ਪੰਜਾਬ ‘ਚ ਦੋ ਦਿਨ ਮੀਂਹ ਦੀ ਚੇਤਾਵਨੀ, ਅੱਜ 4 ਜ਼ਿਲ੍ਹਿਆਂ ‘ਚ ਵਰ੍ਹੇਗਾ ਮੀਂਹ, ਹੁੰਮਸ ਤੇ ਗਰਮੀ ਤੋਂ ਲੋਕ ਪ੍ਰੇਸ਼ਾਨ
ਇਸ ਸਮੇਂ ਸੂਬੇ ਦੇ ਵਿੱਚ ਮਾਨਸੂਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਜਿਸ ਕਰਕੇ ਮੌਸਮ ਦੇ ਵਿੱਚ ਗਰਮੀ ਦੇ ਨਾਲ-ਨਾਲ ਹੁੰਮਸ ਵੱਧ ਗਈ ਹੈ। ਮੌਸਮ ਵਿਭਾਗ ਵੱਲੋਂ ਅੱਜ ਚਾਰ ਜ਼ਿਲ੍ਹਿਆਂ ਦੇ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਲੰਘੇ ਦਿਨ ਪਟਿਆਲਾ ਸ਼ਹਿਰ ਸਭ ਤੋਂ ਗਰਮ ਰਿਹਾ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਜਾਣ ਕਾਰਨ ਦਿਨ ਵੇਲੇ ਗਰਮੀ ਅਤੇ ਹੁੰਮਸ ਵਧ ਗਈ ਹੈ। ਸਵੇਰ ਵਾਲੇ ਲੋਕਾਂ ਨੂੰ ਕੁੱਝ ਠੰਡ ਮਹਿਸੂਸ ਹੁੰਦੀ ਹੈ, ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਹੈ ਗਰਮੀ ਅਤੇ ਹੁੰਮਸ ਵੱਧਣ ਲੱਗ ਪੈਂਦੀ ਹੈ। ਅੱਜ ਯਾਨੀ 11 ਸਤੰਬਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੋਪੜ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹੇਗਾ। ਹਾਲਾਂਕਿ, 14 ਅਤੇ 15 ਸਤੰਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਦੇ ਆਸਾਰ ਬਣ ਰਹੇ ਹਨ।
ਤਾਪਮਾਨ ‘ਚ ਵਾਧਾ
ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਹੋਇਆ ਹੈ ਅਤੇ ਇਹ ਆਮ ਨਾਲੋਂ 2.7 ਡਿਗਰੀ ਉੱਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ, ਵੀਰਵਾਰ ਨੂੰ ਪੰਜਾਬ ਵਿੱਚ ਦੋ ਥਾਵਾਂ ਉੱਤੇ ਮੀਂਹ ਦਰਜ ਕੀਤਾ ਗਿਆ। ਲੁਧਿਆਣਾ ਵਿੱਚ 11.4 ਮਿਲੀਮੀਟਰ ਅਤੇ ਰੋਪੜ ਵਿੱਚ 0.5 ਮਿਲੀਮੀਟਰ ਮੀਂਹ ਪਿਆ।
ਪਟਿਆਲਾ ਰਿਹਾ ਸਭ ਤੋਂ ਗਰਮ
ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 36.5 ਡਿਗਰੀ ਰਿਹਾ। ਪੰਜਾਬ ਵਿੱਚ ਪਟਿਆਲਾ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 37.5 ਡਿਗਰੀ ਦਰਜ ਕੀਤਾ ਗਿਆ। ਰੋਪੜ ਵਿੱਚ ਤਾਪਮਾਨ 37.1 ਡਿਗਰੀ ਰਿਹਾ।
ਮੌਸਮ ਉੱਤੇ ਤਿੰਨ ਸਿਸਟਮਾਂ ਦਾ ਅਸਰ:
ਮਾਨਸੂਨ ਟਰਫ਼ ਜੰਮੂ, ਦੇਹਰਾਦੂਨ, ਉੱਤਰ ਪ੍ਰਦੇਸ਼ ਅਤੇ ਝਾਰਖੰਡ ਹੁੰਦੇ ਹੋਏ ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਤੱਕ ਬਣੀ ਹੋਈ ਹੈ। ਇਸ ਦਾ ਅਸਰ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਉੱਤੇ ਪੈ ਰਿਹਾ ਹੈ। ਉੱਤਰੀ ਹਰਿਆਣਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਉੱਪਰੀ ਹਵਾ ਦਾ ਚੱਕਰਵਾਤੀ ਸਿਸਟਮ ਸਰਗਰਮ ਹੈ। ਇਸ ਦੇ ਚਲਦਿਆਂ ਬੱਦਲ ਛਾਉਣ ਅਤੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੇ ਆਸਾਰ ਹਨ।
ਉੱਥੇ ਹੀ, ਉੱਤਰੀ ਪਾਕਿਸਤਾਨ ਅਤੇ ਜੰਮੂ ਉੱਤੇ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਵੀ ਸਰਗਰਮ ਹੈ। ਮਾਨਸੂਨ ਟਰਫ਼, ਚੱਕਰਵਾਤੀ ਸਿਸਟਮ ਅਤੇ ਪੱਛਮੀ ਗੜਬੜੀ ਦੇ ਅਸਰ ਨਾਲ ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਬਦਲ ਸਕਦਾ ਹੈ ਅਤੇ ਕਈ ਥਾਵਾਂ ਉੱਤੇ ਮੀਂਹ ਜਾਂ ਗਰਜ ਨਾਲ ਬੁਛਾੜਾਂ ਪੈ ਸਕਦੀਆਂ ਹਨ।