਵੱਡੀ ਗਿਣਤੀ 'ਚ ਆਊਟਸੋਰਸ ਮੁਲਾਜ਼ਮ ਸਿੱਧੇ ਸਰਕਾਰ ਦੇ ਅੰਡਰ ਆਏ...
ਮੈਲਬੋਰਨ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਬਟਾਲਾ ਦੇ ਨੌਜਵਾਨ ਦੀ ਮੌਤ, ਇਕਲੌਤੇ ਪੁੱਤਰ ਦੇ ਤੁਰ ਜਾਣ ਨਾਲ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਤਰੁਣ ਚੁੱਘ ਨੇ ਰਾਜ ਸਭਾ ‘ਚ ਉਠਾਇਆ ਪੰਜਾਬ ‘ਚ ਵਿਗੜਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦਾ ਮੁੱਦਾ; ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਘੇਰਿਆ
‘GTC Network ਗੁਰਬਾਣੀ ਦਾ ਮੁਫ਼ਤ ਪ੍ਰਸਾਰਣ ਕਰ ਰਿਹੈ, ਤਾਂ SGPC ਨੂੰ ਇਸ ਤੋਂ ਕੀ ਸਮੱਸਿਆ ਹੈ?’-ਗਿਆਨੀ ਰਘਬੀਰ ਸਿੰਘ
ਪੰਜਾਬ ਭਾਜਪਾ ਨੂੰ ਵੱਡਾ ਝਟਕਾ! ਕਈ ਆਗੂਆਂ ਅਤੇ ਵਰਕਰਾਂ ਨੇ ਫੜਿਆ 'ਆਪ' ਦਾ ਪੱਲਾ, ਮੰਤਰੀ ਮੋਹਿੰਦਰ ਭਗਤ ਨੇ ਦਿਵਾਈ ਮੈਂਬਰਸ਼ਿਪ
ਗੁਰਬਾਣੀ ਪ੍ਰਸਾਰਣ: GTC ਨੈੱਟਵਰਕ ਦੇ MD ਅਤੇ ਪ੍ਰਧਾਨ ਰਬਿੰਦਰ ਨਾਰਾਇਣ ਨੇ ਸਾਂਝਾ ਕੀਤਾ 2008 ਦਾ SGPC ਦਾ ਹਲਫ਼ਨਾਮਾ

© Copyright Galactic Television & Communications Pvt. Ltd. 2026. All rights reserved.