ਪੰਜਾਬੀ ਦੇਣ ਧਿਆਨ! 20 ਮਈ ਨੂੰ ਪੰਜਾਬ ਭਰ ‘ਚ ਇਹ ਵਾਲੀਆਂ ਦੁਕਾਨਾਂ ਰਹਿਣਗੀਆਂ ਬੰਦ, ਪ੍ਰੇਸ਼ਾਨ ਹੋਣ ਦੀ ਥਾਂ ਪਹਿਲਾਂ ਹੀ ਕਰ ਲਓ ਇੰਤਜ਼ਾਮ
ਪੰਜਾਬ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜੀ ਹਾਂ 20 ਮਈ ਨੂੰ ਕੁੱਝ ਅਹਿਮ ਦੁਕਾਨਾਂ ਬੰਦ ਮਿਲਣਗੀਆਂ। ਦੱਸ ਦਈਏ ਆਨਲਾਈਨ ਫਾਰਮੇਸੀ ਦੀਆਂ ਚੁਣੌਤੀਆਂ ਅਤੇ ਸਰਕਾਰ ਦੀਆਂ ਕਥਿਤ ਮਾਰੂ ਨੀਤੀਆਂ ਦੇ ਵਿਰੋਧ ਵਿੱਚ 'ਕੈਮਿਸਟ ਐਸੋਸੀਏਸ਼ਨ' ਵੱਲੋਂ 20 ਮਈ ਨੂੰ ਰਾਜ ਪੱਧਰੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ।
ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਮਿਸਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਿਚੀ ਭਟੇਜਾ ਨੇ ਦੱਸਿਆ ਕਿ ਇਸ ਦਿਨ ਸੂਬੇ ਦੇ ਸਾਰੇ ਕੈਮਿਸਟ ਆਪਣੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਮਿਸਟ ਭਾਈਚਾਰਾ ਲੰਬੇ ਸਮੇਂ ਤੋਂ ਖ਼ੁਦ ਨੂੰ ਅਣਗੌਲਿਆ ਮਹਿਸੂਸ ਕਰ ਰਿਹਾ ਹੈ, ਜਦਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰਵਾਇਤੀ ਕੈਮਿਸਟਾਂ ਦਾ ਕਾਰੋਬਾਰ ਬਰਬਾਦੀ ਦੇ ਕੰਢੇ ਪਹੁੰਚ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਕੈਮਿਸਟਾਂ ਦੀਆਂ ਮੁੱਖ ਮੰਗਾਂ ਅਤੇ ਸਮੱਸਿਆਵਾਂ
- ਆਨਲਾਈਨ ਫਾਰਮੇਸੀ 'ਤੇ ਰੋਕ: ਰਿਚੀ ਭਟੇਜਾ ਨੇ ਕਿਹਾ ਕਿ ਗ਼ੈਰ-ਕਾਨੂੰਨੀ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਤੁਰੰਤ ਰੋਕ ਲਗਾਈ ਜਾਵੇ, ਕਿਉਂਕਿ ਇਸ ਨਾਲ ਨਾ ਸਿਰਫ਼ ਵਪਾਰ ਪ੍ਰਭਾਵਿਤ ਹੋ ਰਿਹਾ ਹੈ ਬਲਕਿ ਨਕਲੀ ਦਵਾਈਆਂ ਦਾ ਖ਼ਤਰਾ ਵੀ ਵਧ ਰਿਹਾ ਹੈ।
- ਡਰੱਗ ਐਕਟ ਵਿੱਚ ਸੋਧ: ਕੈਮਿਸਟਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਡਰੱਗ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਂਦੀ ਜਾਵੇ।
- ਲਾਇਸੈਂਸ ਨਵੀਨੀਕਰਨ (ਰਿਨਿਊਅਲ) ਪ੍ਰਕਿਰਿਆ: ਲਾਇਸੈਂਸ ਰਿਨਿਊ ਕਰਨ ਦੌਰਾਨ ਆਉਣ ਵਾਲੀਆਂ ਤਕਨੀਕੀ ਮੁਸ਼ਕਲਾਂ ਅਤੇ ਬਿਨਾਂ ਵਜ੍ਹਾ ਦੀ ਦੇਰੀ ਨੂੰ ਖ਼ਤਮ ਕੀਤਾ ਜਾਵੇ।
ਮਰੀਜ਼ ਪ੍ਰੇਸ਼ਾਨੀ ਤੋਂ ਬਚਣ ਦੇ ਲਈ ਪਹਿਲਾਂ ਹੀ ਇੰਤਜ਼ਾਮ ਕਰ ਲੈਣ
ਪ੍ਰਧਾਨ ਰਿਚੀ ਭਟੇਜਾ ਨੇ ਸਪੱਸ਼ਟ ਕੀਤਾ ਕਿ 20 ਮਈ ਨੂੰ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਕੈਮਿਸਟ ਦੁਕਾਨਾਂ ਬੰਦ ਰਹਿਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਜ਼ਰੂਰੀ ਦਵਾਈਆਂ ਦਾ ਇੰਤਜ਼ਾਮ ਪਹਿਲਾਂ ਹੀ ਕਰ ਲੈਣ।