ਜਥੇਦਾਰ ਦੇ ਫ਼ਰਮਾਨ 'ਤੇ CM ਮਾਨ ਦਾ ਜਵਾਬ: "ਇਹ ਮੈਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼…ਵੀਡੀਓ ਨੂੰ ਸਿਰੇ ਤੋਂ ਨਕਾਰਦਾ ਹਾਂ"

By:  Lajwinder Kaur June 16th 2026 12:25 PM -- Updated: June 16th 2026 01:07 PM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਵੀਡੀਓ ਦੇ ਸਬੰਧ ਵਿੱਚ ਮੇਰੇ ਖ਼ਿਲਾਫ਼ ਕੁਝ ਹੁਕਮਨਾਮੇ ਜਾਰੀ ਕੀਤੇ ਗਏ ਹਨ। 

ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਅਤੇ ਗੁਰੂ ਵਿਰੋਧੀ ਕਰਾਰ ਦਿੱਤਾ ਗਿਆ ਸੀ। ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਹ ਫੈਸਲਾ ਭਗਵੰਤ ਮਾਨ ਦੀ ਇੱਕ ਕਥਿਤ ਵਾਇਰਲ ਵੀਡੀਓ ਦੀ ਜਾਂਚ ਕਰਵਾਉਣ ਤੋਂ ਬਾਅਦ ਸੁਣਾਇਆ ਹੈ।

"ਵੀਡੀਓ ਵਿੱਚ ਦਿਸ ਰਿਹਾ ਸ਼ਖਸ ਮੈਂ ਨਹੀਂ"- CM ਮਾਨ

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਮੈਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ, ਉਦੋਂ ਵੀ ਮੈਂ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਉਸ ਵੀਡੀਓ ਵਿੱਚ ਮੈਂ ਨਹੀਂ ਹਾਂ। ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦਾ ਕੱਦ-ਕਾਠ ਅਤੇ ਸਰੀਰਕ ਬਣਤਰ ਮੇਰੇ ਨਾਲ ਮੇਲ ਨਹੀਂ ਖਾਂਦੀ। 

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਵਿਅਕਤੀ ਉਹ ਨਹੀਂ ਹਨ ਅਤੇ ਇਸ ਨੂੰ ਉਨ੍ਹਾਂ ਨੂੰ ਬਦਨਾਮ ਕਰਨ ਲਈ ਇੱਕ ਸਾਜ਼ਿਸ਼ ਵਜੋਂ ਵਰਤਿਆ ਜਾ ਰਿਹਾ ਹੈ।

"ਮੇਰੇ ਨਾਲ ਨਹੀਂ ਮਿਲਦੀ ਸਰੀਰਕ ਬਣਤਰ"

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ, ਉਦੋਂ ਵੀ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਉਸ ਵੀਡੀਓ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਸ਼ਖਸ ਦਾ ਨਾ ਤਾਂ ਕੱਦ-ਕਾਠ ਉਨ੍ਹਾਂ ਨਾਲ ਮਿਲਦਾ ਹੈ ਅਤੇ ਨਾ ਹੀ ਸਰੀਰਕ ਬਣਤਰ। ਉਨ੍ਹਾਂ ਇਸ ਨੂੰ ਵਿਰੋਧੀਆਂ ਦੀ ਇੱਕ 'ਕੋਝੀ ਚਾਲ' ਕਰਾਰ ਦਿੰਦਿਆਂ ਕਿਹਾ ਕਿ ਇਹ ਸਭ ਸਿਆਸੀ ਆਕਾਵਾਂ ਦੀ ਸ਼ਹਿ 'ਤੇ ਕੀਤਾ ਜਾ ਰਿਹਾ ਹੈ।

"ਜਦੋਂ ਕਾਨੂੰਨ ਬਣਾ ਦਿੱਤਾ, ਤਾਂ ਹੁਣ ਮੰਨ ਕਿਉਂ ਨਹੀਂ ਰਹੇ?"

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਹੁਕਮਨਾਮਿਆਂ 'ਤੇ ਬੋਲਦਿਆਂ ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਲੋਕ ਮੰਗ ਕਰਦੇ ਸਨ ਕਿ ਸਰਕਾਰ ਕਾਨੂੰਨ ਕਿਉਂ ਨਹੀਂ ਬਣਾ ਰਹੀ, ਪਰ ਹੁਣ ਜਦੋਂ ਉਨ੍ਹਾਂ ਦੀ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਹੈ, ਤਾਂ ਕੁਝ ਲੋਕ ਇਸ ਨੂੰ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵੀਡੀਓ ਨਾ ਤਾਂ ਉਨ੍ਹਾਂ ਦੀ ਹੈ ਅਤੇ ਨਾ ਹੀ ਇਸ ਨੂੰ ਏ.ਆਈ. (AI) ਤਕਨੀਕ ਰਾਹੀਂ ਬਣਾਇਆ ਗਿਆ ਹੈ।

"ਮੈਨੂੰ ਬਦਨਾਮ ਕਰਨ ਲਈ ਫੈਲਾਇਆ ਜਾ ਰਿਹਾ ਹੈ ਝੂਠਾ ਪ੍ਰਚਾਰ: ਸੀਐਮ ਮਾਨ"

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਇਹ ਦੇਖ ਕੇ ਹੈਰਾਨ ਹਨ ਕਿ ਧਾਰਮਿਕ ਅਹੁਦਿਆਂ 'ਤੇ ਬੈਠੇ ਕੁਝ ਲੋਕ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ 'ਤੇ ਉਨ੍ਹਾਂ ਵਿਰੁੱਧ ਝੂਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਰਾਖੀ, ਗੁਰੂ ਸਾਹਿਬ ਦੀ ਬਾਣੀ ਦੇ ਸਤਿਕਾਰ ਅਤੇ ਕਿਸਾਨਾਂ-ਜਵਾਨੀ ਦੀ ਭਲਾਈ ਲਈ ਲਏ ਜਾ ਰਹੇ ਸਖ਼ਤ ਫੈਸਲਿਆਂ ਕਾਰਨ ਵਿਰੋਧੀ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੋਝੇ ਹਥਕੰਡੇ ਅਪਣਾ ਰਹੇ ਹਨ।

ਸ੍ਰੀ ਅਕਾਲ ਤਖ਼ਤ ਮੇਰੇ ਲਈ ਸਰਵਉੱਚ-ਸੀਐਮ ਮਾਨ

ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਸ਼ਰਧਾ ਜ਼ਾਹਰ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਇਹ ਸਥਾਨ ਉਨ੍ਹਾਂ ਲਈ ਸਰਵਉੱਚ ਹੈ ਅਤੇ ਉਹ ਹਮੇਸ਼ਾ ਉੱਥੇ ਨਤਮਸਤਕ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ, ਪਰ ਉੱਥੇ ਹੋ ਰਹੀਆਂ ਸਿਆਸੀ ਨਿਯੁਕਤੀਆਂ ਅਤੇ ਫੈਸਲਿਆਂ ਬਾਰੇ ਸੰਗਤ ਸਭ ਜਾਣਦੀ ਹੈ। ਅੰਤ ਵਿੱਚ, ਉਨ੍ਹਾਂ ਵਾਇਰਲ ਹੋ ਰਹੀ ਵੀਡੀਓ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਦਿਨ-ਰਾਤ ਪੰਜਾਬ ਦੀ ਸੇਵਾ ਵਿੱਚ ਸਮਰਪਿਤ ਹਨ ਅਤੇ ਅਜਿਹੀਆਂ ਸਾਜ਼ਿਸ਼ਾਂ ਉਨ੍ਹਾਂ ਦਾ ਮਨੋਬਲ ਨਹੀਂ ਡੇਗ ਸਕਦੀਆਂ।

© Copyright Galactic Television & Communications Pvt. Ltd. 2026. All rights reserved.