ਗਿਆਨੀ ਹਰਪ੍ਰੀਤ ਸਿੰਘ ਦਾ ਜਥੇਦਾਰ ਨੂੰ ਪੱਤਰ, ਬੋਲੇ-‘ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਜਥੇਦਾਰ ਹੋ ਸਕਦਾ ਹੈ ਪਰ ਖੁਦ ਸ੍ਰੀ ਅਕਾਲ ਤਖਤ ਸਾਹਿਬ ਨਹੀਂ’

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ SGPC ਤੇ ਤਖ਼ਤ ਸਾਹਿਬ ਦੇ ਫ਼ੈਸਲਿਆਂ 'ਤੇ ਗੰਭੀਰ ਸਵਾਲ ਚੁੱਕੇ ਹਨ।

By:  Lajwinder Kaur October 1st 2026 01:46 PM -- Updated: October 1st 2026 02:00 PM

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਜਾਰੀ ਕੀਤੇ ਗਏ ਹਾਲੀਆ ਪੱਤਰ ਨੂੰ ਲੈ ਕੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਾਰਜਕਾਰੀ ਜਥੇਦਾਰ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਭਾਈ ਮਿੱਠੂ ਸਿੰਘ ਕਾਹਨੇਕੇ ਅਤੇ ਭਾਈ ਜਸਵੰਤ ਸਿੰਘ ਪੁੜੈਣ ਖ਼ਿਲਾਫ਼ ਬਿਨਾਂ ਉਨ੍ਹਾਂ ਤੋਂ ਸਪਸ਼ਟੀਕਰਨ ਲਏ ਕਾਰਵਾਈ ਕਰਨਾ ਸਿੱਖ ਮਰਿਆਦਾ ਅਤੇ ਸੰਸਥਾਗਤ ਪ੍ਰਕਿਰਿਆ ਸਬੰਧੀ ਸਵਾਲ ਖੜ੍ਹੇ ਕਰਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਦੋਵੇਂ ਮੈਂਬਰ ਵਿਰੋਧੀ ਧਿਰ ਨਾਲ ਸਬੰਧਤ ਹਨ ਅਤੇ ਸੰਗਤ ਵੱਲੋਂ ਚੁਣੇ ਹੋਏ ਮੈਂਬਰ ਹਨ। ਉਨ੍ਹਾਂ ਮੁਤਾਬਕ, ਇਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੇ ਜਾਣ ਨੂੰ ਆਧਾਰ ਬਣਾਕੇ ਉਨ੍ਹਾਂ ਖ਼ਿਲਾਫ਼ ਸਿੱਧਾ ਫ਼ੈਸਲਾ ਸੁਣਾਉਣਾ ਉਚਿਤ ਨਹੀਂ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਖ਼ਿਲਾਫ਼ ਕਾਰਵਾਈ ਤੋਂ ਪਹਿਲਾਂ ਉਸ ਦਾ ਪੱਖ ਸੁਣਿਆ ਜਾਣਾ ਚਾਹੀਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਕਾਰਜਕਾਰੀ ਜਥੇਦਾਰ ਦਾ ਪੱਤਰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸਕੱਤਰ ਨੂੰ ਭੇਜਿਆ ਗਿਆ ਅਤੇ ਇਸ ਤੋਂ ਬਾਅਦ ਵਿਰੋਧੀ ਧਿਰ ਨਾਲ ਸਬੰਧਤ ਮੈਂਬਰਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ। ਉਨ੍ਹਾਂ ਇਸ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਨਾਲ ਸੰਸਥਾ ਦੇ ਅੰਦਰੂਨੀ ਫੈਸਲਿਆਂ ਅਤੇ ਪ੍ਰਕਿਰਿਆ ਨੂੰ ਲੈ ਕੇ ਸ਼ੰਕੇ ਪੈਦਾ ਹੁੰਦੇ ਹਨ। ਹਾਲਾਂਕਿ, ਮੀਟਿੰਗ ਵਿੱਚ ਕਿਸੇ ਖਾਸ ਫੈਸਲੇ ਸਬੰਧੀ ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਇਸ ਪੱਤਰ ਵਿੱਚ ਨਹੀਂ ਕੀਤੀ ਗਈ।

SGPC ਦੀ ਅੰਦਰੂਨੀ ਕਾਰਵਾਈ ’ਤੇ ਵੀ ਚੁੱਕੇ ਸਵਾਲ

ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਭੂਮਿਕਾ ਬਾਰੇ ਵੀ ਸਵਾਲ ਉਠਾਏ ਹਨ। ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਨਾਲ ਜੁੜੇ ਇੱਕ ਮਾਮਲੇ ਦਾ ਹਵਾਲਾ ਦਿੰਦਿਆਂ ਕੁਝ ਵਿੱਤੀ ਕਾਰਵਾਈਆਂ ਬਾਰੇ ਸਵਾਲ ਕੀਤੇ ਹਨ।

ਹਾਲ ਹੀ ਵਿੱਚ ‘ਆਪ’ ਆਗੂ ਬਲਤੇਜ ਪੰਨੂ ਵੱਲੋਂ ਵੀ ਇਸ ਮਾਮਲੇ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਸੰਗਤ ਦੇ ਪੈਸੇ ਦੀ ਵਰਤੋਂ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਸੀ। ਪੰਨੂ ਨੇ ਦਾਅਵਾ ਕੀਤਾ ਸੀ ਕਿ ਜੁਲਾਈ ਵਿੱਚ ਐਸਜੀਪੀਸੀ ਸਕੱਤਰ ਦੇ ਖਾਤੇ ਵਿੱਚੋਂ ਬਹਿਰੀਨ ਦੀ ਇੱਕ ਔਰਤ ਦੇ ਖਾਤੇ ਵਿੱਚ ਇੱਕ ਲੱਖ ਰੁਪਏ ਟਰਾਂਸਫਰ ਕੀਤੇ ਗਏ।

ਉਨ੍ਹਾਂ ਨੇ ਕਿਹਾ-ਪ੍ਰਧਾਨ, ਹਰਜਿੰਦਰ ਸਿੰਘ ਧਾਮੀ (ਸਿਪਾਹੀ ਸਾਬ) ਜਿੰਨਾਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਉੱਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਸਰਾਂ ਵਿੱਚ ਰਹਿਣ ਵਾਲੀ ਕਥਿਤ ਜਬਰ ਜਿਨਾਹ ਦਾ ਦਾਅਵਾ ਕਰਨ ਵਾਲੀ ਅਕਾਲੀ ਆਗੂਆਂ ਦੇ ਸੱਦੇ ਤੇ ਬਹਿਰੀਨ ਤੋ ਪੰਜਾਬ ਆਈ ਉਕਤ ਬੀਬੀ ਨੂੰ ਇੱਕ ਲੱਖ ਰੁਪਏ ਦਿੱਤੇ ,ਉਸ ਤਰਾਂ ਹੋ ਸਕਦਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਵੀ ਕੁਝ ਜਾਇਜ਼ ਨਜ਼ਾਇਜ ਰਾਸ਼ੀ ਪ੍ਰਵਾਨ ਕੀਤੀ ਹੋਵੇਗੀ ਜਾਂ ਗੁਰੂ ਘਰ ਦੀਆਂ ਜਮੀਨਾਂ ਕੌਡੀਆਂ ਭਾਅ ਵੇਚਣ ਦਾ ਮਤਾ ਪਾਸ ਕੀਤਾ ਹੋਵੇਗਾ ਜਾਂ ਜਿਹੜੇ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੁਹਾਲੀ ਦੀ ਜਮੀਨ ਵੇਚਣ ਦੇ ਦੋਸ਼ਾਂ ਵਿੱਚ ਮੁਅੱਤਲ ਹੋਏ ਦੋਸ਼ੀ ਸਨ ,ਉਨਾਂ ਦੀ ਡਰਦਿਆਂ ਬਹਾਲੀ ਕੀਤੀ ਗਈ ਹੋਵੇਗੀ ਕਿਤੇ ਉਹ ਹੋਰਾਂ ਮੈਂਬਰਾਂ ਦੀ ਹਿੱਸੇਦਾਰੀ ਜ਼ਾਹਰ ਨਾ ਕਰ ਦੇਣ. ਕਿਉਂਕਿ ਵਿਰੋਧੀ ਧਿਰ ਜਿਹੜੀ ਕਿ ਗਲਤ ਕੰਮਾਂ  ਨੂੰ ਰੋਕਣ ਤੇ ਬਾਜ ਅੱਖ ਰੱਖਦੀ ਹੈ। ਤੁਹਾਡੇ ਅੱਜ ਦੇ ਫੈਸਲੇ ਨੇ ਹਰਜਿੰਦਰ ਸਿੰਘ ਧਾਮੀ ਦੀ ਪਿੱਠ ਥਾਪੜਣ ਅਤੇ ਸੰਸਥਾ ਦੀ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾ ਕੇ ਹਰਜਿੰਦਰ ਸਿੰਘ ਧਾਮੀ ਨੂੰ ਸਿੱਧੀ ਸ਼ਹਿ ਦੇਣ ਦਾ ਕੰਮ ਕੀਤਾ ਹੈ  

2 ਦਸੰਬਰ 2024 ਦੇ ਹੁਕਮਨਾਮੇ ਦਾ ਵੀ ਦਿੱਤਾ ਹਵਾਲਾ

ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪੱਤਰ ਵਿੱਚ 2 ਦਸੰਬਰ 2024 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਮੌਜੂਦਾ ਕਾਰਵਾਈ ਦੀ ਇਕਸਾਰਤਾ ’ਤੇ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੁਕਮਨਾਮੇ ਨੂੰ ਮੰਨਣ ਜਾਂ ਨਾ ਮੰਨਣ ਨੂੰ ਲੈ ਕੇ ਵੱਖ-ਵੱਖ ਮਾਪਦੰਡ ਅਪਣਾਏ ਜਾਂਦੇ ਹਨ ਤਾਂ ਇਸ ਨਾਲ ਸਿੱਖ ਸੰਸਥਾਵਾਂ ਦੀ ਮਰਿਆਦਾ ਅਤੇ ਫੈਸਲਿਆਂ ਦੀ ਭਰੋਸੇਯੋਗਤਾ ਬਾਰੇ ਸਵਾਲ ਖੜ੍ਹੇ ਹੁੰਦੇ ਹਨ।

ਉਨ੍ਹਾਂ ਕਾਰਜਕਾਰੀ ਜਥੇਦਾਰ ਨੂੰ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਜਾਂ ਧਿਰ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਕਰਨ ਤੋਂ ਪਹਿਲਾਂ ਗੁਰਸਿੱਖ ਵਿਦਵਾਨਾਂ ਅਤੇ ਮਰਿਆਦਾ ਦੇ ਜਾਣਕਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ, ਪਹਿਲਾਂ ਦੇ ਜਥੇਦਾਰ ਵੀ ਅਜਿਹੇ ਮਾਮਲਿਆਂ ਵਿੱਚ ਰਾਇ-ਮਸ਼ਵਰੇ ਦੀ ਪ੍ਰਕਿਰਿਆ ਨੂੰ ਮਹੱਤਵ ਦਿੰਦੇ ਰਹੇ ਹਨ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਜੁੜੀ ਘਟਨਾ ’ਤੇ ਜਵਾਬ ਮੰਗਿਆ

ਪੱਤਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨਾਲ ਜੁੜੀ ਘਟਨਾ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਘਟਨਾ ਸਬੰਧੀ ਸਿੱਖ ਸੰਗਤ ਵਿੱਚ ਕਈ ਸਵਾਲ ਉੱਠੇ ਸਨ ਅਤੇ ਉਨ੍ਹਾਂ ਸਵਾਲਾਂ ਦੇ ਜਵਾਬ ਜਨਤਕ ਤੌਰ ’ਤੇ ਦਿੱਤੇ ਜਾਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਕਾਰਜਕਾਰੀ ਜਥੇਦਾਰ ਨੂੰ ਇਸ ਘਟਨਾ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ ਤਾਂ ਉਹ ਜਨਤਕ ਤੌਰ ’ਤੇ ਇਸ ਬਾਰੇ ਸਪਸ਼ਟੀਕਰਨ ਦੇਣ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਜੇਕਰ ਘਟਨਾ ਬਾਰੇ ਜਾਣਕਾਰੀ ਸੀ ਤਾਂ ਤਖ਼ਤ ਸਾਹਿਬ ਵੱਲੋਂ ਕੀਤੀ ਗਈ ਕਾਰਵਾਈ ਅਤੇ ਇਸ ਦੀ ਸਮਾਂ-ਸੀਮਾ ਬਾਰੇ ਸੰਗਤ ਨੂੰ ਜਾਣੂ ਕਿਉਂ ਨਹੀਂ ਕਰਵਾਇਆ ਗਿਆ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਪੰਥਕ ਸੰਸਥਾਵਾਂ ਦੇ ਮੁੱਖ ਆਗੂਆਂ ਨਾਲ ਜੁੜੇ ਮਾਮਲਿਆਂ ਵਿੱਚ ਸਵਾਲ ਉੱਠਦੇ ਹਨ ਤਾਂ ਉਨ੍ਹਾਂ ਦਾ ਜਵਾਬ ਪਾਰਦਰਸ਼ੀ ਢੰਗ ਨਾਲ ਦੇਣਾ ਜ਼ਰੂਰੀ ਹੁੰਦਾ ਹੈ।

ਵਿਰਸਾ ਸਿੰਘ ਵਲਟੋਹਾ ਮਾਮਲੇ ਦਾ ਵੀ ਕੀਤਾ ਜ਼ਿਕਰ

ਆਪਣੇ ਪੱਤਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ ਨਾਲ ਸਬੰਧਤ ਪੁਰਾਣੇ ਮਾਮਲੇ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਖਿਮਾ ਜਾਚਨਾ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ ’ਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਂਦੀਆਂ ਹਨ ਤਾਂ ਇਹ ਜਥੇਦਾਰ ਦੇ ਅਧਿਕਾਰ ਖੇਤਰ ਦਾ ਹਿੱਸਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਆਪਣੇ ਨਾਲ ਕਥਿਤ ਤੌਰ ’ਤੇ ਹੋਈ ਕਿਰਦਾਰਕੁਸ਼ੀ ਅਤੇ ਮਾਣ-ਸਨਮਾਨ ਨੂੰ ਪਹੁੰਚੇ ਨੁਕਸਾਨ ਦਾ ਮੁੱਦਾ ਚੁੱਕਦਿਆਂ ਪੁੱਛਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਇਨਸਾਫ਼ ਕਦੋਂ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ-ਸਨਮਾਨ ਨੂੰ ਧਿਆਨ ਵਿੱਚ ਰੱਖਦਿਆਂ ਦੁਨਿਆਵੀ ਅਦਾਲਤ ਦਾ ਰੁਖ ਨਹੀਂ ਕੀਤਾ।

ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਕਥਿਤ ਕਿਰਦਾਰਕੁਸ਼ੀ ਜਾਣਬੁੱਝ ਕੇ ਕੀਤੀ ਜਾਂ ਕਰਵਾਈ ਗਈ ਸੀ। ਹਾਲਾਂਕਿ, ਇਸ ਦਾਅਵੇ ਦੀ ਪੁਸ਼ਟੀ ਲਈ ਉਨ੍ਹਾਂ ਵੱਲੋਂ ਪੱਤਰ ਵਿੱਚ ਕੋਈ ਸੁਤੰਤਰ ਜਾਂਚ ਰਿਪੋਰਟ ਪੇਸ਼ ਨਹੀਂ ਕੀਤੀ ਗਈ।

‘ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਮੁੱਖ ਰੱਖ ਕੇ ਫੈਸਲੇ ਹੋਣ’

ਪੱਤਰ ਦੇ ਅਖੀਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਵੀ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੇਵਾਦਾਰ ਜਥੇਦਾਰ ਹੋ ਸਕਦਾ ਹੈ, ਪਰ ਉਹ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਲਈ ਜਥੇਦਾਰ ਵੱਲੋਂ ਫੈਸਲਾ ਕਰਦੇ ਸਮੇਂ ਕਿਸੇ ਵਿਅਕਤੀ ਜਾਂ ਸੰਸਥਾ ਵਿਸ਼ੇਸ਼ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਪੰਥਕ ਹਿੱਤ ਨੂੰ ਕੇਂਦਰ ਵਿੱਚ ਰੱਖਣਾ ਚਾਹੀਦਾ ਹੈ।

ਉਨ੍ਹਾਂ ਨੇ ਕਾਰਜਕਾਰੀ ਜਥੇਦਾਰ ਨੂੰ ਅਪੀਲ ਕੀਤੀ ਕਿ ਮੌਜੂਦਾ ਮਾਮਲੇ ਵਿੱਚ ਪੰਥ ਦੇ ਸਵਾਲਾਂ ਦਾ ਜਨਤਕ ਤੌਰ ’ਤੇ ਜਵਾਬ ਦਿੱਤਾ ਜਾਵੇ ਅਤੇ ਸਬੰਧਤ ਧਿਰਾਂ ਦਾ ਪੱਖ ਸੁਣ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇ।

ਆਪਣੇ ਪੱਤਰ ਦੇ ਅੰਤ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ “ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾ ਸਮਰਪਿਤ” ਅਤੇ “ਪੰਥ ਦਾ ਨਿਮਾਣਾ ਦਾਸ” ਦੱਸਦਿਆਂ ਕਿਹਾ ਕਿ ਉਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅੱਗੇ ਅਰਦਾਸ ਕਰਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ-ਸਤਿਕਾਰ ਨੂੰ ਬਰਕਰਾਰ ਰੱਖਣ ਅਤੇ ਨਿਆਂ ਕਰਨ ਦੀ ਸਮਰੱਥਾ ਬਖਸ਼ੀ ਜਾਵੇ।

Related Post

ਪੰਜਾਬ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ: ਤਿੰਨ PPS ਅਧਿਕਾਰੀਆਂ ਦੇ ਤਬਾਦਲੇ, ਨੋਟੀਫਿਕੇਸ਼ਨ ਜਾਰੀ; ਜਾਣੋ ਕਿਸ ਨੂੰ ਕਿੱਥੇ ਕੀਤਾ ਤਾਇਨਾਤ
Raja Warring: ਰਾਜਾ ਵੜਿੰਗ ਵੱਲੋਂ ਸੋਸ਼ਲ ਮੀਡੀਆ ‘ਤੇ ਕਰਤਾ ਵੱਡਾ ਐਲਾਨ! ਪ੍ਰਧਾਨਗੀ ਤੋਂ ਅਸਤੀਫੇ ਵਾਲੀ ਖਬਰ 'ਤੇ ਲੱਗੀ ਮੋਹਰ, ਹੁਣ ਕੌਣ ਹੋਏਗਾ ਨਵਾਂ ਪ੍ਰਧਾਨ?
EVM ਦੀ ਥਾਂ ਬੈਲੇਟ ਪੇਪਰ ਨਾਲ ਚੋਣਾਂ ਦੀ ਮੰਗ ਵਾਜਬ, 'ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ' ਦੀ ਰਜਿਸਟ੍ਰੇਸ਼ਨ ਰੱਦ ਕਰਨਾ ਲੋਕਤੰਤਰ ਦਾ ਘਾਣ: ਕਰਨੈਲ ਸਿੰਘ ਪੀਰ ਮੁਹੰਮਦ
ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ਬਰ, ਅੱਜ ਮੁੜ ਖਾਤਿਆਂ ‘ਚ ਹੋਏਗੀ ਪੈਸਿਆਂ ਦੀ ਟੂੰ-ਟੂੰ; ਤਰਨਤਾਰਨ ‘ਚ CM ਮਾਨ ਜਾਰੀ ਕਰਨਗੇ ਅਗਲੀ ਕਿਸ਼ਤ
ਪੰਜਾਬ-ਚੰਡੀਗੜ੍ਹ ‘ਚ ਪੂਰਾ ਹਫ਼ਤਾ ਰਹੇਗਾ ਖੁਸ਼ਕ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ; ਦਿਨ ਗਰਮ ਤੇ ਰਾਤਾਂ ਹੋਣਗੀਆਂ ਠੰਢੀਆਂ
ਗੁਰਭੇਜ ਸਿੰਘ ਬਰਾੜ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਦਾ ਅਹੁਦਾ, ਵਿਧਾਇਕ ਅਮੋਲਕ ਸਿੰਘ ਸਮੇਤ ਆਗੂਆਂ ਨੇ ਦਿੱਤੀਆਂ ਵਧਾਈਆਂ

© Copyright Galactic Television & Communications Pvt. Ltd. 2026. All rights reserved.