ਚੰਡੀਗੜ੍ਹ 'ਚ ਪੈਟਰੋਲ-ਡੀਜ਼ਲ ਦੀ ਲਿਮਟ ਵਾਲਾ ਪੋਸਟਰ ਹਟਾਇਆ; 'GTC ਨਿਊਜ਼' ਦੀ ਖ਼ਬਰ ਦਾ ਵੱਡਾ ਅਸਰ, ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ

By:  Lajwinder Kaur May 18th 2026 01:01 PM -- Updated: May 18th 2026 03:15 PM

ਮਿਡਲ ਈਸਟ (ਮੱਧ ਪੂਰਬ) ਵਿੱਚ ਚੱਲ ਰਹੀ ਜੰਗ ਕਾਰਨ ਪੂਰੀ ਦੁਨੀਆ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਦਾ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸੰਭਾਵਿਤ ਆਰਥਿਕ ਸੰਕਟ ਦੇ ਸੰਕੇਤ ਦਿੱਤੇ ਗਏ ਹਨ। ਇਸੇ ਦੌਰਾਨ, ਚੰਡੀਗੜ੍ਹ ਦੇ ਇੱਕ ਪੈਟਰੋਲ ਪੰਪ 'ਤੇ ਤੇਲ ਦੇਣ ਦੀ ਸੀਮਾ ਤੈਅ ਕਰਨ ਵਾਲਾ ਇੱਕ ਪੋਸਟਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਨੇ ਸ਼ਹਿਰ ਨਿਵਾਸੀਆਂ ਵਿੱਚ ਹਲਚਲ ਮਚਾ ਦਿੱਤੀ।

ਕੀ ਸੀ ਵਾਇਰਲ ਪੋਸਟਰ ਵਿੱਚ?

ਵਾਇਰਲ ਹੋਈਆਂ ਰਿਪੋਰਟਾਂ ਮੁਤਾਬਕ, ਵਾਹਨਾਂ ਵਿੱਚ ਪੈਟਰੋਲ-ਡੀਜ਼ਲ ਪਵਾਉਣ ਦੀ ਇੱਕ ਹੱਦ (ਲਿਮਟ) ਤੈਅ ਕਰ ਦਿੱਤੀ ਗਈ ਸੀ। ਇਸ ਨਵੇਂ ਨਿਯਮ ਤਹਿਤ ਟੂ-ਵ੍ਹੀਲਰ (ਬਾਈਕ ਅਤੇ ਸਕੂਟੀ) ਵਿੱਚ ਇੱਕ ਵਾਰ ਵਿੱਚ ਵੱਧ ਤੋਂ ਵੱਧ ₹500 ਅਤੇ ਫੋਰ-ਵ੍ਹੀਲਰ (ਕਾਰਾਂ) ਵਿੱਚ ਸਿਰਫ਼ ₹1500 ਤੱਕ ਦਾ ਹੀ ਪੈਟਰੋਲ ਜਾਂ ਡੀਜ਼ਲ ਦਿੱਤਾ ਜਾ ਰਿਹਾ ਸੀ।

ਕੀ ਹੈ ਪੋਸਟਰ ਪਿੱਛੇ ਦੀ ਅਸਲ ਵਜ੍ਹਾ?

ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਕਰੀਬ 47 ਪੈਟਰੋਲ ਪੰਪ ਹਨ, ਪਰ ਇਹ ਪੋਸਟਰ ਸਿਰਫ਼ ਸੈਕਟਰ-17 ਸਥਿਤ ਪੈਟਰੋਲ ਪੰਪ 'ਐੱਚ.ਜੀ. ਪੈਟਰੋ ਕੇਅਰ' (HG Petro Care) 'ਤੇ ਹੀ ਲਗਾਇਆ ਗਿਆ ਸੀ।

ਪੰਪ ਦੇ ਮੁਲਾਜ਼ਮ ਉਜਾਗਰ ਸਿੰਘ ਨੇ ਮੀਡੀਆ ਨੂੰ ਦੱਸਿਆ, "ਸਾਡੇ ਕੋਲ ਪਿੱਛੋਂ ਸਪਲਾਈ ਡਿਪੂ ਤੋਂ ਪੈਟਰੋਲ ਦੀ ਆਮਦ ਘੱਟ ਹੋ ਰਹੀ ਹੈ। ਸਾਡੀ ਕੋਸ਼ਿਸ਼ ਸੀ ਕਿ ਤੇਲ ਦੀ ਕਿੱਲਤ ਨਾ ਹੋਵੇ ਅਤੇ ਸਾਰੇ ਗਾਹਕਾਂ ਨੂੰ ਲੋੜ ਮੁਤਾਬਕ ਤੇਲ ਮਿਲ ਸਕੇ। ਇਸੇ ਕਰਕੇ ਅੱਜ ਸਵੇਰ ਤੋਂ ਇਹ ਫ਼ੈਸਲਾ ਲਾਗੂ ਕਰਕੇ ਪੰਪ ਦੇ ਬਾਹਰ ਲਿਖ ਕੇ ਲਗਾ ਦਿੱਤਾ ਗਿਆ ਸੀ।"

ਜਨਤਾ ਦੀ ਮਿਲੀ-ਜੁਲੀ ਪ੍ਰਤੀਕਿਰਿਆ

ਗੱਡੀ ਵਿੱਚ ਪੈਟਰੋਲ ਪਵਾਉਣ ਆਏ ਇੱਕ ਸਥਾਨਕ ਨਿਵਾਸੀ ਨੇ ਇਸ ਫ਼ੈਸਲੇ ਦਾ ਸਮਰਥਨ ਕਰਦਿਆਂ ਕਿਹਾ, "ਪੈਟਰੋਲ 'ਤੇ ₹1500 ਦੀ ਕੈਪਿੰਗ (ਸੀਮਾ) ਲਗਾਉਣ ਦਾ ਫ਼ੈਸਲਾ ਸਹੀ ਹੈ। ਜਦੋਂ ਗੱਡੀ ਵਿੱਚ ਸੀਮਤ ਤੇਲ ਹੋਵੇਗਾ, ਤਾਂ ਲੋਕ ਬਿਨਾਂ ਵਜ੍ਹਾ ਵਾਹਨ ਨਹੀਂ ਘੁਮਾਉਣਗੇ। ਇਸ ਨਾਲ ਆਮ ਲੋਕਾਂ ਦਾ ਹੀ ਫਾਇਦਾ ਹੋਵੇਗਾ।"

'GTC ਨਿਊਜ਼' ਦੀ ਖ਼ਬਰ ਦਾ ਵੱਡਾ ਅਸਰ, ਪੋਸਟਰ ਪਾੜਿਆ

ਗਰਾਊਂਡ ਜ਼ੀਰੋ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ, ਇਹ ਫ਼ੈਸਲਾ ਪ੍ਰਸ਼ਾਸਨ ਵੱਲੋਂ ਨਹੀਂ, ਬਲਕਿ ਸਬੰਧਿਤ ਪੰਪ ਵੱਲੋਂ ਸਪਲਾਈ ਦੀ ਦੇਰੀ ਕਾਰਨ ਨਿੱਜੀ ਤੌਰ 'ਤੇ ਲਿਆ ਗਿਆ ਸੀ।

ਜਿਵੇਂ ਹੀ 'GTC ਨਿਊਜ਼' ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ, ਤਾਂ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਮਾਮਲਾ ਸੁਰਖੀਆਂ ਵਿੱਚ ਆਉਣ ਤੋਂ ਤੁਰੰਤ ਬਾਅਦ ਪੈਟਰੋਲ ਪੰਪ ਦੇ ਮੈਨੇਜਰ ਨੇ ਮੌਕੇ 'ਤੇ ਹੀ ਉਸ ਪੋਸਟਰ ਨੂੰ ਪਾੜ ਦਿੱਤਾ, ਜਿਸ 'ਤੇ ₹500 ਅਤੇ ₹1500 ਦੀ ਲਿਮਟ ਲਿਖੀ ਹੋਈ ਸੀ।

ਲੋਕਾਂ ਨੂੰ ਅਪੀਲ: ਚੰਡੀਗੜ੍ਹ ਦੇ ਬਾਕੀ ਸਾਰੇ ਪੈਟਰੋਲ ਪੰਪਾਂ 'ਤੇ ਰੋਜ਼ਾਨਾ ਦੀ ਤਰ੍ਹਾਂ ਆਮ ਵਾਂਗ ਹੀ ਤੇਲ ਮਿਲ ਰਿਹਾ ਹੈ। ਇਸ ਲਈ ਸ਼ਹਿਰ ਵਾਸੀਆਂ ਨੂੰ ਘਬਰਾਉਣ (ਪੈਨਿਕ ਹੋਣ) ਜਾਂ ਅਫ਼ਵਾਹਾਂ 'ਤੇ ਯਕੀਨ ਕਰਨ ਦੀ ਬਿਲਕੁਲ ਲੋੜ ਨਹੀਂ ਹੈ।


Related Post

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: 44 ਸਾਲ ਪੁਰਾਣੇ ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਣੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ…
CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ, ਜਾਣੋ ਪੂਰਾ ਮਾਮਲਾ
ਅਮਰਜੀਤ ਚਾਵਲਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਪੰਜਾਬ ਪੁਲਿਸ ਨੇ ਜਾਂਚ ਲਈ SIT ਦਾ ਕੀਤਾ ਗਠਨ
ਪੰਜਾਬ ‘ਚ ਮੌਸਮ ਹੋਇਆ ਸੁਹਾਵਨਾ! ਅੱਜ 12 ਜ਼ਿਲ੍ਹਿਆਂ 'ਚ ਮੀਂਹ ਅਤੇ ਗੜ੍ਹੇਮਾਰੀ ਦੀ ਚੇਤਾਵਨੀ, ਡਿੱਗਿਆ ਤਾਪਮਾਨ
ਗਮਾਡਾ ਦਫ਼ਤਰ ’ਤੇ ਛਾਪੇਮਾਰੀ ਦਾ ਮਾਮਲਾ: ਹਾਈ ਕੋਰਟ ਨੇ ED ਨੂੰ ਜਾਰੀ ਕੀਤਾ ਨੋਟਿਸ, ਬਿਨਾਂ ਸਰਚ ਵਾਰੰਟ ਤਲਾਸ਼ੀ ਲੈਣ ਦਾ ਲੱਗਿਆ ਦੋਸ਼
ਕਿਸਮਤ ਹੋਈ ਮਿਹਰਬਾਨ! ਫੜੀ ਲਗਾ ਕੇ ਪਰਿਵਾਰ ਪਾਲਦੇ ਬਜ਼ੁਰਗ ਦੀ ਚਮਕੀ ਕਿਸਮਤ, 21 ਲੱਖ ਰੁਪਏ ਦੀ ਨਿਕਲੀ ਲਾਟਰੀ

© Copyright Galactic Television & Communications Pvt. Ltd. 2026. All rights reserved.