ਪੰਜਾਬ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਕੱਸੀ ਕਮਰ, ਇਨ੍ਹਾਂ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਆਬਜ਼ਰਵਰਾਂ ਦੀ ਸੂਚੀ ਜਾਰੀ

By:  Lajwinder Kaur May 12th 2026 03:03 PM -- Updated: May 12th 2026 03:10 PM

ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਉਡੀਕ ਖ਼ਤਮ ਹੋ ਗਈ ਹੈ। ਪੰਜਾਬ ਰਾਜ ਚੋਣ ਕਮਿਸ਼ਨ ਨੇ ਸੋਮਵਾਰ (11 ਮਈ 2026) ਨੂੰ ਅਹਿਮ ਐਲਾਨ ਕਰਦੇ ਹੋਏ ਸੂਬੇ ਦੀਆਂ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਚੋਣਾਂ ਦੀਆਂ ਤਰੀਕਾਂ ਦੀ ਘੋਸ਼ਣਾ ਕਰ ਦਿੱਤੀ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ, ਪੰਜਾਬ ਵਿੱਚ 26 ਮਈ ਨੂੰ ਵੋਟਾਂ ਪੈਣਗੀਆਂ ਅਤੇ ਚੋਣ ਨਤੀਜੇ 29 ਮਈ ਨੂੰ ਐਲਾਨੇ ਜਾਣਗੇ।

ਚੋਣਾਂ ਦਾ ਪੂਰਾ ਸ਼ਡਿਊਲ:

ਨਾਮਜ਼ਦਗੀਆਂ ਭਰਨ ਦੀ ਮਿਤੀ: 13 ਮਈ ਤੋਂ 16 ਮਈ ਤੱਕ

ਕਾਗਜ਼ਾਂ ਦੀ ਪੜਤਾਲ (Scrutiny): 18 ਮਈ

ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ: 19 ਮਈ

ਵੋਟਿੰਗ (Polling): 26 ਮਈ

ਨਤੀਜੇ (Results): 29 ਮਈ

ਚੋਣ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਚੋਣਾਂ ਨੂੰ ਅਮਨ-ਅਮਾਨ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚਾੜ੍ਹਨ ਲਈ ਰਣਨੀਤੀ ਤਿਆਰ ਕਰ ਲਈ ਗਈ ਹੈ।

ਕਾਂਗਰਸ ਐਕਸ਼ਨ ਮੋਡ ਵਿੱਚ: ਰਾਜਾ ਵੜਿੰਗ ਨੇ ਤਾਇਨਾਤ ਕੀਤੇ ਆਬਜ਼ਰਵਰ

ਚੋਣਾਂ ਦੇ ਐਲਾਨ ਦੇ ਨਾਲ ਹੀ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਫੈਸਲਾ ਲੈਂਦਿਆਂ ਚੋਣਾਂ ਲਈ ਰਣਨੀਤੀ ਤਿਆਰ ਕਰ ਲਈ ਹੈ। ਪਾਰਟੀ ਦੀ ਮਜ਼ਬੂਤੀ ਅਤੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਕਾਂਗਰਸ ਵੱਲੋਂ ਆਬਜ਼ਰਵਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।


ਇਹ ਆਬਜ਼ਰਵਰ ਵੱਖ-ਵੱਖ ਨਗਰ ਨਿਗਮਾਂ ਅਤੇ ਕੌਂਸਲਾਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣਗੇ ਅਤੇ ਜ਼ਮੀਨੀ ਪੱਧਰ 'ਤੇ ਵਰਕਰਾਂ ਨੂੰ ਲਾਮਬੰਦ ਕਰਨਗੇ। ਪਾਰਟੀ ਸੂਤਰਾਂ ਅਨੁਸਾਰ, ਕਾਂਗਰਸ ਇਸ ਵਾਰ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰਨ ਦੀ ਤਿਆਰੀ ਵਿੱਚ ਹੈ ਤਾਂ ਜੋ ਸੱਤਾਧਾਰੀ ਧਿਰ ਨੂੰ ਸਖ਼ਤ ਟੱਕਰ ਦਿੱਤੀ ਜਾ ਸਕੇ।

ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਹੜੀ ਪਾਰਟੀ ਕਿਸ-ਕਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ। ਇਹ ਚੋਣਾਂ ਵੀ ਕਾਫੀ ਅਹਿਮ ਰਹਿਣ ਵਾਲੀਆਂ ਹਨ, ਕਿਉਂਕਿ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹਨ। ਇਸ ਲਈ ਹਰ ਕੋਈ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਅੰਦਾਜ਼ ਲਗਾ ਪਏਗਾ ਕਿ ਕਿਹੜੀ ਪਾਰਟੀ ਜ਼ਮੀਨੀ ਪੱਧਰ ਉੱਤੇ ਕਿੰਨੇ ਪਾਣੀ ਦੇ ਵਿੱਚ ਹੈ। 

© Copyright Galactic Television & Communications Pvt. Ltd. 2026. All rights reserved.