ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਕੜਵਾਹਟ ਹੋਈ ਦੂਰ: DA 'ਤੇ ਬਣੀ ਸਹਿਮਤੀ, ਜਾਣੋ ਕਿੰਨੇ ਫੀਸਦੀ ਮਿਲੇਗਾ ਮਹਿੰਗਾਈ ਭੱਤਾ
ਪੰਜਾਬ ਦੇ ਮੁਲਾਜ਼ਮਾਂ-ਪੈਨਸ਼ਨਰਾਂ ਦੇ ਲਈ ਅੱਜ ਦਾ ਦਿਨ ਅਹਿਮ ਰਿਹਾ। ਅੱਜ ਸਰਕਾਰ ਅਤੇ ਮੁਲਾਜ਼ਮਾਂ ਦੇ ਵਿਚਾਲੇ ਡੈੱਡਲਾਕ ਟੁੱਟ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਸੁਖਾਵੇਂ ਮਾਹੌਲ ਵਿੱਚ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸਰਕਾਰ ਅਤੇ ਮੁਲਾਜ਼ਮ ਆਗੂਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ..
ਪੰਜਾਬ ਸਰਕਾਰ ਅਤੇ ਮੁਲਾਜ਼ਮਾਂ-ਪੈਨਸ਼ਨਰਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਟਕਰਾਅ ਅਤੇ ਡੈੱਡਲਾਕ ਆਖ਼ਰਕਾਰ ਖ਼ਤਮ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਸੁਖਾਵੇਂ ਮਾਹੌਲ ਵਿੱਚ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸਰਕਾਰ ਅਤੇ ਮੁਲਾਜ਼ਮ ਆਗੂਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਕਈ ਵੱਡੇ ਫ਼ੈਸਲਿਆਂ ਦਾ ਐਲਾਨ ਕੀਤਾ ਗਿਆ।
8 ਫੀਸਦੀ ਡੀ.ਏ. (DA) ਦਾ ਐਲਾਨ, ਹੁਣ ਮਿਲੇਗਾ 50% ਮਹਿੰਗਾਈ ਭੱਤਾ
ਮੀਟਿੰਗ ਵਿੱਚ ਸਭ ਤੋਂ ਵੱਡਾ ਫ਼ੈਸਲਾ ਮਹਿੰਗਾਈ ਭੱਤੇ (DA) ਨੂੰ ਲੈ ਕੇ ਹੋਇਆ। ਮੁਲਾਜ਼ਮਾਂ ਦਾ ਡੀ.ਏ. 42 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤਾ ਗਿਆ ਹੈ। 8 ਫੀਸਦੀ ਦੇ ਇਸ ਵਾਧੇ ਨੂੰ ਦੋ ਕਿਸ਼ਤਾਂ (4-4 ਫੀਸਦੀ ਕਰਕੇ) ਵਿੱਚ ਜਾਰੀ ਕੀਤਾ ਜਾਵੇਗਾ। ਇਹ ਵਧਿਆ ਹੋਇਆ ਡੀ.ਏ. 1 ਅਕਤੂਬਰ ਦੀ ਤਨਖ਼ਾਹ ਨਾਲ ਜਾਰੀ ਕੀਤਾ ਜਾਵੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ ਖ਼ਜ਼ਾਨੇ 'ਤੇ ਹਰ ਮਹੀਨੇ 248 ਕਰੋੜ ਰੁਪਏ ਦਾ ਵਾਧੂ ਬੋਝ ਪਏਗਾ। ਪਰ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੇ ਮੁਲਾਜ਼ਮਾਂ ਦੇ ਨਾਲ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਮੁਲਾਜ਼ਮ ਆਗੂਆਂ ਦੀ ਸਾਂਝੀ ਪ੍ਰੈਸ ਕਾਨਫਰੰਸ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਸ ਵਿੱਚ ਜੋ ਟਕਰਾਅ ਦੀ ਸਥਿਤੀ ਬਣੀ ਹੋਈ ਸੀ, ਉਹ ਅੱਜ ਗੱਲਬਾਤ ਰਾਹੀਂ ਹੱਲ ਹੋ ਗਈ ਹੈ ਕਿਉਂਕਿ ਮੁਲਾਜ਼ਮ ਸਾਡੇ ਪਰਿਵਾਰ ਦਾ ਹਿੱਸਾ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 99 ਫੀਸਦੀ ਮੁੱਦੇ ਪਿਛਲੀਆਂ ਸਰਕਾਰਾਂ ਦੌਰਾਨ ਖੜ੍ਹੇ ਹੋਏ ਸਨ, ਪਰ ਮੌਜੂਦਾ ਸਰਕਾਰ ਇਨ੍ਹਾਂ ਨੂੰ ਹੱਲ ਕਰਨ ਲਈ ਗੰਭੀਰ ਹੈ।
ਮੁਲਾਜ਼ਮ ਆਗੂਆਂ ਨੇ ਵੀ ਮੰਨਿਆ ਕਿ ਸਰਕਾਰ ਨਾਲ ਬਣਿਆ ਡੈੱਡਲਾਕ ਅੱਜ ਖ਼ਤਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਜ਼ਰੀਏ ਡੀ.ਏ. ਬਕਾਏ ਬਾਰੇ ਜੋ ਵੀ ਫ਼ੈਸਲਾ ਆਵੇਗਾ, ਉਸ 'ਤੇ ਵੀ ਅੱਗੇ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ 2.59 ਗੁਣਾਂਕ (factor) 'ਤੇ ਸਹਿਮਤੀ ਬਣ ਗਈ ਹੈ ਅਤੇ 17-7-20 ਵਾਲੇ ਪੱਤਰ ਸਮੇਤ ਮੁੱਦਿਆਂ 'ਤੇ ਵੀ ਵਿਚਾਰ ਕੀਤਾ ਜਾਵੇਗਾ। ਪਰਖਕਾਲ (probation period) ਦੌਰਾਨ ਪੂਰੇ ਭੱਤੇ ਅਤੇ ਪੂਰੀ ਤਨਖ਼ਾਹ ਮਿਲਣ ਦੇ ਮੁੱਦੇ 'ਤੇ ਵੀ ਗੌਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪੁਰਾਣੀ ਪੈਨਸ਼ਨ ਸਕੀਮ 'ਤੇ ਵੀ ਸਰਕਾਰ ਵੱਲੋਂ ਵਿਚਾਰ ਜਾਰੀ ਰਹੇਗਾ।
ਮੀਟਿੰਗਾਂ ਦਾ ਸਿਲਸਿਲਾ ਰਹੇਗਾ ਜਾਰੀ
ਦੋਵਾਂ ਧਿਰਾਂ ਨੇ ਤੈਅ ਕੀਤਾ ਹੈ ਕਿ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ। ਅਗਲੀ ਦੂਜੀ ਮੀਟਿੰਗ ਅਕਤੂਬਰ ਦੇ ਪਹਿਲੇ ਹਫ਼ਤੇ ਦੇ ਵਿਚਾਲੇ ਹੋਵੇਗੀ।
ਮੀਟਿੰਗ ਤੋਂ ਬਾਅਦ ਮੂੰਹ ਮਿੱਠਾ ਕਰਵਾਉਣ ਦੀ ਰਸਮ
ਮੀਟਿੰਗ ਦੀ ਸਫ਼ਲਤਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਖ਼ੁਦ ਮੁਲਾਜ਼ਮਾਂ ਨੇ ਵੀ ਸੀ.ਐੱਮ. ਸਾਹਬ ਨੂੰ ਮਿਠਾਈ ਖਵਾਈ। ਇਸ ਮੌਕੇ ਮਾਹੌਲ ਬੇਹੱਦ ਖੁਸ਼ਗਵਾਰ ਰਿਹਾ।