ਸ਼ੰਭੂ ਧਮਾਕੇ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ: ਰੇਲਵੇ ਸਟੇਸ਼ਨਾਂ 'ਤੇ ਵਧੀ ਸਖ਼ਤੀ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ

By:  Lajwinder Kaur April 28th 2026 04:07 PM -- Updated: April 28th 2026 04:29 PM

ਬੀਤੀ ਦੇਰ ਰਾਤ ਸ਼ੰਭੂ ਨੇੜਲੇ ਇੱਕ ਪਿੰਡ ਵਿੱਚ ਰੇਲਵੇ ਪਟੜੀ 'ਤੇ ਬੰਬ ਧਮਾਕਾ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਮੰਦਭਾਗੀ ਘਟਨਾ ਵਾਪਰੀ। ਧਮਾਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਨੌਜਵਾਨ ਖ਼ੁਦ ਹੀ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸ਼ਖਸ  ਦੀ ਪਛਾਣ ਜਗਰੂਪ ਸਿੰਘ ਵਜੋਂ ਹੋਈ ਹੈ। ਇਸ ਗੰਭੀਰ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿੱਚ 'ਹਾਈ ਅਲਰਟ' ਜਾਰੀ ਕਰ ਦਿੱਤਾ ਗਿਆ ਹੈ ਅਤੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਖਾਸ ਤੌਰ ਤੇ ਵੱਡੇ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ।

ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸਖ਼ਤ ਚੈਕਿੰਗ

ਘਟਨਾ ਦੇ ਮੱਦੇਨਜ਼ਰ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਜੀ.ਆਰ.ਪੀ. (GRP) ਅਤੇ ਆਰ.ਪੀ.ਐਫ. (RPF) ਵੱਲੋਂ ਸਾਂਝੀ ਚੈਕਿੰਗ ਮੁਹਿੰਮ ਚਲਾਈ ਗਈ। ਡੌਗ ਸਕਵਾਡ ਦੀਆਂ ਟੀਮਾਂ ਨਾਲ ਪਲੇਟਫਾਰਮਾਂ, ਵੇਟਿੰਗ ਏਰੀਆ ਅਤੇ ਟਿਕਟ ਘਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸਟੇਸ਼ਨ ਦੇ ਅੰਦਰ ਆਉਣ ਵਾਲੇ ਹਰ ਯਾਤਰੀ ਦੇ ਬੈਗਾਂ ਦੀ ਤਲਾਸ਼ੀ ਲਈ ਗਈ ਅਤੇ ਚੱਲਦੀਆਂ ਟ੍ਰੇਨਾਂ ਦੇ ਅੰਦਰ ਜਾ ਕੇ ਵੀ ਨਿਗਰਾਨੀ ਕੀਤੀ ਗਈ।

ਡੀ.ਐਸ.ਪੀ. ਜੀ.ਆਰ.ਪੀ. ਦਾ ਬਿਆਨ

ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ. ਅਰਵਿੰਦਰ ਸਿੰਘ ਨੇ ਦੱਸਿਆ ਕਿ ਹਾਲਾਂਕਿ ਰੇਲਵੇ ਸਟੇਸ਼ਨਾਂ 'ਤੇ ਰੁਟੀਨ ਚੈਕਿੰਗ ਹੁੰਦੀ ਰਹਿੰਦੀ ਹੈ, ਪਰ ਬੀਤੀ ਰਾਤ ਦੀ ਘਟਨਾ ਨੂੰ ਦੇਖਦੇ ਹੋਏ ਅੱਜ ਸੁਰੱਖਿਆ ਪ੍ਰਬੰਧ ਹੋਰ ਵੀ ਕੜੇ ਕਰ ਦਿੱਤੇ ਗਏ ਹਨ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸਤੈਦ ਹੈ।

ਲੁਧਿਆਣਾ ਅਤੇ ਬਠਿੰਡਾ ਵਿੱਚ ਵੀ ਸਖ਼ਤੀ

ਸਿਰਫ਼ ਅੰਮ੍ਰਿਤਸਰ ਹੀ ਨਹੀਂ, ਸਗੋਂ ਲੁਧਿਆਣਾ ਅਤੇ ਬਠਿੰਡਾ ਵਰਗੇ ਵੱਡੇ ਰੇਲਵੇ ਸਟੇਸ਼ਨਾਂ 'ਤੇ ਵੀ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ 'ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ।

ਆਮ ਜਨਤਾ ਨੂੰ ਵੀ ਸਚੇਤ ਰਹਿਣ ਦੀ ਅਪੀਲ

ਪੁਲਿਸ ਵੱਲੋਂ ਆਮ ਜਨਤਾ ਨੂੰ ਵੀ ਸਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਵਸਤੂ ਦਿਖਾਈ ਦੇਵੇ ਤਾਂ ਤੁਰੰਤ ਰੇਲਵੇ ਪੁਲਿਸ ਜਾਂ ਨਜ਼ਦੀਕੀ ਕਰਮਚਾਰੀ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਜਨਤਾ ਦੇ ਸਹਿਯੋਗ ਨਾਲ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਤੇ ਯਾਤਰਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾ ਸਕਦਾ ਹੈ।

© Copyright Galactic Television & Communications Pvt. Ltd. 2026. All rights reserved.