IMD ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਪਡੇਟ; 10 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਿਜਲੀ ਦੀ ਮੰਗ 'ਚ ਭਾਰੀ ਉਛਾਲ

By:  Lajwinder Kaur July 7th 2026 09:57 AM -- Updated: July 7th 2026 10:13 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੀਂਹ ਕਾਰਨ ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ ਆਈ ਹੈ, ਜੋ ਹੁਣ ਆਮ ਨਾਲੋਂ 2.1 ਡਿਗਰੀ ਘੱਟ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿੱਚ ਬਦਲਾਅ ਦੇ ਬਾਵਜੂਦ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਇਹ 15,000 ਮੈਗਾਵਾਟ ਤੋਂ ਪਾਰ ਪਹੁੰਚ ਗਈ ਹੈ। ਬਾਰਿਸ਼ ਤੋਂ ਬਾਅਦ ਵੀ ਮੌਸਮ ਦੇ ਵਿੱਚ ਠੰਡ ਦਾ ਘੱਟ ਅਹਿਸਾਸ ਹੋ ਰਿਹਾ ਹੈ। ਜਿਸ ਕਰਕੇ ਲੋਕ ਅਜੇ ਵੀ ਏਸੀ ਅਤੇ ਪੱਖਿਆਂ ਦੀ ਖੂਬ ਵਰਤੋਂ ਕਰ ਰਹੇ ਹਨ। 

ਪਟਿਆਲਾ ਅਤੇ ਮੋਹਾਲੀ ‘ਚ ਜ਼ੋਰਦਾਰ ਪਿਆ ਮੀਂਹ

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਪਟਿਆਲਾ ਅਤੇ ਮੋਹਾਲੀ ਵਿੱਚ ਬੱਦਲ ਖੂਬ ਵਰ੍ਹੇ। ਸਭ ਤੋਂ ਵੱਧ ਬਾਰਿਸ਼ ਪਟਿਆਲਾ ਵਿੱਚ 25.2 ਮਿਲੀਮੀਟਰ ਦਰਜ ਕੀਤੀ ਗਈ। ਇਸੇ ਤਰ੍ਹਾਂ ਮੋਹਾਲੀ ਵਿੱਚ 18.0 ਮਿਲੀਮੀਟਰ, ਚੰਡੀਗੜ੍ਹ ਵਿੱਚ 9.8 ਮਿਲੀਮੀਟਰ, ਲੁਧਿਆਣਾ ਵਿੱਚ 2.2 ਮਿਲੀਮੀਟਰ, ਭਾਖੜਾ ਡੈਮ (ਰੂਪਨਗਰ) ਅਤੇ ਪਠਾਨਕੋਟ ਵਿੱਚ 1.0-1.0 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ 0.5 ਮਿਲੀਮੀਟਰ, ਬਠਿੰਡਾ ਵਿੱਚ 0.4 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ ਵੀ ਮੀਂਹ ਦਰਜ ਕੀਤਾ ਗਿਆ ਹੈ।

ਮੌਸਮ ਦਾ ਮਿਜ਼ਾਜ: ਗਰਮੀ, ਬਿਜਲੀ ਦੀ ਮੰਗ ਅਤੇ ਡੈਮਾਂ ਦੀ ਸਥਿਤੀ

ਮਾਨਸੂਨ ਦੇ ਆਉਣ ਦੇ ਬਾਵਜੂਦ ਵੀ ਹੁੰਮਸ ਭਰੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਸੋਮਵਾਰ ਨੂੰ ਬਿਜਲੀ ਦੀ ਮੰਗ 15,112 ਮੈਗਾਵਾਟ ਤੱਕ ਪਹੁੰਚ ਗਈ, ਜਿਸ ਨੂੰ ਪੂਰਾ ਕਰਨ ਲਈ ਰਾਜ ਨੇ 4,967 ਮੈਗਾਵਾਟ ਬਿਜਲੀ ਖੁਦ ਪੈਦਾ ਕੀਤੀ ਅਤੇ 10,148 ਮੈਗਾਵਾਟ ਕੇਂਦਰੀ ਪੂਲ ਤੋਂ ਲਈ। ਇਸ ਦੌਰਾਨ ਗਰਿੱਡ ਦੀ ਫ੍ਰੀਕੁਐਂਸੀ 49.6 ਹਰਟਜ਼ ਦਰਜ ਕੀਤੀ ਗਈ। ਉੱਧਰ, ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਅਨੁਸਾਰ, ਭਾਖੜਾ ਡੈਮ ਦਾ ਜਲ-ਪੱਧਰ 1565.46 ਫੁੱਟ ਦਰਜ ਕੀਤਾ ਗਿਆ, ਜਿੱਥੇ 37,388 ਕਿਊਸਿਕ ਪਾਣੀ ਦੀ ਆਮਦ ਹੋਈ ਅਤੇ 23,738 ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ ਨਾਲ ਹੀ ਪੌਂਗ ਡੈਮ ਦਾ ਜਲ-ਪੱਧਰ 1318.57 ਫੁੱਟ ਰਿਹਾ, ਜਿਸ ਵਿੱਚ 16,860 ਕਿਊਸਿਕ ਪਾਣੀ ਆਇਆ ਅਤੇ 15,503 ਕਿਊਸਿਕ ਪਾਣੀ ਦੀ ਨਿਕਾਸੀ ਕੀਤੀ ਗਈ।

12 ਜੁਲਾਈ ਤੱਕ ਜਾਰੀ ਰਹੇਗਾ ਮੀਂਹ ਦਾ ਦੌਰ

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ ਪੰਜਾਬ ਵਿੱਚ ਮਾਨਸੂਨ ਪਹੁੰਚ ਚੁੱਕਾ ਹੈ ਅਤੇ ਇਸ ਸਮੇਂ ਇਹ ਬਠਿੰਡਾ ਦੇ ਨੇੜੇ ਤੋਂ ਲੰਘ ਰਿਹਾ ਹੈ। ਮੌਸਮ ਦੀਆਂ ਸਥਿਤੀਆਂ ਮਾਨਸੂਨ ਲਈ ਅਨੁਕੂਲ ਬਣੀਆਂ ਹੋਈਆਂ ਹਨ, ਜਿਸ ਕਾਰਨ 12 ਜੁਲਾਈ ਤੱਕ ਪੰਜਾਬ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ ਵਿੱਚ ਵੀ ਹਲਕੇ ਬਦਲਾਅ ਦੇਖਣ ਨੂੰ ਮਿਲਣਗੇ।

ਆਉਣ ਵਾਲੇ ਤਿੰਨ ਦਿਨਾਂ ਦਾ ਮੌਸਮ: ਭਾਰੀ ਮੀਂਹ ਦੀ ਚਿਤਾਵਨੀ

ਪੰਜਾਬ ਵਿੱਚ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। 8 ਜੁਲਾਈ ਨੂੰ ਰਾਜ ਦੇ 20 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ ਵਿੱਚ ਭਾਰੀ ਮੀਂਹ ਦੇ ਨਾਲ ਗਰਜ-ਚਮਕ ਦੀ ਚਿਤਾਵਨੀ ਦਿੱਤੀ ਗਈ ਹੈ। 9 ਜੁਲਾਈ ਨੂੰ ਵੀ ਇਹ ਛੇ ਜ਼ਿਲ੍ਹੇ ਭਾਰੀ ਮੀਂਹ ਲਈ ਹਾਈ ਅਲਰਟ 'ਤੇ ਰਹਿਣਗੇ, ਜਦਕਿ ਬਾਕੀ 20 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। 10 ਜੁਲਾਈ ਨੂੰ ਮੀਂਹ ਦਾ ਘੇਰਾ ਕੁਝ ਘਟ ਸਕਦਾ ਹੈ ਅਤੇ ਰਾਜ ਦੇ 17 ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਗੁਰਦਾਸਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਸ਼ਾਮਲ ਹਨ, ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Related Post

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖ਼ਤੀ: DA ਦੇ ਬਕਾਏ ਨੂੰ ਲੈ ਕੇ ਮੁੱਖ ਸਕੱਤਰ ਨੂੰ ਮੁੜ ਪੇਸ਼ ਹੋਣ ਦੇ ਹੁਕਮ, 'ਲੁਕਣ-ਮੀਚੀ' ਵਾਲੇ ਰਵੱਈਏ 'ਤੇ ਅਦਾਲਤ ਨਾਰਾਜ਼
ਚੰਡੀਗੜ੍ਹ ਦੇ ਸਕੂਲਾਂ ਨੂੰ ਮੁੜ ਮਿਲੀ ਬੰ*ਬ ਨਾਲ ਉਡਾਉਣ ਦੀ ਧਮਕੀ: ਸਕੂਲਾਂ 'ਚ ਮੱਚਿਆ ਹੜਕੰਪ, ਸੁਰੱਖਿਆ ਏਜੰਸੀਆਂ ਅਲਰਟ 'ਤੇ
ਪੰਜਾਬ-ਚੰਡੀਗੜ੍ਹ ‘ਚ ਬਦਲੇਗਾ ਮੌਸਮ ਦਾ ਮਿਜਾਜ਼: 3 ਦਿਨਾਂ ਲਈ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ, ਬਠਿੰਡਾ ਰਿਹਾ ਸਭ ਤੋਂ ਗਰਮ
ਪੰਜਾਬ ਦੀ ਸਿਆਸਤ 'ਚ ਹਲਚਲ! ਮਸ਼ਹੂਰ ਪੰਜਾਬੀ ਗੀਤਕਾਰ ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਫੜਿਆ ਪੱਲਾ....
ਜਗਰਾਓਂ ਮਹਿਲਾ ਥਾਣੇ ਦਾ ਅਜੀਬ ਮਾਮਲਾ: ਥਾਣੇਦਾਰ ਨੇ ਹੀ ਕਬਾੜ ‘ਚ ਵੇਚ ਦਿੱਤੇ 50 ਮੋਟਰਸਾਈਕਲ, ਥਾਣੇਦਾਰ ਸਮੇਤ ਕਾਬੜੀਏ ਕਾਬੂ
ਹਾਕੀ ਦੇ ਮੈਦਾਨ ਤੋਂ ਪੰਜਾਬ ਕਾਂਗਰਸ ਦੀ ਕਮਾਨ ਤੱਕ...ਕੌਣ ਹਨ ਪਰਗਟ ਸਿੰਘ? ਸਾਬਕਾ ਪ੍ਰਧਾਨ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ

© Copyright Galactic Television & Communications Pvt. Ltd. 2026. All rights reserved.