ਪੈਰੋਲ ਖ਼ਤਮ ਹੋਣ ਮਗਰੋਂ ਪਿੰਡ ਜੱਲੂਪੁਰ ਖੇੜਾ ਤੋਂ ਰਵਾਨਾ ਹੋਏ MP ਅੰਮ੍ਰਿਤਪਾਲ ਸਿੰਘ: ਦਾਦੀ ਦੇ ਸਸਕਾਰ 'ਚ ਹੋਏ ਸ਼ਾਮਲ, ਹੱਥ ਹਿਲਾ ਕੇ ਸਮਰਥਕਾਂ ਦਾ ਕੀਤਾ ਧੰਨਵਾਦ
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੀ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਉਪਰੰਤ 3 ਘੰਟੇ ਦੀ ਕਸਟਡੀ ਪੈਰੋਲ ਖ਼ਤਮ ਹੋਣ ਮਗਰੋਂ ਪਿੰਡ ਜੱਲੂਪੁਰ ਖੇੜਾ ਤੋਂ ਵਾਪਸ ਰਵਾਨਾ ਹੋ ਗਏ ਹਨ। ਸਖ਼ਤ ਪੁਲਿਸ ਪਹਿਰੇ ਹੇਠ ਉਨ੍ਹਾਂ ਨੂੰ ਵਾਪਸ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾ ਰਿਹਾ ਹੈ।
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੀ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਉਪਰੰਤ 3 ਘੰਟੇ ਦੀ ਕਸਟਡੀ ਪੈਰੋਲ ਖ਼ਤਮ ਹੋਣ ਮਗਰੋਂ ਪਿੰਡ ਜੱਲੂਪੁਰ ਖੇੜਾ ਤੋਂ ਵਾਪਸ ਰਵਾਨਾ ਹੋ ਗਏ ਹਨ। ਸਖ਼ਤ ਪੁਲਿਸ ਪਹਿਰੇ ਹੇਠ ਉਨ੍ਹਾਂ ਨੂੰ ਵਾਪਸ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾ ਰਿਹਾ ਹੈ।
ਪੰਜ ਤੱਤਾਂ ਵਿੱਚ ਵਿਲੀਨ ਹੋਏ ਮਾਤਾ ਚਰਨ ਕੌਰ
ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ (84), ਜਿਨ੍ਹਾਂ ਦਾ ਬੀਤੀ 8 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ, ਅੱਜ ਪਿੰਡ ਜੱਲੂਪੁਰ ਖੇੜਾ ਵਿਖੇ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਪਰਿਵਾਰ ਵੱਲੋਂ ਅੰਮ੍ਰਿਤਪਾਲ ਦੀ ਉਡੀਕ ਕਾਰਨ ਅੰਤਿਮ ਸਸਕਾਰ ਰੋਕਿਆ ਗਿਆ ਸੀ। ਅਦਾਲਤ ਵੱਲੋਂ ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਦਿੱਤੀ ਗਈ 3 ਘੰਟੇ ਦੀ ਕਸਟਡੀ ਪੈਰੋਲ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਆਪਣੀ ਦਾਦੀ ਨੂੰ ਅੰਤਿਮ ਵਿਦਾਈ ਦਿੱਤੀ ਅਤੇ ਸਸਕਾਰ ਦੀਆਂ ਰਸਮਾਂ ਵਿੱਚ ਹਿੱਸਾ ਲਿਆ।
ਵੱਡੇ ਹਜੂਮ ਦਾ ਹੱਥ ਹਿਲਾ ਕੇ ਕੀਤਾ ਧੰਨਵਾਦ
ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਇੱਕ ਝਲਕ ਪਾਉਣ ਅਤੇ ਦੁੱਖ ਸਾਂਝਾ ਕਰਨ ਲਈ ਪਿੰਡ ਜੱਲੂਪੁਰ ਖੇੜਾ ਵਿਖੇ ਸਮਰਥਕਾਂ ਅਤੇ ਇਲਾਕਾ ਨਿਵਾਸੀਆਂ ਦਾ ਵੱਡਾ ਹਜੂਮ ਪਹੁੰਚਿਆ ਹੋਇਆ ਸੀ। ਸਸਕਾਰ ਉਪਰੰਤ ਜਦੋਂ ਪੁਲਿਸ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਵਾਪਸ ਲੈ ਕੇ ਰਵਾਨਾ ਹੋਈ, ਤਾਂ ਅੰਮ੍ਰਿਤਪਾਲ ਸਿੰਘ ਨੇ ਹੱਥ ਹਿਲਾ ਕੇ ਉੱਥੇ ਮੌਜੂਦ ਸਮਰਥਕਾਂ ਅਤੇ ਸੰਗਤ ਦਾ ਧੰਨਵਾਦ ਕੀਤਾ।
ਸਖ਼ਤ ਪਹਿਰੇ ਹੇਠ ਡਿਬਰੂਗੜ੍ਹ ਜੇਲ੍ਹ ਲਈ ਵਾਪਸੀ
ਪੈਰੋਲ ਦਾ ਸਮਾਂ ਸਮਾਪਤ ਹੁੰਦੇ ਹੀ ਪੰਜਾਬ ਪੁਲਿਸ ਦੀ ਟੀਮ ਬੁਲੇਟਪਰੂਫ ਗੱਡੀ ਅਤੇ ਭਾਰੀ ਸੁਰੱਖਿਆ ਕਾਫ਼ਲੇ ਸਮੇਤ ਉਨ੍ਹਾਂ ਨੂੰ ਪਿੰਡ ਤੋਂ ਲੈ ਕੇ ਨਿਕਲ ਗਈ। ਜ਼ਿਕਰਯੋਗ ਹੈ ਕਿ ਇਸ ਦੌਰੇ ਲਈ ਪੂਰੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਸੀ। ਅਦਾਲਤੀ ਹੁਕਮਾਂ ਮੁਤਾਬਕ, ਹੁਣ ਉਹ 22 ਨਵੰਬਰ ਨੂੰ ਅਸਥੀਆਂ ਚੁਗਣ ਅਤੇ 23 ਨਵੰਬਰ ਨੂੰ ਹੋਣ ਵਾਲੇ ਅੰਤਿਮ ਅਰਦਾਸ (ਭੋਗ) ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣਗੇ।