CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ ਨਗਰ ਨਿਗਮ ਵਿੱਚ ਡੰਪਿੰਗ ਗਰਾਊਂਡ ਦੀ ਸਫ਼ਾਈ ਅਤੇ ਕੂੜਾ ਚੁੱਕਣ ਦੇ ਨਾਂ 'ਤੇ ਚੱਲ ਰਹੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਵੱਡੀ ਕਾਰਵਾਈ ਕੀਤੀ ਹੈ।

By:  Lajwinder Kaur October 8th 2026 01:34 PM -- Updated: October 8th 2026 01:38 PM

ਚੰਡੀਗੜ੍ਹ ਨਗਰ ਨਿਗਮ ਵਿੱਚ ਡੰਪਿੰਗ ਗਰਾਊਂਡ ਦੀ ਸਫ਼ਾਈ ਅਤੇ ਕੂੜਾ ਚੁੱਕਣ ਦੇ ਨਾਂ 'ਤੇ ਚੱਲ ਰਹੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸ਼ਕਤੀ ਸ਼ਰਮਾ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਗ੍ਰਿਫ਼ਤਾਰੀ ਸੈਕਟਰ-11 ਦੀ ਮਾਰਕੀਟ ਵਿੱਚ ਇੱਕ ਕਾਰ ਦੇ ਅੰਦਰ ਕੀਤੀ ਗਈ ਹੈ।

ਬਕਾਇਆ ਪੇਮੈਂਟ ਜਾਰੀ ਕਰਨ ਬਦਲੇ ਮੰਗੀ ਸੀ 14 ਲੱਖ ਦੀ ਰਿਸ਼ਵਤ  

ਜਾਣਕਾਰੀ ਮੁਤਾਬਕ, ਡੰਪਿੰਗ ਗਰਾਊਂਡ ਵਿੱਚ ਜੇਸੀਬੀ (JCB) ਮਸ਼ੀਨਾਂ ਰਾਹੀਂ ਕੂੜਾ ਚੁੱਕਣ ਦਾ ਕੰਮ ਕਰ ਰਹੇ ਠੇਕੇਦਾਰ ਪ੍ਰਸ਼ਾਂਤ ਤੋਂ ਉਸਦੀ ਬਕਾਇਆ ਪੇਮੈਂਟ ਜਾਰੀ ਕਰਨ ਦੇ ਬਦਲੇ 14 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। 

ਮੁਲਜ਼ਮ ਸੈਨੇਟਰੀ ਇੰਸਪੈਕਟਰ ਵੱਲੋਂ ਠੇਕੇਦਾਰ ਨੂੰ ਹਰ ਮਹੀਨੇ 1 ਲੱਖ ਰੁਪਏ ਦੇਣ ਲਈ ਵੀ ਦਬਾਅ ਪਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਠੇਕੇਦਾਰ ਦਾ ਹਰ ਮਹੀਨੇ ਕਰੀਬ 10 ਲੱਖ ਰੁਪਏ ਦਾ ਬਿੱਲ ਬਣਦਾ ਸੀ, ਜਿਸ ਵਿੱਚੋਂ ਇਹ ਮੋਟੀ ਰਿਸ਼ਵਤ ਮੰਗੀ ਗਈ ਸੀ। ਇਸ ਤੋਂ ਪਰੇਸ਼ਾਨ ਹੋ ਕੇ ਠੇਕੇਦਾਰ ਨੇ ਇਸ ਮਾਮਲੇ ਦੀ ਸੂਚਨਾ ਸੀਬੀਆਈ ਨੂੰ ਦਿੱਤੀ, ਜਿਸ ਤੋਂ ਬਾਅਦ ਏਜੰਸੀ ਨੇ ਯੋਜਨਾਬੱਧ ਤਰੀਕੇ ਨਾਲ ਟਰੈਪ ਲਗਾ ਕੇ ਇਸ ਪੂਰੇ ਘਪਲੇ ਦਾ ਪਰਦਾਫਾਸ਼ ਕਰ ਦਿੱਤਾ।

ਨਿਗਮ ਦੇ ਹੋਰ ਵੱਡੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਸ਼ੱਕ 

ਸੀਬੀਆਈ ਸੂਤਰਾਂ ਦਾ ਮੰਨਣਾ ਹੈ ਕਿ ਰਿਸ਼ਵਤਖ਼ੋਰੀ ਦਾ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਤੱਕ ਸੀਮਤ ਨਹੀਂ ਹੈ, ਸਗੋਂ ਇਸ ਵਿੱਚ ਨਗਰ ਨਿਗਮ ਦੇ ਕਈ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ। ਜਾਂਚ ਏਜੰਸੀ ਵੱਲੋਂ ਸੈਨੇਟਰੀ ਵਿੰਗ ਦੇ ਨਾਲ-ਨਾਲ ਐਮ.ਓ.ਐਚ. (MOH) ਅਤੇ ਇੰਜੀਨੀਅਰਿੰਗ ਵਿਭਾਗ ਦੇ ਕਈ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਚੀਫ਼ ਸੈਨੇਟਰੀ ਇੰਸਪੈਕਟਰ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਹੈ।  

© Copyright Galactic Television & Communications Pvt. Ltd. 2026. All rights reserved.