ਪੰਜਾਬ-ਚੰਡੀਗੜ੍ਹ 'ਚ ਅਪ੍ਰੈਲ ‘ਚ ਫਰਵਰੀ ਵਰਗੀ ਠੰਢ, ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਪਾਰਾ 5.1 ਡਿਗਰੀ ਡਿੱਗਿਆ; ਅੱਜ ਗੜ੍ਹੇਮਾਰੀ ਅਤੇ ਝੱਖੜ ਦਾ ਅਲਰਟ

By  Lajwinder Kaur April 8th 2026 10:09 AM -- Updated: April 8th 2026 10:12 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਅਪ੍ਰੈਲ ਦੇ ਮਹੀਨੇ ਵਿੱਚ ਵੀ ਫਰਵਰੀ ਵਰਗੀ ਠੰਢ ਦਾ ਅਹਿਸਾਸ ਹੋ ਰਿਹਾ ਹੈ। ਮੰਗਲਵਾਰ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 5.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਹੁਣ ਆਮ ਨਾਲੋਂ 8.7 ਡਿਗਰੀ ਹੇਠਾਂ ਪਹੁੰਚ ਗਿਆ ਹੈ। ਇਸੇ ਕਾਰਨ ਲੋਕਾਂ ਨੂੰ ਮੁੜ ਤੋਂ ਠੰਢ ਮਹਿਸੂਸ ਹੋਣ ਲੱਗੀ ਹੈ। ਤੜਕ ਸਾਰ ਵੀ ਸੂਬੇ ‘ਚ ਵੀ ਕਈ ਥਾਵਾਂ ਉੱਤੇ ਮੀਂਹ ਪਿਆ, ਜਿਸ ਨਾਲ ਠੰਡ ਹੋਰ ਵੱਧ ਗਈ। 

ਮੌਸਮ ਵਿਭਾਗ ਨੇ ਅੱਜ ਯਾਨੀਕਿ 8 ਅਪ੍ਰੈਲ ਲਈ ਵੀ ਮੀਂਹ, ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 28.5 ਡਿਗਰੀ ਦਰਜ ਕੀਤਾ ਗਿਆ। ਤਾਪਮਾਨ ਦੀ ਇਹ ਸਥਿਤੀ ਬਿਲਕੁਲ ਫਰਵਰੀ ਮਹੀਨੇ ਵਰਗੀ ਬਣ ਗਈ ਹੈ, ਕਿਉਂਕਿ ਉਸ ਸਮੇਂ ਵੀ ਤਾਪਮਾਨ 28 ਤੋਂ 29 ਡਿਗਰੀ ਦੇ ਵਿਚਕਾਰ ਰਹਿੰਦਾ ਹੈ। ਹਾਲਾਂਕਿ, 9 ਅਪ੍ਰੈਲ ਤੋਂ ਅਗਲੇ ਇੱਕ ਹਫ਼ਤੇ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।

ਪੰਜ ਜ਼ਿਲ੍ਹਿਆਂ ‘ਚ ਗੜ੍ਹੇਮਾਰੀ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਖਾਸ ਕਰਕੇ ਪੰਜ ਜ਼ਿਲ੍ਹਿਆਂ ਵਿੱਚ ਤੇਜ਼ ਝੱਖੜ ਅਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਸ਼ਾਮਲ ਹਨ।

ਦੂਜੇ ਪਾਸੇ, ਬਾਕੀ 13 ਜ਼ਿਲ੍ਹਿਆਂ—ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਗਾ, ਬਠਿੰਡਾ ਅਤੇ ਬਰਨਾਲਾ ਵਿੱਚ ਗਰਜ-ਚਮਕ ਦੇ ਨਾਲ ਬਿਜਲੀ ਲਿਸ਼ਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ।

1.25 ਲੱਖ ਏਕੜ ਫ਼ਸਲ ਹੋਈ ਪ੍ਰਭਾਵਿਤ

ਬੇਮੌਸਮੀ ਬਾਰਿਸ਼ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਮਾਨ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਕਰਮਚਾਰੀ ਨੁਕਸਾਨ ਦਾ ਜਾਇਜ਼ਾ ਲੈਣ ਵਿੱਚ ਜੁਟੇ ਹੋਏ ਹਨ, ਜਦਕਿ ਸੱਤ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤਾਇਨਾਤ ਟੀਮਾਂ ਵਿੱਚ ਗਰੁੱਪ-ਏ ਦੇ 145 ਅਧਿਕਾਰੀ ਵੀ ਸ਼ਾਮਲ ਹਨ।

ਮੁੱਢਲੀ ਰਿਪੋਰਟ ਅਨੁਸਾਰ ਕਣਕ ਦੀ ਫ਼ਸਲ ਦੇ 1.25 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਨੁਕਸਾਨ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਵਿਸ਼ੇਸ਼ ਗਿਰਦਾਵਰੀ ਲਈ ਮਾਲ ਵਿਭਾਗ (Revenue Department) ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਕਾਰਨ ਬਦਲਿਆ ਮੌਸਮ

ਮੌਸਮ ਵਿਭਾਗ ਮੁਤਾਬਕ ਦੱਖਣੀ ਕੈਸਪੀਅਨ ਸਾਗਰ ਤੋਂ ਆਈ ਵੈਸਟਨ ਡਿਸਟਰਬਨ ਹੁਣ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਉੱਪਰ ਸਰਗਰਮ ਹੈ, ਜਿਸ ਕਾਰਨ ਉਪਰਲੀ ਹਵਾ ਵਿੱਚ ਇੱਕ ਨੀਵਾਂ ਦਬਾਅ (Trough) ਬਣਿਆ ਹੋਇਆ ਹੈ। ਇਸ ਦੇ ਪ੍ਰਭਾਵ ਨਾਲ ਪਾਕਿਸਤਾਨ ਦੇ ਉੱਪਰ ਇੱਕ ਚੱਕਰਵਾਤੀ ਸਿਸਟਮ ਬਣਿਆ ਹੈ ਅਤੇ ਉੱਤਰ-ਪੂਰਬੀ ਰਾਜਸਥਾਨ ਵਿੱਚ ਵੀ ਹਲਕਾ ਚੱਕਰਵਾਤ ਬਣਿਆ ਹੋਇਆ ਹੈ।

ਇਨ੍ਹਾਂ ਸਾਰੇ ਸਿਸਟਮਾਂ ਕਾਰਨ ਉੱਤਰ-ਪੱਛਮੀ ਭਾਰਤ ਵਿੱਚ ਮੌਸਮ ਬਦਲ ਰਿਹਾ ਹੈ ਅਤੇ ਮੀਂਹ, ਤੇਜ਼ ਹਵਾਵਾਂ ਤੇ ਗਰਜ-ਚਮਕ ਦੀ ਸੰਭਾਵਨਾ ਬਣੀ ਹੋਈ ਹੈ। ਦੂਜੇ ਪਾਸੇ, ਬਾਰਿਸ਼ ਕਾਰਨ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 21.7 ਡਿਗਰੀ ਤੋਂ 28.5 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ ਅਤੇ ਹਰ ਪਾਸੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਤਾਪਮਾਨ ਛੇ ਡਿਗਰੀ ਤੱਕ ਡਿੱਗੇਗਾ

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਅੱਜ ਕਿਤੇ-ਕਿਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ। ਤੇਜ਼ ਹਵਾਵਾਂ ਚੱਲਣਗੀਆਂ ਅਤੇ ਕੁਝ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਅਗਲੇ 48 ਘੰਟਿਆਂ ਵਿੱਚ ਦਿਨ ਦਾ ਤਾਪਮਾਨ 4 ਤੋਂ 6 ਡਿਗਰੀ ਤੱਕ ਡਿੱਗ ਸਕਦਾ ਹੈ, ਜਿਸ ਤੋਂ ਬਾਅਦ ਇਹ ਹੌਲੀ-ਹੌਲੀ ਮੁੜ 5 ਤੋਂ 7 ਡਿਗਰੀ ਤੱਕ ਵਧੇਗਾ।


Related Post

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 6 IPS ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਤੇ ਵੱਡੀਆਂ ਜ਼ਿੰਮੇਵਾਰੀਆਂ
ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਵਿਗੜੇਗਾ, ਭਾਰੀ ਮੀਂਹ ਤੇ ਗੜ੍ਹੇਮਾਰੀ ਦਾ ਔਰੇਂਜ ਅਲਰਟ, 50 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ; 1 PCS ਤੇ 12 IAS ਅਧਿਕਾਰੀਆਂ ਦੇ ਤਬਾਦਲੇ; ਜਲੰਧਰ, ਪਟਿਆਲਾ ਸਣੇ 4 ਜ਼ਿਲ੍ਹਿਆਂ ਦੇ DC ਬਦਲੇ
ਲਓ ਜੀ! ਸੂਬੇ ‘ਚ ਆ ਗਈ ਇੱਕ ਹੋਰ ਛੁੱਟੀ…ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਪੰਜਾਬ ਸਰਕਾਰ ਫ਼ਸਲਾਂ ਦੀ ਕਰਵਾਏਗੀ ਵਿਸ਼ੇਸ਼ ਗਿਰਦਾਵਰੀ, CM ਮਾਨ ਦਾ ਐਲਾਨ - ਬਾਰਿਸ਼ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦੀ ਹੋਵੇਗੀ ਭਰਪਾਈ
ਪੰਜਾਬ ਦੇ ਮੌਸਮ ਦਾ ਅਪਡੇਟ: ਕਣਕ ਦੀ ਫ਼ਸਲ ਲਈ ਚਿੰਤਾ, ਪੰਜਾਬ 'ਚ 3 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

© Copyright Galactic Television & Communications Pvt. Ltd. 2026. All rights reserved.