ਅੱਗ ਦੀ ਭੱਠੀ ਵਾਂਗ ਤੱਪ ਰਿਹਾ ਪੰਜਾਬ! 6 ਦਿਨਾਂ ਲਈ 'ਲੂ' ਦਾ ਅਲਰਟ, ਜਾਣੋ ਕਦੋਂ ਮਾਨਸੂਨ ਦਏਗੀ ਦਸਤਕ

By:  Lajwinder Kaur May 18th 2026 09:43 AM -- Updated: May 18th 2026 09:56 AM

ਪਿਛਲੇ ਕੁੱਝ ਦਿਨਾਂ ਤੋਂ ਉੱਤਰ ਭਾਰਤ ਦੇ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਗਰਮੀ ਅਤੇ ਲੂ ਨੇ ਵੱਟ ਕੱਢ ਪਏ ਹਨ। ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਿਆਨਕ ਗਰਮੀ ਪੈਣ ਦੀ ਸੰਭਾਵਨਾ ਹੈ ਅਤੇ ਅਗਲੇ 6 ਦਿਨਾਂ ਤੱਕ ਲਗਾਤਾਰ 'ਹੀਟਵੇਵ' (ਲੂ) ਚੱਲੇਗੀ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਸੂਬੇ ਦੇ ਪੰਜ ਜ਼ਿਲ੍ਹਿਆਂ—ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਹੀਟਵੇਵ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ।

ਇਸ ਦੌਰਾਨ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹੇਗਾ। ਐਤਵਾਰ ਦੇ ਮੁਕਾਬਲੇ ਤਾਪਮਾਨ ਵਿੱਚ 1.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਵਿੱਚ ਸਭ ਤੋਂ ਵੱਧ 43.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

22 ਤੋਂ 30 ਮਈ ਦੇ ਵਿਚਕਾਰ ਦਸਤਕ ਦੇ ਸਕਦਾ ਹੈ ਮਾਨਸੂਨ

ਮੌਸਮ ਵਿਭਾਗ ਮੁਤਾਬਕ, ਇਸ ਸਾਲ ਮਾਨਸੂਨ ਦੇ 26 ਮਈ ਦੇ ਆਸ-ਪਾਸ ਕੇਰਲ ਪਹੁੰਚਣ ਦੀ ਉਮੀਦ ਹੈ। ਹਾਲਾਂਕਿ, ਇਸ ਵਿੱਚ 4 ਦਿਨ ਅੱਗੇ-ਪਿੱਛੇ ਦਾ ਫ਼ਰਕ ਹੋ ਸਕਦਾ ਹੈ, ਜਿਸਦਾ ਮਤਲਬ ਹੈ ਕਿ ਮਾਨਸੂਨ 22 ਤੋਂ 30 ਮਈ ਦੇ ਵਿਚਕਾਰ ਕਿਸੇ ਵੀ ਵੇਲੇ ਦਸਤਕ ਦੇ ਸਕਦਾ ਹੈ। ਇਸ ਦੇ ਨਾਲ ਹੀ, ਇੱਕ ਨਵਾਂ ਵੈਸਟਰਨ ਡਿਸਟਰਬੈਂਸ ਇਰਾਨ ਦੇ ਉੱਪਰ ਸਰਗਰਮ ਹੋ ਰਿਹਾ ਹੈ।

ਇਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਉੱਤਰ ਭਾਰਤ ਦੇ ਮੌਸਮ 'ਤੇ ਪੈ ਸਕਦਾ ਹੈ, ਜਿਸ ਕਾਰਨ ਕੁਝ ਇਲਾਕਿਆਂ ਵਿੱਚ ਹਨੇਰੀ, ਮੀਂਹ ਜਾਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਬਣ ਸਕਦੀ ਹੈ। ਦੂਜੇ ਪਾਸੇ, ਉੱਤਰ-ਪੱਛਮੀ ਦਿਸ਼ਾ ਤੋਂ ਗਰਮ ਹਵਾਵਾਂ (ਲੂ) ਆ ਰਹੀਆਂ ਹਨ, ਜਿਸ ਕਰਕੇ ਗਰਮੀ ਦਾ ਪ੍ਰਕੋਪ ਹੋਰ ਵਧੇਗਾ।

ਪਠਾਨਕੋਟ ਦੇ ਤਾਪਮਾਨ ਵਿੱਚ ਸਭ ਤੋਂ ਵੱਧ ਵਾਧਾ

ਸੂਬੇ ਵਿੱਚ ਐਤਵਾਰ ਨੂੰ 6 ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਪਾਰ ਦਰਜ ਕੀਤਾ ਗਿਆ, ਜਦੋਂ ਕਿ 4 ਜ਼ਿਲ੍ਹਿਆਂ ਵਿੱਚ ਪਾਰਾ 35 ਤੋਂ 40 ਡਿਗਰੀ ਦੇ ਵਿਚਕਾਰ ਰਿਹਾ। ਸਭ ਤੋਂ ਵੱਧ ਤਾਪਮਾਨ ਬਠਿੰਡਾ ਏਅਰਪੋਰਟ 'ਤੇ 43.1 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 40.3 ਡਿਗਰੀ, ਲੁਧਿਆਣਾ ਵਿੱਚ 41.6 ਡਿਗਰੀ, ਪਟਿਆਲਾ ਵਿੱਚ 42 ਡਿਗਰੀ, ਪਠਾਨਕੋਟ ਵਿੱਚ 40.6 ਡਿਗਰੀ ਅਤੇ ਬਠਿੰਡਾ ਸ਼ਹਿਰ ਵਿੱਚ 41.2 ਡਿਗਰੀ ਤਾਪਮਾਨ ਰਿਹਾ। ਦੂਜੇ ਪਾਸੇ, ਅੰਮ੍ਰਿਤਸਰ ਵਿੱਚ 39.9 ਡਿਗਰੀ, ਫ਼ਾਜ਼ਿਲਕਾ ਵਿੱਚ 39.5 ਡਿਗਰੀ, ਮੋਹਾਲੀ ਵਿੱਚ 38.9 ਡਿਗਰੀ ਅਤੇ ਰੂਪਨਗਰ ਵਿੱਚ 39.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਤਾਪਮਾਨ ਵਿੱਚ ਸਭ ਤੋਂ ਵੱਧ 3.2 ਡਿਗਰੀ ਦਾ ਵਾਧਾ ਪਠਾਨਕੋਟ ਵਿੱਚ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 1.3 ਡਿਗਰੀ, ਅੰਮ੍ਰਿਤਸਰ ਵਿੱਚ 1.7 ਡਿਗਰੀ, ਲੁਧਿਆਣਾ ਵਿੱਚ 1.8 ਡਿਗਰੀ, ਪਟਿਆਲਾ ਵਿੱਚ 1.2 ਡਿਗਰੀ, ਬਠਿੰਡਾ ਵਿੱਚ 0.6 ਡਿਗਰੀ, ਫ਼ਾਜ਼ਿਲਕਾ ਵਿੱਚ 0.5 ਡਿਗਰੀ, ਮੋਹਾਲੀ ਵਿੱਚ 1.4 ਡਿਗਰੀ ਅਤੇ ਰੂਪਨਗਰ ਵਿੱਚ 0.5 ਡਿਗਰੀ ਦਾ ਵਾਧਾ ਹੋਇਆ। ਦੂਜੇ ਪਾਸੇ, ਫ਼ਰੀਦਕੋਟ ਵਿੱਚ ਤਾਪਮਾਨ 'ਚ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

ਅਗਲੇ 4 ਦਿਨ ਵਧੇਗਾ ਤਾਪਮਾਨ

ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ, ਸੂਬੇ ਵਿੱਚ ਅਗਲੇ ਕੁਝ ਦਿਨਾਂ ਤੱਕ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ, ਯਾਨੀ ਮੀਂਹ ਦੇ ਕੋਈ ਆਸਾਰ ਨਹੀਂ ਹਨ। ਅਗਲੇ ਚਾਰ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ ਹੌਲੀ-ਹੌਲੀ ਤਕਰੀਬਨ 3 ਤੋਂ 4 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਇਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਹੋਵੇਗਾ। ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਲੂ (ਹੀਟਵੇਵ) ਚੱਲਣ ਦੀ ਵੀ ਸੰਭਾਵਨਾ ਹੈ।

ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬਿਨਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲ, ਜੇਕਰ ਕੋਈ ਬਹੁਤ ਹੀ ਜ਼ਰੂਰ ਕੰਮ ਹੋਏ ਤਾਂ ਹੀ ਨਿਕਲੋ। ਉਸ ਸਮੇਂ ਵੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਢੱਕ ਕੇ ਨਿਕਲ। ਪਾਣੀ ਅਤੇ ਹੋਰ ਤਰਲ ਪਦਾਰਥਾਂ ਦੀ ਵਰਤੋਂ ਕਰੋ। ਲੂ ਲੱਗਣ ਤੇ ਤੁਰੰਤ ਡਾਕਟਰ ਤੋਂ ਜਾਂਚ ਕਰਵਾ ਕੇ ਸਹੀ ਇਲਾਜ ਲਓ।

ਅਗਲੇ 2 ਦਿਨ ਅਜਿਹਾ ਰਹੇਗਾ ਮੌਸਮ

19 ਮਈ: ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਲੂ (ਹੀਟਵੇਵ) ਚੱਲਣ ਦੀ ਸੰਭਾਵਨਾ ਹੈ।

20 ਮਈ: ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੇ ਆਸਾਰ ਹਨ।

© Copyright Galactic Television & Communications Pvt. Ltd. 2026. All rights reserved.