GTC ਪੰਜਾਬੀ ਦੀ ਗੁਰਬਾਣੀ ਫੀਡ 'ਤੇ ਰੁਕਾਵਟਾਂ ਕਿਉਂ? SGPC ਨੂੰ ਪੱਤਰ ਲਿਖ MD ਡਾ. ਰਬਿੰਦਰ ਨਾਰਾਇਣ ਨੇ ਪੁੱਛਿਆ ਵੱਡਾ ਸਵਾਲ

ਜੀਟੀਸੀ ਨੈੱਟਵਰਕ ਦੇ MD ਡਾ. ਰਬਿੰਦਰ ਨਾਰਾਇਣ ਨੇ SGPCਨੂੰ ਪੱਤਰ ਲਿਖਿਆ, ਗੁਰਬਾਣੀ ਪ੍ਰਸਾਰਣ 'ਚ ਜਾਣਬੁੱਝ ਕੇ ਵਿਘਨ ਪਾਏ ਜਾਣ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਸਵਾਲ ਉਠਾਇਆ ਹੈ ਕਿ ਜਦੋਂ ਇੱਕੋ ਸਰੋਤ ਤੋਂ ਆ ਰਹੀ ਫੀਡ ਦੂਜੇ ਨਿੱਜੀ ਚੈਨਲ 'ਤੇ ਬਿਲਕੁਲ ਸਾਫ਼ ਅਤੇ ਨਿਰਵਿਘਨ ਚੱਲ ਰਹੀ ਹੈ, ਤਾਂ ਫਿਰ ਜੀਟੀਸੀ ਸਮੇਤ ਸ਼੍ਰੋਮਣੀ ਕਮੇਟੀ ਦੇ ਆਪਣੇ ਚੈਨਲ 'ਤੇ ਹੀ ਵਾਰ-ਵਾਰ ਰੁਕਾਵਟਾਂ ਕਿਉਂ ਆ ਰਹੀਆਂ ਹਨ।

By:  Lajwinder Kaur August 23rd 2026 10:57 AM -- Updated: August 23rd 2026 11:16 AM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਤੋਂ ਕੀਤੀ ਜਾ ਰਹੀ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜੀ.ਟੀ.ਸੀ. ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਧਾਨ ਡਾ. ਰਬਿੰਦਰ ਨਾਰਾਇਣ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ਦੇ ਰਾਹੀਂ SGPC ਦੇ ਧਿਆਨ ਦੇ ਵਿੱਚ ਲਿਆਉਂਦਾ ਗਿਆ ਕਿ ਸ਼੍ਰੋਮਣੀ ਕਮੇਟੀ ਦੀ ਆਪਣੀ ਅਧਿਕਾਰਤ ਯੂਟਿਊਬ ਫੀਡ ਉੱਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹੋ ਰਹੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੌਰਾਨ ਜਾਣਬੁੱਝ ਕੇ ਕਾਲੇ ਫਰੇਮ ਲਿਆਉਂਦੇ ਜਾ ਰਹੇ ਹਨ ਅਤੇ ਆਵਾਜ਼ ਬੰਦ ਕੀਤੀ ਜਾ ਰਹੀ ਹੈ।  

GTC ਪੰਜਾਬੀ ਦੀ ਗੁਰਬਾਣੀ ਫੀਡ 'ਤੇ ਰੁਕਾਵਟਾਂ ਕਿਉਂ?

ਉਨ੍ਹਾਂ ਨੇ ਸਵਾਲ ਉਠਾਇਆ ਹੈ ਕਿ ਜਦੋਂ ਇੱਕੋ ਸਰੋਤ ਤੋਂ ਆ ਰਹੀ ਫੀਡ ਦੂਜੇ ਨਿੱਜੀ ਚੈਨਲ 'ਤੇ ਬਿਲਕੁਲ ਸਾਫ਼ ਅਤੇ ਨਿਰਵਿਘਨ ਚੱਲ ਰਹੀ ਹੈ, ਤਾਂ ਫਿਰ ਜੀਟੀਸੀ ਸਮੇਤ ਸ਼੍ਰੋਮਣੀ ਕਮੇਟੀ ਦੇ ਆਪਣੇ ਚੈਨਲ 'ਤੇ ਹੀ ਵਾਰ-ਵਾਰ ਰੁਕਾਵਟਾਂ ਕਿਉਂ ਆ ਰਹੀਆਂ ਹਨ। ਇਸ ਮਾਮਲੇ ਨੇ ਸਿੱਖ ਜਗਤ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ ਅਤੇ ਪ੍ਰਸਾਰਣ ਪ੍ਰਣਾਲੀ ਦੀ ਪਾਰਦਰਸ਼ਤਾ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

ਲਗਾਤਾਰ ਰੁਕਾਵਟ: ਇਹ ਸਿਲਸਿਲਾ 15 ਅਗਸਤ 2026 ਤੋਂ ਲਗਾਤਾਰ ਜਾਰੀ ਹੈ, ਜਦੋਂ ਕਿ ਉਸੇ ਸਮੇਂ ਦੌਰਾਨ ਪੀ.ਟੀ.ਸੀ. (PTC) ਦੀ ਫੀਡ ਬਿਲਕੁਲ ਸਾਫ਼ ਅਤੇ ਨਿਰਵਿਘਨ ਚੱਲ ਰਹੀ ਹੈ।  

ਸਵਾਲੀਆ ਨਿਸ਼ਾਨ: ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇ ਇਹ ਕੋਈ ਤਕਨੀਕੀ ਨੁਕਸ ਹੁੰਦਾ, ਤਾਂ ਇਸ ਦਾ ਅਸਰ ਸਾਰੀਆਂ ਫੀਡਾਂ 'ਤੇ ਪੈਂਦਾ। ਸਿਰਫ਼ ਸ਼੍ਰੋਮਣੀ ਕਮੇਟੀ ਦੇ ਆਪਣੇ ਚੈਨਲ 'ਤੇ ਹੀ ਖ਼ਰਾਬੀ ਆਉਣਾ ਅਤੇ ਦੂਜੇ ਪਾਸੇ ਪ੍ਰਸਾਰਣ ਸਾਫ਼ ਰਹਿਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ।

ਲਿਖਤੀ ਜਵਾਬ ਦੀ ਮੰਗ: ਜੀ.ਟੀ.ਸੀ. ਵੱਲੋਂ 7 ਦਿਨਾਂ ਦੇ ਅੰਦਰ ਇਸ ਮਾਮਲੇ ਵਿੱਚ ਲਿਖਤੀ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਪ੍ਰਸਾਰਣ ਪ੍ਰਣਾਲੀ ਦਾ ਸੁਤੰਤਰ ਤਕਨੀਕੀ ਆਡਿਟ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਮੁਫ਼ਤ ਸੇਵਾ ਦੀ ਪੇਸ਼ਕਸ਼: ਸੰਗਤ ਤੱਕ ਗੁਰਬਾਣੀ ਨਿਰਵਿਘਨ ਪਹੁੰਚਾਉਣ ਲਈ ਜੀ.ਟੀ.ਸੀ. ਨੈੱਟਵਰਕ ਨੇ ਆਪਣੇ ਖ਼ਰਚੇ 'ਤੇ ਬਿਨਾਂ ਕਿਸੇ ਸ਼ਰਤ ਦੇ ਨਵੀਨਤਮ ਉਪਕਰਣ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ ਹੈ।


MD ਡਾ. ਰਬਿੰਦਰ ਨਾਰਾਇਣ ਨੇ ਪੁੱਛਿਆ ਵੱਡਾ ਸਵਾਲ!

ਜੀਟੀਸੀ ਨੈੱਟਵਰਕ ਦੇ MD ਡਾ. ਰਬਿੰਦਰ ਨਾਰਾਇਣ ਨੇ SGPCਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਨੇ ਗੁਰਬਾਣੀ ਪ੍ਰਸਾਰਣ ‘ਚ ਜਾਣਬੁੱਝ ਕੇ ਵਿਘਨ ਪਾਏ ਜਾਣ ਦੀ ਸ਼ਿਕਾਇਤ ਕੀਤੀ ਹੈ। ਇਹ ਪੱਤਰ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਵੀ ਸਾਂਝਾ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇੱਕ ਨਿੱਜੀ ਚੈਨਲ ਉੱਤੇ ਫੀਡ ਸਾਫ ਚੱਲ ਰਹੀ ਹੈ ਅਤੇ SGPC ਦੀ ਫੀਡ ਦੇ ਵਿੱਚ ਕਾਲਾ ਫਰੇਮ ਹੈ। ਉਨ੍ਹਾਂ ਨੇ ਆਪਣੀ ਪੋਸਟ ਦੇ ਵਿੱਚ ਪੱਤਰ ਦੀ ਕਾਪੀ ਸਾਂਝੀ ਕਰਦੇ ਹੋਏ ਲਿਖਿਆ ਹੈ-

“ਮਿਤੀ: 22 ਅਗਸਤ 2026

ਸੇਵਾ ਵਿਖੇ,

ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਜੀ,

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,

ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ ਸਾਹਿਬ

ਵਿਸ਼ਾ: ਸ਼੍ਰੋਮਣੀ ਕਮੇਟੀ ਦੀ ਆਪਣੀ ਯੂਟਿਊਬ ਗੁਰਬਾਣੀ ਫੀਡ ਵਿੱਚ ਜਾਣਬੁੱਝ ਕੇ ਕਾਲੇ ਫਰੇਮ ਅਤੇ ਆਵਾਜ਼ ਬੰਦ ਕਰਨ ਬਾਰੇ, ਜਦੋਂ ਕਿ ਪੀ.ਟੀ.ਸੀ. ਦੀ ਫੀਡ ਪੂਰੀ ਤਰ੍ਹਾਂ ਸਾਫ਼ ਚੱਲਦੀ ਹੈ। ਇਹ ਮਰਯਾਦਾ ਦੀ ਉਲੰਘਣਾ ਹੈ ਅਤੇ ਲਿਖਤੀ ਜਵਾਬ ਦੀ ਮੰਗ ਅਤੇ ਉਮੀਦ ਕੀਤੀ ਜਾਂਦੀ ਹੈ ।

ਸਤਿਕਾਰਯੋਗ ਪ੍ਰਧਾਨ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

1. ਸਾਡੇ ਅਤੇ ਸੰਗਤਾਂ ਦੇ ਧਿਆਨ ਵਿੱਚ ਆਇਆ ਹੈ, ਅਤੇ ਸਾਡੇ ਕੋਲ ਇਸ ਦੇ ਰਿਕਾਰਡ ਕੀਤੇ ਵੀਡੀਓ ਸਬੂਤ ਸੁਰੱਖਿਅਤ ਹਨ, ਕਿ ਸ਼੍ਰੋਮਣੀ ਕਮੇਟੀ ਦੀ ਆਪਣੀ ਅਧਿਕਾਰਤ ਯੂਟਿਊਬ ਫੀਡ ਉੱਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹੋ ਰਹੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੌਰਾਨ ਵਾਰ-ਵਾਰ ਕਾਲੇ ਫਰੇਮ ਆਉਂਦੇ ਹਨ ਅਤੇ ਆਵਾਜ਼ ਬੰਦ ਹੋ ਜਾਂਦੀ ਹੈ। ਇਹ ਕੋਈ ਇੱਕ ਦਿਨ ਦੀ ਘਟਨਾ ਨਹੀਂ। ਇਹ ਸਿਲਸਿਲਾ 15 ਅਗਸਤ 2026 ਤੋਂ ਲਗਾਤਾਰ, ਹਰ ਰੋਜ਼, ਬਿਨਾਂ ਰੁਕੇ ਜਾਰੀ ਹੈ, ਅਤੇ ਇਸ ਪੂਰੇ ਸਮੇਂ ਦੌਰਾਨ ਵੱਖ-ਵੱਖ ਮਿਤੀਆਂ ਦੇ ਰਿਕਾਰਡ ਸਾਡੇ ਕੋਲ ਮੌਜੂਦ ਹਨ।

2. ਇਸੇ ਸਮੇਂ, ਉਸੇ ਕੀਰਤਨ ਦੀ ਪੀ.ਟੀ.ਸੀ. ਉੱਤੇ ਚੱਲ ਰਹੀ ਫੀਡ ਪੂਰੀ ਤਰ੍ਹਾਂ ਸਾਫ਼ ਰਹਿੰਦੀ ਹੈ। ਨਾ ਕੋਈ ਕਾਲਾ ਫਰੇਮ, ਨਾ ਕੋਈ ਆਵਾਜ਼ ਦੀ ਰੁਕਾਵਟ।

3. ਜੇ ਇਹ ਕੋਈ ਤਕਨੀਕੀ ਨੁਕਸ ਹੁੰਦਾ, ਤਾਂ ਇਸ ਦਾ ਅਸਰ ਸਾਰੀਆਂ ਫੀਡਾਂ ਉੱਤੇ ਇੱਕੋ ਜਿਹਾ ਪੈਂਦਾ। ਇੱਕ ਹੀ ਸਰੋਤ ਤੋਂ ਨਿਕਲਦੀ ਫੀਡ ਦਾ ਸਿਰਫ਼ ਸ਼੍ਰੋਮਣੀ ਕਮੇਟੀ ਦੇ ਆਪਣੇ ਯੂਟਿਊਬ ਚੈਨਲ ਉੱਤੇ ਖ਼ਰਾਬ ਹੋਣਾ ਅਤੇ ਪੀ.ਟੀ.ਸੀ. ਉੱਤੇ ਸਾਫ਼ ਰਹਿਣਾ ਅਤੇ ਇਹ ਸਿਲਸਿਲਾ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਲਗਾਤਾਰ ਜਾਰੀ ਰਹਿਣਾ ਇਹ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਇਹ ਕੋਈ ਇਤਫ਼ਾਕੀਆ ਤਕਨੀਕੀ ਨੁਕਸ ਨਹੀਂ, ਸਗੋਂ ਜਾਣਬੁੱਝ ਕੇ ਕੀਤੀ ਜਾ ਰਹੀ ਕਾਰਵਾਈ ਹੈ, ਤਾਂ ਜੋ ਸੰਗਤ ਮਜਬੂਰ ਹੋ ਕੇ ਸਿਰਫ਼ ਪੀ.ਟੀ.ਸੀ. ਦੀ ਸਾਫ਼ ਫੀਡ ਵੱਲ ਜਾਵੇ।

4. ਗੁਰਬਾਣੀ ਸਰਬ-ਸਾਂਝੀ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹੁੰਦੇ ਕੀਰਤਨ ਉੱਤੇ ਕਿਸੇ ਇੱਕ ਵਪਾਰਕ ਅਦਾਰੇ ਦਾ ਏਕਾਧਿਕਾਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੀ ਆਪਣੀ ਫੀਡ ਨੂੰ ਜਾਣਬੁੱਝ ਕੇ ਖ਼ਰਾਬ ਕਰਨਾ ਸਿੱਖ ਰਹਿਤ ਮਰਯਾਦਾ ਦੀ ਭਾਵਨਾ ਦੇ ਸਿੱਧਾ ਉਲਟ ਹੈ ਅਤੇ ਦੁਨੀਆ ਭਰ ਦੀ ਸੰਗਤ ਨਾਲ ਧੋਖਾ ਹੈ। ਇਹ ਸ਼੍ਰੋਮਣੀ ਕਮੇਟੀ ਦੇ ਆਪਣੇ ਐਲਾਨੇ ਹੋਏ ਸਟੈਂਡ ਦੇ ਵੀ ਖ਼ਿਲਾਫ਼ ਹੈ ਕਿ ਗੁਰਬਾਣੀ ਪ੍ਰਸਾਰਣ ਸਭ ਲਈ ਖੁੱਲ੍ਹਾ ਅਤੇ ਮੁਫ਼ਤ ਹੋਵੇ।

5. ਇਸ ਲਈ ਆਪ ਜੀ ਨੂੰ ਬੇਨਤੀ ਅਤੇ  ਹੇਠ ਲਿਖੀ ਮੰਗ ਕੀਤੀ ਜਾਂਦੀ ਹੈ:

(ੳ) ਇਸ ਪੱਤਰ ਦੀ ਪ੍ਰਾਪਤੀ ਤੋਂ ਸੱਤ ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ ਦਿੱਤਾ ਜਾਵੇ ਕਿ ਸ਼੍ਰੋਮਣੀ ਕਮੇਟੀ ਦੀ ਆਪਣੀ ਯੂਟਿਊਬ ਫੀਡ ਵਿੱਚ ਇਹ ਕਾਲੇ ਫਰੇਮ ਅਤੇ ਆਵਾਜ਼ ਦੀ ਰੁਕਾਵਟ ਕਿਉਂ ਅਤੇ ਕਿਸ ਦੇ ਹੁਕਮ ਉੱਤੇ ਹੋ ਰਹੀ ਹੈ।

(ਅ) ਪ੍ਰਸਾਰਣ ਪ੍ਰਣਾਲੀ ਦਾ ਸੁਤੰਤਰ ਤਕਨੀਕੀ ਆਡਿਟ ਕਰਵਾਇਆ ਜਾਵੇ ਅਤੇ ਰਿਪੋਰਟ ਜਨਤਕ ਕੀਤੀ ਜਾਵੇ।

(ੲ) ਐਨਕੋਡਰ, ਸਰਵਰ ਅਤੇ ਸਟਰੀਮਿੰਗ ਲੌਗ ਤੁਰੰਤ ਸੁਰੱਖਿਅਤ ਕੀਤੇ ਜਾਣ ਅਤੇ ਕਿਸੇ ਵੀ ਹਾਲਤ ਵਿੱਚ ਮਿਟਾਏ ਨਾ ਜਾਣ।

(ਸ) ਸ਼੍ਰੋਮਣੀ ਕਮੇਟੀ ਦੀ ਯੂਟਿਊਬ ਫੀਡ ਨੂੰ ਤੁਰੰਤ ਪੀ.ਟੀ.ਸੀ. ਦੀ ਫੀਡ ਦੇ ਬਰਾਬਰ ਗੁਣਵੱਤਾ ਉੱਤੇ ਬਹਾਲ ਕੀਤਾ ਜਾਵੇ।

6. ਨਾਲ ਹੀ, ਗੁਰੂ ਘਰ ਦੀ ਸੇਵਾ ਦੀ ਭਾਵਨਾ ਨਾਲ ਅਸੀਂ ਇਹ ਪੇਸ਼ਕਸ਼ ਵੀ ਕਰਦੇ ਹਾਂ ਕਿ ਜੇ ਸ਼੍ਰੋਮਣੀ ਕਮੇਟੀ ਇਸ ਖ਼ਰਾਬੀ ਨੂੰ ਲੱਭਣ ਜਾਂ ਦੂਰ ਕਰਨ ਵਿੱਚ ਅਸਮਰੱਥ ਹੈ, ਤਾਂ ਜੀ.ਟੀ.ਸੀ. ਨੈੱਟਵਰਕ ਆਪਣੇ ਖ਼ਰਚੇ ਉੱਤੇ, ਬਿਨਾਂ ਕਿਸੇ ਸ਼ਰਤ ਦੇ, ਨਵੀਨਤਮ ਪ੍ਰਸਾਰਣ ਉਪਕਰਣ ਲਗਾ ਕੇ ਦੇਣ ਲਈ ਤਿਆਰ ਹੈ, ਤਾਂ ਜੋ ਸੰਗਤ ਤੱਕ ਗੁਰਬਾਣੀ ਨਿਰਵਿਘਨ ਪਹੁੰਚੇ, ਸ਼੍ਰੋਮਣੀ ਕਮੇਟੀ ਦੀ ਬਦਨਾਮੀ ਨਾ ਹੋਵੇ ਅਤੇ ਮਰਯਾਦਾ ਦੀ ਇਹ ਉਲੰਘਣਾ ਬੰਦ ਹੋਵੇ। ਸਪੱਸ਼ਟ ਹੈ ਕਿ ਜੇ ਇਹ ਮੁਫ਼ਤ ਪੇਸ਼ਕਸ਼ ਵੀ ਠੁਕਰਾ ਦਿੱਤੀ ਗਈ ਅਤੇ ਖ਼ਰਾਬੀ ਫਿਰ ਵੀ ਜਾਰੀ ਰਹੀ, ਤਾਂ ਕਿਸੇ ਤਕਨੀਕੀ ਬਹਾਨੇ ਦੀ ਕੋਈ ਗੁੰਜਾਇਸ਼ ਨਹੀਂ ਬਚੇਗੀ ਅਤੇ ਇਸ ਤੋਂ ਇਹ ਸਪਸ਼ਟ ਹੋ ਜਾਏਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ 'ਆਪਣੀ ਫੀਡ ਤੇ ਪਿਕਚਰ' ਖਰਾਬ ਕਰ ਲਵੇਗੀ ਪਰ 'ਪੀਟੀਸੀ ਦੀ ਪਿਕਚਰ' ਖਰਾਬ ਨਹੀਂ ਹੋਣ ਦੇਵੇਗੀ ।

7. ਇਹ ਵੀ  ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਨਾਲ ਸੰਬੰਧਿਤ ਸਾਰੇ ਵੀਡੀਓ ਸਬੂਤ ਸਾਡੇ ਕੋਲ ਸੁਰੱਖਿਅਤ ਹਨ। ਜੇ ਨਿਰਧਾਰਤ ਸਮੇਂ ਵਿੱਚ ਤਸੱਲੀਬਖ਼ਸ਼ ਜਵਾਬ ਨਾ ਮਿਲਿਆ, ਤਾਂ ਸਾਨੂੰ ਸੰਗਤ ਦੇ ਹਿੱਤ ਵਿੱਚ ਹਰ ਢੁਕਵਾਂ ਕਾਨੂੰਨੀ ਅਤੇ ਪੰਥਕ ਕਦਮ ਚੁੱਕਣ ਦਾ ਪੂਰਾ ਅਧਿਕਾਰ ਰਾਖਵਾਂ ਰਹੇਗਾ।

ਗੁਰੂ ਪੰਥ ਦਾ ਦਾਸ,

ਡਾ. ਰਬਿੰਦਰ ਨਰਾਇਣ

ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ, ਜੀ.ਟੀ.ਸੀ. ਨੈੱਟਵਰਕ”

© Copyright Galactic Television & Communications Pvt. Ltd. 2026. All rights reserved.