ਪੰਜਾਬ 'ਚ ਰੇਲਵੇ ਟ੍ਰੈਕ 'ਤੇ ਜ਼ੋਰਦਾਰ ਧਮਾਕਾ, ਟੁੱਟੀ ਪਟੜੀ, ਨੇੜਿਓਂ ਮਿਲੀ ਚੀਥੜੇ ਉੱਡੀ ਲਾਸ਼, ਇਲਾਕੇ ‘ਚ ਸਹਿਮ ਦਾ ਮਾਹੌਲ

By:  Lajwinder Kaur April 28th 2026 10:53 AM -- Updated: April 28th 2026 11:07 AM

ਅੰਬਾਲਾ-ਅੰਮ੍ਰਿਤਸਰ ਰੇਲ ਫ੍ਰੇਟ ਕੋਰੀਡੋਰ ਲਾਈਨ 'ਤੇ ਸੋਮਵਾਰ ਰਾਤ ਕਰੀਬ ਸਾਢੇ 8 ਵਜੇ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਜ਼ੋਰਦਾਰ IED ਧਮਾਕਾ ਹੋਇਆ। ਇਸ ਧਮਾਕੇ ਕਾਰਨ ਰੇਲਵੇ ਪਟੜੀ ਟੁੱਟ ਗਈ ਅਤੇ ਘਟਨਾ ਵਾਲੀ ਥਾਂ ਤੋਂ ਇੱਕ ਅਣਪਛਾਤੀ ਲਾਸ਼ ਵੀ ਬਰਾਮਦ ਹੋਈ ਹੈ, ਜਿਸ ਦੇ ਚੀਥੜੇ ਉੱਡ ਚੁੱਕੇ ਸਨ। ਲਾਸ਼ ਦੇ ਟੁਕੜੇ ਕੋਲੋਂ ਇੱਕ ਪੱਗ ਵੀ ਮਿਲੀ ਹੈ, ਇਸ ਤੋਂ ਇਲਾਵਾ ਟ੍ਰੈਕ ਉੱਤੇ ਵਾਲਾਂ ਦਾ ਗੁੱਛਾ ਵੀ ਮਿਲਿਆ, ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਕੁਝ ਸਮਾਂ ਪਹਿਲਾਂ ਹੀ ਰੇਲਵੇ ਲਾਈਨਾਂ ਨੂੰ ਲੈ ਕੇ ਸੁਰੱਖਿਆ ਸਬੰਧੀ ਧਮਕੀ ਮਿਲੀ ਸੀ, ਪਰ ਦੋਸ਼ ਹੈ ਕਿ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸੂਚਨਾ ਮਿਲਦੇ ਹੀ ਜੀ.ਆਰ.ਪੀ., ਆਰ.ਪੀ.ਐਫ. ਅਤੇ ਪੰਜਾਬ ਪੁਲਿਸ ਸਮੇਤ ਕਈ ਜਾਂਚ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ ਮੰਨਣਾ ਹੈ ਕਿ ਇਹ ਵਿਅਕਤੀ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਦੇ ਇਰਾਦੇ ਨਾਲ ਆਇਆ ਸੀ, ਪਰ ਬਲਾਸਟ ਦੌਰਾਨ ਉਹ ਖੁਦ ਵੀ ਉਸ ਦੀ ਲਪੇਟ ਵਿੱਚ ਆ ਗਿਆ ਅਤੇ ਮਾਰਿਆ ਗਿਆ। ਸਥਾਨਕ ਪੁਲਿਸ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਇੱਕ ਬਹੁਤ ਹੀ ਗੰਭੀਰ ਅਤੇ ਵੱਡੀ ਘਟਨਾ ਹੈ, ਜਿਸ ਕਾਰਨ ਹੁਣ ਕੇਂਦਰੀ ਸੁਰੱਖਿਆ ਏਜੰਸੀਆਂ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਰਹੀਆਂ ਹਨ ਤਾਂ ਜੋ ਇਸ ਸਾਜ਼ਿਸ਼ ਦੀਆਂ ਪਰਤਾਂ ਖੋਲ੍ਹੀਆਂ ਜਾ ਸਕਣ।

ਪੁਲਿਸ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ, ਘਟਨਾ ਵਾਲੀ ਥਾਂ ਦੇ ਨੇੜਿਓਂ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੇ ਨੰਬਰ ਉੱਤਰ ਪ੍ਰਦੇਸ਼ (UP) ਅਤੇ ਹਰਿਆਣਾ ਦੇ ਦੱਸੇ ਜਾ ਰਹੇ ਹਨ। ਪੁਲਿਸ ਹੁਣ ਇਨ੍ਹਾਂ ਵਾਹਨਾਂ ਦੇ ਮਾਲਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਇਸ ਘਟਨਾ ਨਾਲ ਸਬੰਧਾਂ ਦੀ ਪੜਤਾਲ ਵਿੱਚ ਜੁਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ 'ਤੇ ਇਹ ਧਮਾਕਾ ਹੋਇਆ, ਉਹ ਹਰਿਆਣਾ ਦੀ ਸਰਹੱਦ ਦੇ ਨੇੜੇ ਪੈਂਦਾ ਇੱਕ ਬੇਹੱਦ ਸੁੰਨਸਾਨ ਇਲਾਕਾ ਹੈ।

ਐਸਐਸਪੀ ਨੇ ਦਿੱਤੀ ਇਹ ਜਾਣਕਾਰੀ

ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਦੇਰ ਰਾਤ ਪਟਿਆਲਾ ਪੁਲਿਸ ਨੂੰ ਸ਼ੰਭੂ-ਹਰਿਆਣਾ ਸਰਹੱਦ ਦੇ ਨੇੜੇ ਰੇਲਵੇ ਟ੍ਰੈਕ 'ਤੇ ਇੱਕ ਘੱਟ ਤੀਬਰਤਾ ਵਾਲੇ ਧਮਾਕੇ (ਲੋ ਇੰਟੈਂਸਿਟੀ ਐਕਸਪਲੋਜ਼ਨ) ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਖ਼ਬਰ ਮਿਲਦੇ ਹੀ ਡੀਆਈਜੀ ਪਟਿਆਲਾ ਰੇਂਜ ਅਤੇ ਹੋਰ ਸੀਨੀਅਰ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ ਸਨ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ।

ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕੇ ਦਾ ਮੁਆਇਨਾ ਕਰਨ 'ਤੇ ਪਤਾ ਲੱਗਿਆ ਹੈ ਕਿ ਇਹ ਸਿਰਫ਼ ਇੱਕ ਸਾਧਾਰਨ ਧਮਾਕਾ ਨਹੀਂ ਸੀ, ਸਗੋਂ ਵੱਡਾ ਬੰਬ ਧਮਾਕਾ ਕਰਨ ਦੀ ਇੱਕ ਕੋਸ਼ਿਸ਼ (ਅਟੈਂਪਟਡ ਡਿਟੋਨੇਸ਼ਨ) ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਿਹੜਾ ਵਿਅਕਤੀ ਇਸ ਧਮਾਕੇ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਖੁਦ ਇਸ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਦੀ ਲਾਸ਼ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ।

ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਹੋਰ ਵਿਅਕਤੀ ਦੀ ਜਾਨ ਜਾਂ ਸੰਪਤੀ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇੱਕ ਸਿਮ ਕਾਰਡ ਸਮੇਤ ਹੋਰ ਕਈ ਅਹਿਮ ਸਬੂਤ ਬਰਾਮਦ ਕੀਤੇ ਹਨ। ਇਸ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਕਾਰਵਾਈ ਵਿੱਚ ਜੀ.ਆਰ.ਪੀ., ਪੀ.ਐਫ. ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ ਸੁਰੱਖਿਆ ਸਬੰਧੀ ਮਿਲੀ ਧਮਕੀ ਨੂੰ ਹਲਕੇ ਵਿੱਚ ਲੈਣ ਦੇ ਇਲਜ਼ਾਮ ਲੱਗ ਰਹੇ ਹਨ। ਦਰਅਸਲ, ਇੱਕ ਹਫ਼ਤਾ ਪਹਿਲਾਂ ਇੱਕ ਅਣਪਛਾਤੀ ਈਮੇਲ ਰਾਹੀਂ ਪੰਜਾਬ ਅਤੇ ਹਰਿਆਣਾ ਵਿੱਚ ਰੇਲਵੇ ਟ੍ਰੈਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਈਮੇਲ ਵਿੱਚ ਬਾਕਾਇਦਾ 24 ਅਪ੍ਰੈਲ ਨੂੰ ਰਾਤ 8:11 ਵਜੇ ਅੰਬਾਲਾ ਤੋਂ ਦਿੱਲੀ ਤੱਕ ਦੇ ਰੇਲਵੇ ਟ੍ਰੈਕਾਂ 'ਤੇ ਧਮਾਕੇ ਕਰਨ ਦੀ ਗੱਲ ਕਹੀ ਗਈ ਸੀ। ਇਸ ਤੋਂ ਇਲਾਵਾ ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਵੀ ਰੇਲਵੇ ਲਾਈਨਾਂ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਪਰ ਰੇਲਵੇ ਪੁਲਿਸ ਅਤੇ ਏਜੰਸੀਆਂ ਦੀ ਕਥਿਤ ਲਾਪਰਵਾਹੀ ਕਾਰਨ ਧਮਕੀ ਦੇਣ ਵਾਲਿਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ।

ਸੁਖਬੀਰ ਬਾਦਲ ਨੇ ਘੇਰਿਆ ਸੂਬਾ ਸਰਕਾਰ ਨੂੰ

ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟਾਉਂਦਿਆਂ 'X' (ਪਹਿਲਾਂ ਟਵਿੱਟਰ) 'ਤੇ ਲਿਖਿਆ ਕਿ ਉਹ ਸ਼ੰਭੂ ਨੇੜੇ ਦਿੱਲੀ-ਰਾਜਪੁਰਾ ਰੇਲਵੇ ਟ੍ਰੈਕ 'ਤੇ ਹੋਏ ਇਸ ਕਾਇਰਾਨਾ ਧਮਾਕੇ ਦੀ ਸਖ਼ਤ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੁਝ ਦਿਨ ਪਹਿਲਾਂ ਖਾਸ ਚੇਤਾਵਨੀ ਮਿਲਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਬਾਦਲ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੁਲਿਸ ਥਾਣਿਆਂ 'ਤੇ ਹੋਏ ਧਮਾਕਿਆਂ ਅਤੇ ਸੂਬਾ ਖ਼ੁਫ਼ੀਆ ਹੈੱਡਕੁਆਰਟਰ 'ਤੇ ਆਰਪੀਜੀ ਹਮਲੇ ਤੋਂ ਬਾਅਦ ਹੁਣ ਇਹ ਘਟਨਾ ਵਾਪਰਨਾ ਸਰਕਾਰ ਦੇ ਲਾਪਰਵਾਹ ਰਵੱਈਏ ਨੂੰ ਦਰਸਾਉਂਦਾ ਹੈ, ਜੋ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧੱਕ ਰਿਹਾ ਹੈ।

ਉਨ੍ਹਾਂ ਨੇ ਅੱਗੇ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਉਨ੍ਹਾਂ ਨੂੰ ਆਪਣੀ ਗੂੜ੍ਹੀ ਨੀਂਦ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਅਹਿਮ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਇਹ ਲਾਪਰਵਾਹ ਰਵੱਈਆ ਪੰਜਾਬ ਨੂੰ ਮੁੜ ਪੁਰਾਣੇ ਕਾਲੇ ਦੌਰ ਵੱਲ ਧੱਕ ਰਿਹਾ ਹੈ, ਜੋ ਕਿ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ।


Related Post

CM ਮਾਨ ਦਾ ਵੱਡਾ ਐਲਾਨ: 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਅਗਲੇ 3 ਮਹੀਨਿਆਂ ਦੀ ਰਕਮ ਆਵੇਗੀ
ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਤੇ ਅਕਾਲੀ ਦਲ (PS) ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਸਾਥੀਆਂ ਸਮੇਤ ‘ਆਪ’ 'ਚ ਸ਼ਾਮਲ
ਸਾਬਕਾ IAS ਅਧਿਕਾਰੀ ਅਤੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਦਾ ਦੇਹਾਂਤ; ਦੇਹ PGI ਨੂੰ ਦਾਨ
ਅੱਜ ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ: ਕੱਲ੍ਹ ਤੋਂ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਤਾਪਮਾਨ 'ਚ ਠੰਢਕ; ਮਾਨਸੂਨ ਪੈਣ ਲੱਗਾ ਕਮਜ਼ੋਰ
ਪੰਜਾਬੀ ਦੇਣ ਧਿਆਨ! PRTC-ਪਨਬਸ ਯੂਨੀਅਨ ਦਾ ਵੱਡਾ ਐਲਾਨ, ਇਸ ਦਿਨ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ….
ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਕੜਵਾਹਟ ਹੋਈ ਦੂਰ: DA 'ਤੇ ਬਣੀ ਸਹਿਮਤੀ, ਜਾਣੋ ਕਿੰਨੇ ਫੀਸਦੀ ਮਿਲੇਗਾ ਮਹਿੰਗਾਈ ਭੱਤਾ

© Copyright Galactic Television & Communications Pvt. Ltd. 2026. All rights reserved.