ਪੰਜਾਬ-ਚੰਡੀਗੜ੍ਹ 'ਚ ਪੈਟਰੋਲ-ਡੀਜ਼ਲ ਮੁੜ ਮਹਿੰਗਾ: 10 ਦਿਨਾਂ 'ਚ ਚੌਥਾ ਝਟਕਾ, ਚੰਡੀਗੜ੍ਹ 'ਚ ਪੈਟਰੋਲ 100 ਰੁਪਏ ਤੋਂ ਪਾਰ

By:  Lajwinder Kaur May 25th 2026 10:21 AM -- Updated: May 25th 2026 10:48 AM

ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋਣ ਵਾਲਾ ਵਾਧਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜੀ ਹਾਂ ਅੱਜ ਫਿਰ ਤੇਲ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਹੋਇਆ, ਜਿਸ ਨੇ ਆਮ ਜਨਤਾ ਦੇ ਬਜਟ ਨੂੰ ਹਿਲਾ ਕੇ ਰੱਖ ਦਿਤਾ ਹੈ। ਇਹ ਝਟਕਾ ਮਹਿੰਗਾਈ ਦਾ ਵਾਧੂ ਬੋਝ ਹੈ। 25 ਮਈ, 2026 ਨੂੰ ਸਵੇਰੇ 6 ਵਜੇ ਤੋਂ ਦਿੱਲੀ ਵਿੱਚ ਪੈਟਰੋਲ 2 ਰੁਪਏ 61 ਪੈਸੇ ਮਹਿੰਗਾ ਹੋ ਕੇ 102 ਰੁਪਏ 12 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ, ਜਦੋਂ ਕਿ ਡੀਜ਼ਲ 2 ਰੁਪਏ 71 ਪੈਸੇ ਦੀ ਵਾਧੇ ਨਾਲ 95 ਰੁਪਏ 20 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।

ਇੱਕ ਮਹੀਨੇ ‘ਚ ਲਗਾਤਾਰ ਚੌਥੀ ਵਾਰੀ ਵਧੀਆਂ ਕੀਮਤਾਂ

ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ 10 ਦਿਨਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਚੌਥਾ ਵਾਧਾ ਮੰਨਿਆ ਜਾ ਰਿਹਾ ਹੈ। 15 ਮਈ ਨੂੰ ਕਰੀਬ 3 ਰੁਪਏ, ਫਿਰ 19 ਮਈ ਨੂੰ ਲਗਭਗ 90 ਪੈਸੇ, 23 ਮਈ ਨੂੰ ਫਿਰ ਕਰੀਬ 90 ਪੈਸੇ ਅਤੇ ਹੁਣ 25 ਮਈ ਨੂੰ ਇੱਕ ਵਾਰ ਫਿਰ ਵੱਡਾ ਵਾਧਾ ਕੀਤਾ ਗਿਆ ਹੈ। ਕੁੱਲ ਮਿਲਾ ਕੇ ਪਿਛਲੇ 10 ਦਿਨਾਂ ਵਿੱਚ ਪੈਟਰੋਲ 7 ਰੁਪਏ 35 ਪੈਸੇ ਅਤੇ ਡੀਜ਼ਲ 7 ਰੁਪਏ 53 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ।

ਪੰਜਾਬ ਅਤੇ ਚੰਡੀਗੜ੍ਹ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ

ਪੰਜਾਬ ਅਤੇ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਚੰਡੀਗੜ੍ਹ ਵਿੱਚ ਪਹਿਲੀ ਵਾਰ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਪਾਰ ਚਲਾ ਗਿਆ ਹੈ। ਇੱਥੇ 2.5 ਰੁਪਏ ਵਧਣ ਤੋਂ ਬਾਅਦ ਪੈਟਰੋਲ ਹੁਣ 101.53 ਰੁਪਏ ਪ੍ਰਤੀ ਲੀਟਰ ਅਤੇ 2.53 ਰੁਪਏ ਵਧਣ ਤੋਂ ਬਾਅਦ ਡੀਜ਼ਲ 89.63 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੂਜੇ ਪਾਸੇ, ਪੰਜਾਬ ਵਿੱਚ ਪੈਟਰੋਲ ਹੁਣ 105.44 ਰੁਪਏ ਅਤੇ ਡੀਜ਼ਲ 95.38 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਮੋਹਾਲੀ ਵਿੱਚ ਪੈਟਰੋਲ ਸਭ ਤੋਂ ਮਹਿੰਗਾ

ਮੋਹਾਲੀ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਜ਼ਿਆਦਾ 105.99 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 15 ਮਈ, 19 ਮਈ ਅਤੇ 23 ਮਈ ਨੂੰ ਵੀ ਕੀਮਤਾਂ ਵਧਾਈਆਂ ਗਈਆਂ ਸਨ। ਪਿਛਲੇ 10 ਦਿਨਾਂ ਵਿੱਚ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਕੁੱਲ 7.25 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੁੱਲ 7.55 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਟ੍ਰਾਂਸਪੋਰਟ ਸੈਕਟਰ 'ਤੇ ਸਿੱਧਾ ਅਸਰ

ਪੈਟਰੋਲ-ਡੀਜ਼ਲ ਮਹਿੰਗਾ ਹੋਣ ਦਾ ਸਿੱਧਾ ਅਸਰ ਟ੍ਰਾਂਸਪੋਰਟ ਸੈਕਟਰ 'ਤੇ ਪੈਂਦਾ ਹੈ। ਫਿਊਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਟੈਕਸੀ, ਆਟੋ ਅਤੇ ਮਾਲ ਢੋਆ-ਢੁਆਈ ਦੇ ਕਿਰਾਏ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸਬਜ਼ੀਆਂ, ਰਾਸ਼ਨ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਦਾਮ ਵੀ ਵਧ ਸਕਦੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੇ ਤੇਲ ਦੇ ਰੇਟਾਂ ਕਾਰਨ ਮਾਲ ਢੋਣ ਦੀ ਲਾਗਤ ਵਧ ਰਹੀ ਹੈ, ਜਿਸ ਕਰਕੇ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ।

ਜੇਕਰ ਸਥਾਨਕ (ਲੋਕਲ) ਪੱਧਰ 'ਤੇ ਵੀ ਟ੍ਰਾਂਸਪੋਰਟੇਸ਼ਨ ਖਰਚੇ ਵਧਦੇ ਹਨ, ਤਾਂ ਕੀਮਤਾਂ ਹੋਰ ਵੀ ਜ਼ਿਆਦਾ ਉੱਪਰ ਜਾਣਗੀਆਂ। ਇਸ ਨਾਲ ਲੋਕਾਂ ਦੀ ਰਸੋਈ ਦਾ ਬਜਟ 10% ਤੋਂ 15% ਤੱਕ ਵਧ ਸਕਦਾ ਹੈ।

ਦੁੱਧ ਦੀਆਂ ਕੀਮਤਾਂ ਵਿੱਚ ਤਾਂ ਹਾਲ ਹੀ ਵਿੱਚ 2 ਰੁਪਏ ਦਾ ਵਾਧਾ ਹੋ ਚੁੱਕਾ ਹੈ। ਜੇਕਰ ਕੋਈ ਪਰਿਵਾਰ ਪੂਰੀ ਰਸੋਈ ਅਤੇ ਹੋਰ ਲੋੜੀਂਦਾ ਸਾਮਾਨ 10 ਤੋਂ 12 ਹਜ਼ਾਰ ਰੁਪਏ ਦਾ ਖਰੀਦਦਾ ਹੈ, ਤਾਂ ਉਹ ਖਰਚਾ ਵਧ ਕੇ 11 ਤੋਂ 13 ਹਜ਼ਾਰ ਰੁਪਏ ਤੱਕ ਹੋ ਸਕਦਾ ਹੈ।

© Copyright Galactic Television & Communications Pvt. Ltd. 2026. All rights reserved.