ਚੰਡੀਗੜ੍ਹ 'ਚ ਸਿੱਖ ਬੰਦੀਆਂ ਦੀ ਰਿਹਾਈ ਲਈ ਹੰਗਾਮਾ: ਪੁਲਿਸ ਨੇ ਡਰੋਨ ਰਾਹੀਂ ਛੱਡੇ ਹੰਝੂ ਗੈਸ ਦੇ ਗੋਲੇ; 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

ਸੁਤੰਤਰਤਾ ਦਿਵਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗਵਰਨਰ ਹਾਊਸ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਮੋਹਾਲੀ-ਚੰਡੀਗੜ੍ਹ ਸਰਹੱਦ ’ਤੇ ਬੈਰੀਕੇਡ ਲਗਾ ਕੇ ਰੋਕਿਆ ਗਿਆ। ਹਾਲਾਤ ਤਣਾਅਪੂਰਨ ਹੋਣ ’ਤੇ ਪੁਲਿਸ ਨੇ ਲਾਠੀਚਾਰਜ, ਹੰਝੂ ਗੈਸ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਕਾਰਵਾਈ ਦੇ ਵਿਰੋਧ ਵਿੱਚ ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਹੈ।

By:  Lajwinder Kaur August 15th 2026 05:52 PM -- Updated: August 15th 2026 06:16 PM

ਪੰਜਾਬ ਦੇ ਮੋਹਾਲੀ ਵਿੱਚ ਸੁਤੰਤਰਤਾ ਦਿਵਸ ਮੌਕੇ ਪੁਲਿਸ ਨੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਬਲ ਪ੍ਰਯੋਗ ਕੀਤਾ। ਕੌਮੀ ਇਨਸਾਫ਼ ਮੋਰਚਾ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ (ਬੰਦੀ ਸਿੰਘਾਂ) ਦੀ ਰਿਹਾਈ ਦੀ ਮੰਗ ਕਰ ਰਿਹਾ ਹੈ। 15 ਅਗਸਤ ਨੂੰ ਪੰਜਾਬ ਗਵਰਨਰ ਹਾਊਸ ਦੇ ਘੇਰਾਓ ਦੇ ਐਲਾਨ ਤੋਂ ਬਾਅਦ ਮੋਹਾਲੀ-ਚੰਡੀਗੜ੍ਹ ਸਰਹੱਦ 'ਤੇ ਤਣਾਅ ਦੀ ਸਥਿਤੀ ਬਣ ਗਈ। ਗਵਰਨਰ ਹਾਊਸ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਬਾਰਡਰ 'ਤੇ ਹੀ ਰੋਕ ਲਿਆ। ਜਦੋਂ ਪ੍ਰਦਰਸ਼ਨਕਾਰੀਆਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਤਕਰਾਰ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਲਾਠੀਚਾਰਜ ਕੀਤਾ, ਹੰਝੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਵਾਛੜਾਂ (ਵਾਟਰ ਕੈਨਨ) ਦੀ ਵਰਤੋਂ ਕੀਤੀ।

ਮੋਹਾਲੀ-ਚੰਡੀਗੜ੍ਹ ਸਰਹੱਦ 'ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ, ਕਈ ਜ਼ਖ਼ਮੀ

ਪ੍ਰਦਰਸ਼ਨਕਾਰੀ ਚੰਡੀਗੜ੍ਹ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਕਾਫ਼ੀ ਦੇਰ ਤੱਕ ਮੌਕੇ 'ਤੇ ਨਾਅਰੇਬਾਜ਼ੀ ਅਤੇ ਧੱਕਾ-ਮੁੱਕੀ ਹੁੰਦੀ ਰਹੀ। ਹਾਲਾਤ ਬੇਕਾਬੂ ਹੁੰਦੇ ਦੇਖ  ਚੰਡੀਗੜ੍ਹ ਪੁਲਿਸ ਨੇ ਬਲ ਪ੍ਰਯੋਗ ਕੀਤਾ, ਜਿਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਸੁਤੰਤਰਤਾ ਦਿਵਸ ਸਮਾਰੋਹ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਪੰਜਾਬ ਤੋਂ ਆਉਣ ਵਾਲੇ ਸਾਰੇ ਮੁੱਖ ਰਸਤਿਆਂ 'ਤੇ ਪਹਿਲਾਂ ਹੀ ਸੁਰੱਖਿਆ ਸਖਤ ਕੀਤੀ ਹੋਈ ਸੀ। ਗਵਰਨਰ ਹਾਊਸ ਵੱਲ ਜਾਣ ਵਾਲੇ ਰਸਤਿਆਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਸੀ ਅਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਜੋ ਪ੍ਰਦਰਸ਼ਨਕਾਰੀ ਚੰਡੀਗੜ੍ਹ ਵਿੱਚ ਦਾਖ਼ਲ ਨਾ ਹੋ ਸਕਣ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ।

21 ਅਗਸਤ ਨੂੰ ਪੰਜਾਬ ਬੰਦ ਦੀ ਕਾਲ

ਕੌਮੀ ਇਨਸਾਫ਼ ਮੋਰਚੇ ਵੱਲੋਂ ਆਉਂਦੀ 21 ਅਗਸਤ ਨੂੰ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ। ਇਹ ਫ਼ੈਸਲਾ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਐਕਸ਼ਨ ਅਤੇ ਅੰਦੋਲਨਕਾਰੀਆਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ ਜਾਣ ਦੇ ਸਖ਼ਤ ਵਿਰੋਧ ਵਜੋਂ ਲਿਆ ਗਿਆ ਹੈ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗਈ ਇਹ ਕਾਰਵਾਈ ਬਹੁਤ ਨਿੰਦਣਯੋਗ ਹੈ, ਜਿਸ ਦੇ ਰੋਸ ਵਜੋਂ ਸਮੁੱਚੇ ਪੰਜਾਬ ਨੂੰ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਸਰਕਾਰ ਅਤੇ ਪ੍ਰਸ਼ਾਸਨ ਤੱਕ ਲੋਕਾਂ ਦੀ ਆਵਾਜ਼ ਪਹੁੰਚਾਈ ਜਾ ਸਕੇ।


Related Post

ਧਰਮਕੋਟ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਨੇ ਐਲਾਨੇ 7 ਉਮੀਦਵਾਰ, ਪਰਗਟ ਸਿੰਘ ਨੇ ਜਾਰੀ ਕੀਤੀ ਸੂਚੀ
AAP ਵੱਲੋਂ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ, ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ
ਪੰਜਾਬ ‘ਚ ਜਨਗਣਨਾ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ: ਧਰਮ, ਜਾਤੀ ਤੇ ਬੈਂਕ ਖਾਤਿਆਂ ਸਮੇਤ ਪੁੱਛੇ ਜਾਣਗੇ 40 ਸਵਾਲ, ਘਰ ਬੈਠੇ ਇੰਝ ਭਰੋ ਫਾਰਮ
ਸ੍ਰੀ ਅਨੰਦਪੁਰ ਸਾਹਿਬ 'ਚ 6 ਕਰੋੜ ਦੀ ਲਾਗਤ ਨਾਲ ਬਣੇਗਾ 'ਭਾਈ ਜੈਤਾ ਜੀ ਟਰੌਮਾ ਸੈਂਟਰ', ਹਰਜੋਤ ਬੈਂਸ ਨੇ ਰੱਖਿਆ ਨੀਂਹ ਪੱਥਰ
SAD ਨੇ ਖਿੱਚੀ ਚੋਣਾਂ 2027 ਦੀ ਤਿਆਰੀ, ਰਾਏਕੋਟ ਤੋਂ ਇਸ ਆਗੂ ਨੂੰ ਐਲਾਨਿਆ ਉਮੀਦਵਾਰ, ਸੁਖਬੀਰ ਬਾਦਲ ਨੇ ਨਾਲ ਹੀ ਸੌਂਪੀ ਹਲਕੇ ਦੀ ਜ਼ਿੰਮੇਵਾਰੀ
CM ਮਾਨ ਨੇ ਲਾਂਚ ਕੀਤਾ 'ਪੰਜਾਬ ਦਾ ਕਰੋੜਪਤੀ' ਪੋਰਟਲ, ਇੱਕ ਖੁਸ਼ਕਿਸਮਤ ਜੇਤੂ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ; ਜਾਣੋ ਕਿਵੇਂ ਲੈ ਸਕਦੇ ਹੋ ਹਿੱਸਾ

© Copyright Galactic Television & Communications Pvt. Ltd. 2026. All rights reserved.