ਪੰਜਾਬ ਸਥਾਨਕ ਚੋਣਾਂ ਨੂੰ ਲੈ ਕੇ 'ਆਪ' ਵੱਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ! ਬਠਿੰਡਾ ਅਤੇ ਪਠਾਨਕੋਟ ਦੇ ਸਾਰੇ ਵਾਰਡਾਂ 'ਚ ਚਿਹਰੇ ਐਲਾਨੇ

By:  Lajwinder Kaur May 16th 2026 11:26 AM -- Updated: May 16th 2026 11:37 AM

ਪੰਜਾਬ ਵਿੱਚ ਸ਼ਹਿਰੀ ਸਥਾਨਕ ਇਕਾਈਆਂ (ਨਗਰ ਨਿਗਮ ਅਤੇ ਕੌਂਸਲ) ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਚੜ੍ਹ ਗਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ (AAP) ਵੱਲੋਂ ਚੋਣਾਂ ਲਈ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਤਹਿਤ ਬਠਿੰਡਾ, ਪਠਾਨਕੋਟ, ਬਸੀ ਪਠਾਣਾ, ਨਾਭਾ, ਮੋਹਾਲੀ ਸਣੇ ਬਾਕੀ ਦੇ ਸ਼ਹਿਰਾਂ ਵਿੱਚ ਪਾਰਟੀ ਨੇ ਆਪਣੇ ਸਾਰੇ ਉਮੀਦਵਾਰ ਮੈਦਾਨ ‘ਚ ਉਤਾਰ ਦਿੱਤੇ ਹਨ। ਦੱਸ ਦਈਏ ਬੀਤੇ ਦਿਨ ਦੁਪਹਿਰ ਤੱਕ ਪਹਿਲੀ ਲਿਸਟ ਜਾਰੀ ਕੀਤੀ ਗਈ ਸੀ, ਸ਼ਾਮ ਤੱਕ ਪਾਰਟੀ ਵੱਲੋਂ ਆਪਣੀ ਦੂਜੀ ਲਿਸਟ ਵੀ ਜਾਰੀ ਕਰ ਦਿੱਤੀ ਗਈ। ਦੋਵਾਂ ਲਿਸਟਾਂ ਤੁਸੀਂ  ਹੇਠਾਂ ਦੇਖ ਸਕਦੇ ਹੋ।

ਆਪ ਵੱਲੋਂ ਵੀ ਆਪਣੇ ਆਫਿਸ਼ਿਅਲ ਫੇਸਬੁੱਕ ਪੇਜ਼ ਉੱਤੇ ਲਿਸਟਾਂ ਜਾਰੀ ਕਰਦੇ ਹੋਏ ਲਿਖਿਆ- ‘’ਆਮ ਆਦਮੀ ਪਾਰਟੀ ਪੰਜਾਬ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕਰਦੀ ਹੈ। ਸਾਰੇ ਉਮੀਦਵਾਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ’’

ਬਠਿੰਡਾ ਤੋਂ 50 ਵਾਰਡਾਂ ਦੇ ਲਈ ਨਾਂਅ ਐਲਾਨੇ

ਬਠਿੰਡਾ ਨਗਰ ਨਿਗਮ ਦੇ ਸਾਰੇ 50 ਵਾਰਡਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਬਠਿੰਡਾ ਵਿੱਚ ਪਾਰਟੀ ਪ੍ਰਤੀ ਲੋਕਾਂ ਦਾ ਭਾਰੀ ਉਤਸ਼ਾਹ ਸੀ, ਜਿਸ ਕਾਰਨ 50 ਵਾਰਡਾਂ ਲਈ ਕਰੀਬ 250 ਤੋਂ 300 ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਉਨ੍ਹਾਂ ਦੱਸਿਆ ਕਿ ਆਨਲਾਈਨ ਫਾਰਮਾਂ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਦੋ ਸਕ੍ਰੀਨਿੰਗ ਕਮੇਟੀਆਂ ਵਿੱਚੋਂ ਲੰਘਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਜਿੱਤਣ ਯੋਗ (ਵਿਨਿੰਗ) ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ, ਜਿਸ ਕਾਰਨ ਸੂਚੀ ਵਿੱਚ ਥੋੜ੍ਹੀ ਦੇਰੀ ਹੋਈ। ਮਹਿਤਾ ਅਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਨੇ ਭਰੋਸਾ ਜਤਾਇਆ ਕਿ ਪਾਰਟੀ ਸਾਰੇ 50 ਵਾਰਡਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰੇਗੀ।

ਪਠਾਨਕੋਟ ਅਤੇ ਸੁਜਾਨਪੁਰ ਲਈ ਦੇਰ ਰਾਤ ਜਾਰੀ ਹੋਈ ਫਾਈਨਲ ਸੂਚੀ

ਦੂਜੇ ਪਾਸੇ, ਪਠਾਨਕੋਟ ਵਿੱਚ ਵੀ ਸਿਆਸੀ ਸਰਗਰਮੀਆਂ ਤੇਜ਼ ਹਨ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦੇਰ ਰਾਤ 11 ਵਜੇ ਤੋਂ ਬਾਅਦ ਨਗਰ ਨਿਗਮ ਪਠਾਨਕੋਟ ਦੇ 50 ਅਤੇ ਸੁਜਾਨਪੁਰ ਕੌਂਸਲ ਦੇ 15 ਵਾਰਡਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਪਠਾਨਕੋਟ ਦੇ ਪ੍ਰਮੁੱਖ ਚਿਹਰੇ: ਵਾਰਡ ਨੰਬਰ 1 ਤੋਂ ਹਰਪ੍ਰੀਤ ਕੋਰ, ਵਾਰਡ 3 ਤੋਂ ਦੀਪਕ ਸ਼ਰਮਾ, ਵਾਰਡ 7 ਤੋਂ ਅਸ਼ੋਕ ਅਭਿਸ਼ੇਕ ਸ਼ਰਮਾ (ਅਭੀ ਸ਼ਰਮਾ), ਵਾਰਡ 29 ਤੋਂ ਦਿਲਾਵਰ ਸਿੰਘ, ਵਾਰਡ 31 ਤੋਂ ਜਰਨੈਲ ਸਿੰਘ ਅਤੇ ਵਾਰਡ 41 ਤੋਂ ਰਾਜੇਸ਼ ਸਿੰਘ ਲਾਡੂ ਸਮੇਤ ਸਾਰੇ 50 ਵਾਰਡਾਂ ਵਿੱਚ ਉਮੀਦਵਾਰ ਐਲਾਨੇ ਗਏ ਹਨ।

ਸੁਜਾਨਪੁਰ ਦੇ ਉਮੀਦਵਾਰ: ਸੁਜਾਨਪੁਰ ਦੇ 15 ਵਾਰਡਾਂ ਵਿੱਚੋਂ ਵਾਰਡ 1 ਤੋਂ ਸੁਦੇਸ਼ ਕੁਮਾਰੀ, ਵਾਰਡ 6 ਤੋਂ ਪੁਨੀਤ ਕੁਮਾਰ, ਵਾਰਡ 10 ਤੋਂ ਮੋਹਿਤ ਆਰਿਆ ਅਤੇ ਵਾਰਡ 12 ਤੋਂ ਰਾਣਾ ਪ੍ਰਤਾਪ ਸਮੇਤ ਪ੍ਰਮੁੱਖ ਚਿਹਰਿਆਂ ਨੂੰ ਟਿਕਟ ਦਿੱਤੀ ਗਈ ਹੈ।

ਅੱਜ ਨਾਮਜ਼ਦਗੀ ਦਾ ਆਖਰੀ ਦਿਨ

ਅੱਜ ਨਾਮਜ਼ਦਗੀ ਦਾ ਆਖਰੀ ਦਿਨ, ਸਿਆਸੀ ਮੁਕਾਬਲਾ ਹੋਇਆ ਰੋਮਾਂਚਕ

ਨਿਕਾਏ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਆਖਰੀ ਦਿਨ ਹੈ। ਉਮੀਦਵਾਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਆਪਣੇ ਪਰਚੇ ਦਾਖਲ ਕਰ ਸਕਣਗੇ। ਬਠਿੰਡਾ ਅਤੇ ਪਠਾਨਕੋਟ ਦੇ 'ਆਪ' ਉਮੀਦਵਾਰਾਂ ਨੇ ਅੱਜ ਸਵੇਰੇ ਤੋਂ ਹੀ ਆਪਣੇ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਬੀਤੇ ਦਿਨ (ਸ਼ੁੱਕਰਵਾਰ) ਪਠਾਨਕੋਟ ਨਿਗਮ ਅਤੇ ਸੁਜਾਨਪੁਰ ਕੌਂਸਲ ਲਈ ਕੁੱਲ 82 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਭਾਜਪਾ ਦੇ 37, ਕਾਂਗਰਸ ਦੇ 29 ਅਤੇ ਸ਼੍ਰੋਮਣੀ ਅਕਾਲੀ ਦਲ ਦੇ 5 ਉਮੀਦਵਾਰ ਸ਼ਾਮਲ ਸਨ। ਹੁਣ 'ਆਪ' ਵੱਲੋਂ ਸੂਚੀ ਜਾਰੀ ਹੋਣ ਮਗਰੋਂ ਮੁਕਾਬਲਾ ਬੇਹੱਦ ਦਿਲਚਸਪ ਹੋ ਗਿਆ ਹੈ।

© Copyright Galactic Television & Communications Pvt. Ltd. 2026. All rights reserved.