ਗੈਰ-ਜ਼ਮਾਨਤੀ FIR ਦਰਜ ਹੋਣ ਤੋਂ ਬਾਅਦ ਸੰਦੀਪ ਪਾਠਕ ਹੋਏ ਨੌਂ ਦੋ ਗਿਆਰਾਂ! ਜਿਸ ਗੱਡੀ ‘ਚ ਗਏ ਉਸ ਦੇ ਤਾਰ ਲਵਲੀ ਟ੍ਰਸਟ ਨਾਲ ਜੁੜੇ

By:  Lajwinder Kaur May 2nd 2026 05:19 PM -- Updated: May 2nd 2026 05:35 PM

ਆਮ ਆਦਮੀ ਪਾਰਟੀ (AAP) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਾਠਕ ਦੇ ਖ਼ਿਲਾਫ਼ ਪੰਜਾਬ ਦੇ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੋ ਐਫਆਈਆਰ (FIR) ਦਰਜ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮਾਮਲੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦਰਜ ਕੀਤੇ ਗਏ ਹਨ।

ਜਲੰਧਰ ਦੇ ਲਵਲੀ ਟ੍ਰਸਟ ਦੀ ਗੱਡੀ ਦੀ ਹੋਈ ਵਰਤੋਂ

ਸੰਦੀਪ ਪਾਠਕ ਜਿਸ ਇਨੋਵਾ ਗੱਡੀ ਨੰਬਰ PB 08 BU 0004 ਵਿੱਚ ਬੈਠ ਕੇ ਰਵਾਨਾ ਹੋਏ ਹਨ, ਉਸ ਦੇ ਤਾਰ ਜਲੰਧਰ ਨਾਲ ਜੁੜੇ ਹੋਏ ਹਨ। ਆਨਲਾਈਨ ਰਿਕਾਰਡ ਮੁਤਾਬਕ ਇਹ ਗੱਡੀ ਜਲੰਧਰ ਦੇ ਲਵਲੀ ਇੰਟਰਨੈਸ਼ਨਲ ਟ੍ਰਸਟ, ਡਾਕਟਰ ਅੰਬੇਡਕਰ ਚੌਕ ਦੇ ਨਾਮ 'ਤੇ ਰਜਿਸਟਰਡ ਹੈ। ਸੂਤਰਾਂ ਅਨੁਸਾਰ, ਪੰਜਾਬ ਪੁਲਿਸ ਹੁਣ ਉਨ੍ਹਾਂ ਲੋਕਾਂ 'ਤੇ ਵੀ ਸ਼ਿਕੰਜਾ ਕੱਸ ਸਕਦੀ ਹੈ ਜਿਨ੍ਹਾਂ ਨੇ ਸੰਦੀਪ ਪਾਠਕ ਦੀ ਭੱਜਣ ਵਿੱਚ ਮਦਦ ਕੀਤੀ ਹੈ।

ਲਵਲੀ ਇੰਟਰਨੈਸ਼ਨਲ ਟ੍ਰਸਟ ਦਾ ਸਿੱਧਾ ਸਬੰਧ ਅਸ਼ੋਕ ਮਿੱਤਲ ਨਾਲ ਹੈ, ਜੋ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਹਨ। ਇਹ ਟ੍ਰਸਟ ਮਿੱਤਲ ਪਰਿਵਾਰ ਦੀ ਦੇਖ-ਰੇਖ ਹੇਠ ਚੱਲਦਾ ਹੈ। ਦੱਸ ਦਈਏ ਅਸ਼ੋਕ ਮਿੱਤਲ ਨੇ ਵੀ ਸੰਦੀਪ ਪਾਠਕ ਅਤੇ ਰਾਘਵ ਚੱਢਾ ਦੇ ਨਾਲ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜ ਲਿਆ ਸੀ। ਉਹ ਉਨ੍ਹਾਂ 7 ਰਾਜ ਸਭਾ ਮੈਂਬਰਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਇੱਕੋ ਸਮੇਂ ਪਾਰਟੀ ਬਦਲੀ ਸੀ।


ਰਣਨੀਤੀਕਾਰ ਤੋਂ ਬਾਗੀ ਹੋਣ ਤੱਕ ਦਾ ਸਫ਼ਰ

ਜ਼ਿਕਰਯੋਗ ਹੈ ਕਿ ਡਾ. ਸੰਦੀਪ ਪਾਠਕ 24 ਅਪ੍ਰੈਲ ਨੂੰ ਰਾਘਵ ਚੱਢਾ ਅਤੇ 'ਆਪ' ਦੇ 7 ਹੋਰ ਰਾਜ ਸਭਾ ਮੈਂਬਰਾਂ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਸੰਦੀਪ ਪਾਠਕ ਨੂੰ ਆਮ ਆਦਮੀ ਪਾਰਟੀ ਦਾ ਮੁੱਖ ਰਣਨੀਤੀਕਾਰ ਮੰਨਿਆ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਦੇ ਇਸ ਕਦਮ ਨੇ ਸਿਆਸੀ ਹਲਕਿਆਂ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਸੀ। ਹੁਣ ਪੁਲਿਸ ਕਾਰਵਾਈ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਦੀਆਂ ਸੰਭਾਵਨਾਵਾਂ ਵੀ ਵੱਧ ਗਈਆਂ ਹਨ।

© Copyright Galactic Television & Communications Pvt. Ltd. 2026. All rights reserved.