ਕਿਸਮਤ ਹੋਈ ਮਿਹਰਬਾਨ! ਫੜੀ ਲਗਾ ਕੇ ਪਰਿਵਾਰ ਪਾਲਦੇ ਬਜ਼ੁਰਗ ਦੀ ਚਮਕੀ ਕਿਸਮਤ, 21 ਲੱਖ ਰੁਪਏ ਦੀ ਨਿਕਲੀ ਲਾਟਰੀ

ਜਦੋਂ ਰੱਬ ਮਿਹਰਬਾਨ ਹੁੰਦਾ ਹੈ ਤਾਂ ਰੰਕ ਨੂੰ ਵੀ ਰਾਜਾ ਬਣਾ ਦਿੰਦਾ ਹੈ, ਅਜਿਹਾ ਹੀ ਕੁੱਝ ਹੋਇਆ ਕੀਰਤਪੁਰ ਸਾਹਿਬ ਦੇ ਪਿੰਡ ਹਰਦੋ ਨਿਰਮੋਹ ਦੇ ਰਹਿਣ ਵਾਲੇ ਇੱਕ ਬਜ਼ੁਰਗ ਵਿਅਕਤੀ ਦੇ ਨਾਲ। ਜੋ ਕਿ ਫੜੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। 50 ਰੁਪਏ ਦੀ ਟਿਕਟ ਨੇ ਹੇਮਰਾਜ ਦੀ ਤਕਦੀਰ ਬਦਲ ਕੇ ਰੱਖ ਦਿੱਤੀ।

By:  Lajwinder Kaur October 7th 2026 01:07 PM -- Updated: October 7th 2026 01:12 PM

ਕਹਿੰਦੇ ਨੇ ਜਦੋਂ ਰੱਬ ਮਿਹਰਬਾਨ ਹੁੰਦਾ ਹੈ ਤਾਂ ਛੱਪਰ ਫਾੜ ਕੇ ਦਿੰਦੇ ਹੈ, ਜੀ ਹਾਂ ਕਹਾਵਤ ਕੀਰਤਪੁਰ ਸਾਹਿਬ ਦੇ ਪਿੰਡ ਹਰਦੋ ਨਿਰਮੋਹ ਦੇ ਰਹਿਣ ਵਾਲੇ ਇੱਕ ਬਜ਼ੁਰਗ ਵਿਅਕਤੀ ਹੇਮਰਾਜ ਤੇ ਲਾਗੂ ਹੁੰਦੀ ਹੋਈ ਨਜ਼ਰ ਆਈ।  ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਵਿਖੇ ਛੋਟੀ ਜਿਹੀ ਫੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਹੇਮਰਾਜ ਦੀ ਕਿਸਮਤ ਉਸ ਸਮੇਂ ਅਚਾਨਕ ਚਮਕ ਗਈ, ਜਦੋਂ ਉਸ ਦੀ 21 ਲੱਖ ਰੁਪਏ ਦੀ ਲਾਟਰੀ ਨਿਕਲਣ ਦੀ ਖ਼ਬਰ ਸਾਹਮਣੇ ਆਈ। ਇਸ ਖ਼ਬਰ ਦੇ ਮਿਲਦਿਆਂ ਹੀ ਜਿੱਥੇ ਹੇਮਰਾਜ ਦੇ ਪਰਿਵਾਰ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਹੈ, ਉੱਥੇ ਹੀ ਪੂਰੇ ਇਲਾਕੇ ਵਿੱਚ ਇਸ ਦੀ ਚਰਚਾ ਹੋ ਰਹੀ ਹੈ।

50 ਰੁਪਏ ਦੀ ਟਿਕਟ ਨੇ ਬਦਲੀ ਤਕਦੀਰ

ਗੱਲਬਾਤ ਕਰਦਿਆਂ ਬਜ਼ੁਰਗ ਹੇਮਰਾਜ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਨੇ ਕੁਝ ਸਮਾਂ ਪਹਿਲਾਂ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ 50 ਰੁਪਏ ਦੀ ‘ਰਾਜਸ਼੍ਰੀ’ ਲਾਟਰੀ ਦੀ ਇੱਕ ਟਿਕਟ ਖਰੀਦੀ ਸੀ। ਉਨ੍ਹਾਂ ਨੂੰ ਸੁਪਨੇ ਵਿੱਚ ਵੀ ਅੰਦਾਜ਼ਾ ਨਹੀਂ ਸੀ ਕਿ ਇਹ 50 ਰੁਪਏ ਦੀ ਨਿੱਕੀ ਜਿਹੀ ਨਿਵੇਸ਼ ਉਨ੍ਹਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗੀ। ਜਦੋਂ ਲਾਟਰੀ ਦਾ ਨਤੀਜਾ ਆਇਆ ਤਾਂ ਪਹਿਲਾ ਇਨਾਮ 21 ਲੱਖ ਰੁਪਏ ਉਨ੍ਹਾਂ ਦੀ ਹੀ ਟਿਕਟ (ਨੰਬਰ 61-1415) ’ਤੇ ਨਿਕਲਿਆ।

ਧਾਰਮਿਕ ਅਤੇ ਨੇਕ ਸੋਚ ਦਾ ਪ੍ਰਗਟਾਵਾ

ਇੰਨੀ ਵੱਡੀ ਰਕਮ ਜਿੱਤਣ ਦੇ ਬਾਵਜੂਦ ਹੇਮਰਾਜ ਦੇ ਪੈਰ ਜ਼ਮੀਨ ’ਤੇ ਹੀ ਹਨ। ਉਨ੍ਹਾਂ ਨੇ ਵੱਡਾ ਦਿਲ ਦਿਖਾਉਂਦਿਆਂ ਐਲਾਨ ਕੀਤਾ ਹੈ ਕਿ ਉਹ ਇਸ ਇਨਾਮੀ ਰਾਸ਼ੀ ਵਿੱਚੋਂ ਕੁਝ ਹਿੱਸਾ ਸਥਾਨਕ ਸ਼ਿਵ ਮੰਦਰ ਦੀ ਚੱਲ ਰਹੀ ਉਸਾਰੀ ਵਿੱਚ ਯੋਗਦਾਨ ਵਜੋਂ ਦੇਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਮੁਸ਼ਕਲ ਸਮੇਂ ਵਿੱਚ ਪਰਮਾਤਮਾ ਨੇ ਉਨ੍ਹਾਂ ’ਤੇ ਮਿਹਰ ਕੀਤੀ ਹੈ, ਇਸ ਲਈ ਧਾਰਮਿਕ ਅਤੇ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਦੇਣਾ ਉਨ੍ਹਾਂ ਦਾ ਫ਼ਰਜ਼ ਬਣਦਾ ਹੈ। ਬਾਕੀ ਬਚੀ ਰਕਮ ਉਹ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਅਤੇ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਵਰਤਣਗੇ।

"ਮਿਹਨਤ ਨਹੀਂ ਛੱਡਾਂਗਾ"

ਅੱਜ ਦੇ ਦੌਰ ਵਿੱਚ ਜਿੱਥੇ ਲੋਕ ਅਚਾਨਕ ਅਮੀਰ ਹੋਣ ਤੋਂ ਬਾਅਦ ਆਪਣੇ ਕੰਮ-ਕਾਰ ਛੱਡ ਦਿੰਦੇ ਹਨ, ਉੱਥੇ ਹੀ ਹੇਮਰਾਜ ਦੀ ਸੋਚ ਬਹੁਤ ਹੀ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਸਾਫ਼ ਆਖਿਆ ਕਿ ਲਾਟਰੀ ਨਿਕਲਣ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਜ਼ਰੂਰ ਸੁਧਾਰ ਆਇਆ ਹੈ, ਪਰ ਉਹ ਆਪਣੀ ਫੜੀ ਦਾ ਕੰਮ ਬੰਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮਿਹਨਤ ਦੀ ਰੋਟੀ ਖਾਣ ਦਾ ਜੋ ਸਕੂਨ ਹੈ, ਉਹ ਵੱਖਰਾ ਹੀ ਹੈ ਅਤੇ ਉਹ ਪਹਿਲਾਂ ਵਾਂਗ ਹੀ ਆਪਣੀ ਫੜੀ ‘ਤੇ ਮਿਹਨਤ ਕਰਦੇ ਰਹਿਣਗੇ।

ਇਲਾਕੇ ਵਿੱਚ ਖੁਸ਼ੀ ਦਾ ਮਾਹੌਲ

ਹੇਮਰਾਜ ਦੀ ਇਸ ਇਮਾਨਦਾਰੀ ਅਤੇ ਅਚਾਨਕ ਬਦਲੀ ਕਿਸਮਤ ਦੀ ਖ਼ਬਰ ਜਿਉਂ ਹੀ ਇਲਾਕੇ ਵਿੱਚ ਫੈਲੀ, ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਰਿਸ਼ਤੇਦਾਰਾਂ, ਆਂਢ-ਗੁਆਂਢ ਅਤੇ ਦੁਕਾਨਦਾਰਾਂ ਨੇ ਹੇਮਰਾਜ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਹੇਮਰਾਜ ਦਾ ਇਹ ਜੀਵਨ ਸੰਘਰਸ਼ ਅਤੇ ਮਿਹਨਤ ਦਾ ਫਲ ਅੱਜ ਕਈਆਂ ਲਈ ਪ੍ਰੇਰਣਾ ਦਾ ਸਰੋਤ ਬਣ ਗਿਆ ਹੈ।

Related Post

ਪੰਜਾਬ 'ਚ ਮੌਸਮ ਨੇ ਲਈ ਕਰਵਟ: ਪਠਾਨਕੋਟ 'ਚ ਭਾਰੀ ਮੀਂਹ, 13 ਜ਼ਿਲ੍ਹਿਆਂ ‘ਚ ਅਲਰਟ; 12 ਅਕਤੂਬਰ ਤੋਂ ਵਧੇਗੀ ਠੰਢ
ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਰਾਹਤ, ਕੋਰਟ ਵੱਲੋਂ ਇਸ ਕੰਮ ਲਈ ਮਿਲੀ ਇਜਾਜ਼ਤ...
CBI ਛਾਪੇਮਾਰੀ 'ਤੇ ਸਿਆਸੀ ਘਮਸਾਣ: ਪਹਿਲਾਂ CM ਮਾਨ ਨੇ ਭਾਜਪਾ ਨੂੰ ਘੇਰਿਆ, ਫਿਰ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਦਿੱਤਾ ਕਰਾਰਾ ਜਵਾਬ
ਪੰਜਾਬ ‘ਚ ਕਿਸਾਨਾਂ ਦੇ ਧਰਨੇ ਸਮਾਪਤ: 13 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸਰਕਾਰ ਨਾਲ ਹੋਵੇਗੀ ਅਹਿਮ ਮੀਟਿੰਗ
CM ਭਗਵੰਤ ਮਾਨ ਨੇ ਚੰਡੀਗੜ੍ਹ ਪਹੁੰਚੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਕੀਤਾ ਨਿੱਘਾ ਸਵਾਗਤ, ਪੰਜਾਬ ਅਤੇ ਦੇਸ਼ ਦੇ ਮੁੱਦਿਆਂ 'ਤੇ ਹੋਈ ਚਰਚਾ ...
DA ਮਾਮਲੇ 'ਚ ਵੱਡਾ ਅਪਡੇਟ! ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਚੀਫ਼ ਸਕੱਤਰ ਨੂੰ ਕਾਰਨ ਦੱਸੋ ਨੋਟਿਸ; ਗਲਤ ਤੱਥ ਪੇਸ਼ ਕਰਨ 'ਤੇ ਪੰਜਾਬ ਸਰਕਾਰ ਨੂੰ ਫ਼ਟਕਾਰ...

© Copyright Galactic Television & Communications Pvt. Ltd. 2026. All rights reserved.