ਪੰਜਾਬ ਅਤੇ ਚੰਡੀਗੜ੍ਹ ‘ਚ ਅੱਜ ਹੋਵੇਗਾ ਬਲੈਕਆਊਟ; ਲਾਈਟਾਂ ਬੰਦ ਰੱਖਣ ਦੇ ਨਿਰਦੇਸ਼; ਵੱਜਣਗੇ ਏਅਰ ਰੇਡ ਸਾਇਰਨ
ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਿਵਲ ਡਿਫੈਂਸ ਵੱਲੋਂ ਮੌਕ ਡਰਿੱਲ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਹੋ ਰਹੇ ਇਸ ਅਭਿਆਸ ਦੌਰਾਨ ਬਲੈਕਆਊਟ ਕੀਤਾ ਜਾਵੇਗਾ ਅਤੇ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ।
ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਿਵਲ ਡਿਫੈਂਸ ਵੱਲੋਂ ਮੌਕ ਡਰਿੱਲ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਹੋ ਰਹੇ ਇਸ ਅਭਿਆਸ ਦੌਰਾਨ ਬਲੈਕਆਊਟ ਕੀਤਾ ਜਾਵੇਗਾ ਅਤੇ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ।
ਸਮਾਂ ਅਤੇ ਬਲੈਕਆਊਟ ਦਾ ਵੇਰਵਾ
ਚੰਡੀਗੜ੍ਹ: ਸ਼ਹਿਰ ਦੀਆਂ 35 ਚੁਣੀਆਂ ਹੋਈਆਂ ਥਾਵਾਂ 'ਤੇ ਸ਼ਾਮ 7:00 ਵਜੇ ਮੌਕ ਡਰਿੱਲ ਸ਼ੁਰੂ ਹੋਵੇਗੀ ਅਤੇ ਇੱਥੇ 20 ਮਿੰਟ ਤੱਕ ਬਲੈਕਆਊਟ ਰਹੇਗਾ।
ਪੰਜਾਬ: ਸੂਬੇ ਦੇ ਚੁਣੇ ਹੋਏ ਖੇਤਰਾਂ ਵਿੱਚ ਰਾਤ 8:00 ਵਜੇ ਮੌਕ ਡਰਿੱਲ ਸ਼ੁਰੂ ਹੋਵੇਗੀ ਅਤੇ 15 ਮਿੰਟ ਤੱਕ ਬਲੈਕਆਊਟ ਕੀਤਾ ਜਾਵੇਗਾ।
ਆਮ ਲੋਕਾਂ ਨੂੰ ਇਸ ਦੌਰਾਨ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ, ਹਾਲਾਂਕਿ ਜ਼ਰੂਰੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ।
ਕਿਵੇਂ ਹੋਵੇਗੀ ਮੌਕ ਡਰਿੱਲ?
ਅਭਿਆਸ ਦੀ ਸ਼ੁਰੂਆਤ ਵਿੱਚ 2 ਮਿੰਟ ਤੱਕ ਉੱਚੀ ਅਤੇ ਨੀਵੀਂ ਆਵਾਜ਼ (ਹਾਈ-ਲੋ ਪਿਚ) ਵਾਲਾ ਸਾਇਰਨ ਵਜੇਗਾ, ਜੋ ਹਵਾਈ ਹਮਲੇ ਦਾ ਸੰਕੇਤ ਹੋਵੇਗਾ। ਇਸ ਤੋਂ ਬਾਅਦ ਅਗਲੇ 20 ਮਿੰਟਾਂ ਤੱਕ ਪੁਲਿਸ, ਪੰਜਾਬ ਹੋਮਗਾਰਡ, ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਐਨ.ਸੀ.ਸੀ. (NCC) ਦੀਆਂ ਟੀਮਾਂ ਅੱਗ ਬੁਝਾਉਣ, ਤਲਾਸ਼ੀ ਅਤੇ ਬਚਾਅ ਕਾਰਜ, ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਅਤੇ ਟ੍ਰੈਫਿਕ ਕੰਟਰੋਲ ਕਰਨ ਦਾ ਅਭਿਆਸ ਕਰਨਗੀਆਂ। ਅਭਿਆਸ ਖ਼ਤਮ ਹੋਣ 'ਤੇ ਆਖ਼ਰ ਵਿੱਚ 2 ਮਿੰਟ ਤੱਕ ਲਗਾਤਾਰ ਉੱਚੀ ਆਵਾਜ਼ (ਹਾਈ ਪਿਚ) ਵਾਲਾ ਸਾਇਰਨ ਵਜਾਇਆ ਜਾਵੇਗਾ, ਜੋ 'ਆਲ ਕਲੀਅਰ' (ਸਭ ਠੀਕ ਹੋਣ) ਦਾ ਸੰਕੇਤ ਹੋਵੇਗਾ।
ਪ੍ਰਸ਼ਾਸਨ ਦੀ ਲੋਕਾਂ ਨੂੰ ਅਪੀਲ
ਪ੍ਰਸ਼ਾਸਨ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਸਾਇਰਨ ਦੀ ਆਵਾਜ਼ ਸੁਣ ਕੇ ਬਿਲਕੁਲ ਵੀ ਨਾ ਘਬਰਾਉਣ ਅਤੇ ਸ਼ਾਂਤੀ ਬਣਾਈ ਰੱਖਣ। ਲੋਕਾਂ ਨੂੰ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਦਾ ਪੂਰਾ ਸਹਿਯੋਗ ਕਰਨ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।