CM ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵਿਚਾਲੇ ਤਿੱਖੀ ਨੋਕ-ਝੋਕ: ਬੇਅਦਬੀ ਮਾਮਲੇ 'ਤੇ ਸਦਨ 'ਚ ਗਰਮਾਇਆ ਮਾਹੌਲ

By:  Lajwinder Kaur April 13th 2026 12:34 PM -- Updated: April 13th 2026 12:56 PM

Punjab Assembly Special Session: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਦੌਰਾਨ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋ ਗਈ। ਮੁੱਖ ਮੰਤਰੀ ਵੱਲੋਂ ਸਦਨ ਵਿੱਚ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ-2026' ਪੇਸ਼ ਕੀਤੇ ਜਾਣ ਤੋਂ ਬਾਅਦ, ਤਿੰਨਾਂ ਤਖ਼ਤਾਂ ਵਾਲੀਆਂ ਸੀਟਾਂ ਦੇ ਵਿਧਾਇਕਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ।

ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਇਸ ਬਿੱਲ ਦਾ ਪੂਰਾ ਸਮਰਥਨ ਕਰਦੇ ਹਨ, ਪਰ ਉਨ੍ਹਾਂ ਨੇ ਸਰਕਾਰ ਅੱਗੇ ਇੱਕ ਮੰਗ ਵੀ ਰੱਖੀ। ਬਾਜਵਾ ਨੇ ਗੁਜ਼ਾਰਿਸ਼ ਕੀਤੀ ਕਿ ਬੇਅਦਬੀ ਮਾਮਲੇ 'ਤੇ ਬਣੀ ਕਮੇਟੀ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਸੀ, ਇਸ ਲਈ ਉਸ ਕਮੇਟੀ ਦੀ ਰਿਪੋਰਟ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਸਦਨ ਵਿੱਚ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਮੁੱਦੇ ਨੂੰ ਲੈ ਕੇ ਸਦਨ ਵਿੱਚ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਕਾਫੀ ਨੋਕ-ਝੋਕ ਦੇਖਣ ਨੂੰ ਮਿਲੀ।

ਬਾਜਵਾ ਨੇ ਘੇਰੀ ਸੂਬਾ ਸਰਕਾਰ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਵਿੱਚ ਸਪੱਸ਼ਟ ਕੀਤਾ ਕਿ ਕਮੇਟੀ ਆਪਣੀ ਰਿਪੋਰਟ ਜਲਦੀ ਪੇਸ਼ ਕਰ ਦੇਵੇਗੀ ਅਤੇ ਨਕੋਦਰ ਕਾਂਡ ਦੀ ਜਾਂਚ ਵੀ ਇਸੇ ਕਮੇਟੀ ਵੱਲੋਂ ਕੀਤੀ ਜਾਵੇਗੀ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਦੇ ਅਧਾਰ 'ਤੇ 48 ਘੰਟਿਆਂ ਵਿੱਚ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ, ਪਰ ਅਜੇ ਤੱਕ ਕੁਝ ਨਹੀਂ ਹੋਇਆ।

ਸਪੀਕਰ ਸੰਧਵਾਂ ਨੇ ਆਪ ਸਰਕਾਰ ਵੱਲੋਂ ਕੀਤੇ ਐਕਸ਼ਨਾਂ ਦੀ ਦਿੱਤੀ ਜਾਣਕਾਰੀ

ਬਾਜਵਾ ਨੇ ਜਦੋਂ ਇਸ ਮਾਮਲੇ ਵਿੱਚ ਸਪੀਕਰ ਦੇ ਹਲਕੇ ਦਾ ਜ਼ਿਕਰ ਕੀਤਾ, ਤਾਂ ਸਪੀਕਰ ਨੇ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੀ ਜਾਣਕਾਰੀ ਸਹੀ ਨਹੀਂ ਹੈ। ਸਪੀਕਰ ਨੇ ਪਿਛਲੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਸਮੇਂ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਸੀ ਜਿਸ ਕਾਰਨ ਮੁਲਜ਼ਮਾਂ ਨੂੰ ਜ਼ਮਾਨਤ ਮਿਲੀ, ਪਰ ਮੌਜੂਦਾ ਸਰਕਾਰ ਨੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਵਿਸ਼ੇਸ਼ ਸੈਸ਼ਨ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਲਈ ਹੀ ਬੁਲਾਇਆ ਗਿਆ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਦੀ ਨੀਅਤ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਸ ਸਮੇਂ ਦੇ ਪੰਜ ਕੇਸ ਸ਼ਹਿਰ ਤੋਂ ਬਾਹਰ ਚਲੇ ਗਏ, ਪਰ ਸਰਕਾਰ ਨੇ ਇਸ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਪਾਰਟੀ ਦਾ 'ਪੋਸਟਰ ਬੁਆਏ' ਸੀ, ਅੱਜ ਪਾਰਟੀ ਤੋਂ ਬਾਹਰ ਹੈ। ਬਾਜਵਾ ਨੇ ਮੁੱਖ ਮੰਤਰੀ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਮਾਨ ਸਾਹਿਬ, ਦਿਲ ਵੱਡਾ ਕਰਕੇ ਉਨ੍ਹਾਂ ਪੁਲਿਸ ਅਫ਼ਸਰਾਂ 'ਤੇ ਕਾਰਵਾਈ ਕਰੋ ਜਿਨ੍ਹਾਂ ਨੇ ਗਲਤੀ ਕੀਤੀ ਹੈ।"

ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਤੁਹਾਡਾ ਖ਼ਜ਼ਾਨਾ ਮੰਤਰੀ ਅਤੇ ਮੁੱਖ ਮੰਤਰੀ ਖ਼ੁਦ ਪਾਰਟੀ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਕਿਸ ਨੂੰ ਮੰਤਰੀ ਬਣਾਉਣਾ ਹੈ ਜਾਂ ਨਹੀਂ, ਇਹ ਸਾਡਾ ਫ਼ੈਸਲਾ ਹੈ। ਸੀ.ਐਮ. ਨੇ ਬਾਜਵਾ 'ਤੇ ਨਿੱਜੀ ਹਮਲਾ ਕਰਦਿਆਂ ਕਿਹਾ ਕਿ ਤੁਹਾਡੇ ਤੋਂ ਚਾਰ ਸਾਲ ਬਾਅਦ ਪ੍ਰਧਾਨਗੀ ਖੋਹ ਲਈ ਗਈ ਹੈ, ਘੱਟੋ-ਘੱਟ ਅੱਜ ਦੇ ਪਵਿੱਤਰ ਮੌਕੇ 'ਤੇ ਤਾਂ ਕੋਈ ਸ਼ਰਮ ਰੱਖਣੀ ਚਾਹੀਦੀ ਹੈ। ਇਸ 'ਤੇ ਬਾਜਵਾ ਨੇ ਫਿਰ ਜਵਾਬ ਦਿੱਤਾ ਕਿ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਹਨ ਅਤੇ ਸੀ.ਐਮ. ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਦੇ ਕਿੰਨੇ ਅਫ਼ਸਰਾਂ 'ਤੇ ਕੇਸ ਦਰਜ ਹੋਏ ਅਤੇ ਉਨ੍ਹਾਂ ਵਿਰੁੱਧ ਹੁਣ ਤੱਕ ਕੀ ਕਾਰਵਾਈ ਕੀਤੀ ਗਈ।

ਪ੍ਰਤਾਪ ਸਿੰਘ ਬਾਜਵਾ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅਸੀਂ ਪੰਜਵੀਂ ਵਾਰ ਇਹ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸ ਵਾਰ ਅਸੀਂ ਕਾਨੂੰਨੀ ਮਾਹਿਰਾਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਸ ਬਿੱਲ ਦੀ ਹਾਲਤ ਵੀ ਪਹਿਲਾਂ ਵਰਗੀ ਹੋਵੇ, ਜਿੱਥੇ ਕਾਨੂੰਨ ਬਣਨ ਦੇ ਬਾਵਜੂਦ ਕੋਈ ਸਾਰਥਕ ਨਤੀਜਾ ਨਾ ਨਿਕਲਿਆ ਹੋਵੇ।

ਬਾਜਵਾ ਨੇ ਅੱਗੇ ਕਿਹਾ ਕਿ ਉਹ ਇਸ ਬਿੱਲ ਦਾ ਪੂਰਾ ਸਮਰਥਨ ਕਰਦੇ ਹਨ ਕਿਉਂਕਿ ਉਹ ਹਮੇਸ਼ਾ ਲੋਕਾਂ ਦੇ ਵਿਚਕਾਰ ਰਹੇ ਹਨ ਅਤੇ ਜਨਤਾ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੱਤਾ ਪੱਖ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੇ, ਤਾਂ ਤੁਹਾਨੂੰ ਅਗਲੇ 25 ਸਾਲ ਤੱਕ ਰਾਜ (ਸੱਤਾ) ਨਹੀਂ ਮਿਲਣਾ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਰੋਧੀ ਧਿਰ ਇਨਸਾਫ਼ ਦੇ ਮੁੱਦੇ 'ਤੇ ਸਰਕਾਰ ਦੇ ਨਾਲ ਹੈ, ਪਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦੀ ਰਹੇਗੀ।


Related Post

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! ਸਰਕਾਰੀ ਦਫ਼ਤਰਾਂ ‘ਚ ਗ਼ੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਦੀ ਮੰਗ ਲਈ ਰਿਪੋਰਟ, ਹੋਏਗੀ ਸਖ਼ਤ ਕਾਰਵਾਈ
SC ਕਮਿਸ਼ਨ ਦੇ ਚੇਅਰਮੈਨ ਨੂੰ ‘ਆਪ’ ਵੱਲੋਂ ਵੱਡੀ ਜ਼ਿੰਮੇਵਾਰੀ: ਚਮਕੌਰ ਸਾਹਿਬ ਤੋਂ ਬਣਾਇਆ ਹਲਕਾ ਇੰਚਾਰਜ
CM ਮਾਨ ਦੀ ਹੜਤਾਲੀ ਮੁਲਾਜ਼ਮਾਂ ਨੂੰ ਦੋ-ਟੁੱਕ; ਬੋਲੇ-‘ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖ਼ਤਮ ਕੀਤੀ ਜਾਵੇਗੀ…’
ਪੰਜਾਬ ‘ਚ ਅੱਜ ਸਰਕਾਰੀ ਮੁਲਾਜ਼ਮਾਂ ਦੀ ਮਹਾ-ਹੜਤਾਲ: ਦਫ਼ਤਰ, ਸਕੂਲ ਤੇ ਹਸਪਤਾਲਾਂ ਦੀ OPD ਬੰਦ, CM ਦੁਪਹਿਰ 1 ਵਜੇ ਜਲੰਧਰ 'ਚ ਕਰਨਗੇ ਮੀਟਿੰਗ
ਪੰਜਾਬ ਦੇ 5 ਜ਼ਿਲ੍ਹਿਆਂ ‘ਚ ਅੱਜ ਮੀਂਹ ਦੇ ਆਸਾਰ, ਚੰਡੀਗੜ੍ਹ ਹੋਏਗੀ ਕਿਣ-ਮਿਣ, ਕਈ ਜ਼ਿਲ੍ਹਿਆਂ ‘ਚ ਗਰਮੀ ਅਤੇ ਹੁੰਮਸ ਨੇ ਵਧਾਈ ਪ੍ਰੇਸ਼ਾਨੀ
27 ਅਗਸਤ ਨੂੰ ਪੰਜਾਬ 'ਚ ਮਹਾ ਹੜਤਾਲ: ਸਰਕਾਰੀ ਦਫ਼ਤਰ, ਸਕੂਲ-ਕਾਲਜ ਸਣੇ ਜਾਣੋ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ!

© Copyright Galactic Television & Communications Pvt. Ltd. 2026. All rights reserved.